ਨਿੱਝਰ ਹੱਤਿਆ ਮਾਮਲੇ ਵਿੱਚ ਅਮਰੀਕਾ ਨੇ ਕੈਨੇਡਾ ਨੂੰ ਦਿੱਤੀ ਸੀ ਖੁਫ਼ੀਆ ਜਾਣਕਾਰੀ: ਨਿਊਯਾਰਕ ਟਾਈਮਜ਼

ਨਿੱਝਰ ਹੱਤਿਆ ਮਾਮਲੇ ਵਿੱਚ ਅਮਰੀਕਾ ਨੇ ਕੈਨੇਡਾ ਨੂੰ ਦਿੱਤੀ ਸੀ ਖੁਫ਼ੀਆ ਜਾਣਕਾਰੀ: ਨਿਊਯਾਰਕ ਟਾਈਮਜ਼

ਰੋਜ਼ਨਾਮਚੇ ਨੇ ਆਪਣੀ ਇਕ ਰਿਪੋਰਟ ’ਚ ਕੀਤਾ ਦਾਅਵਾ
ਵਾਸ਼ਿੰਗਟਨ- ਅਮਰੀਕਾ ਦੇ ਉੱਘੇ ਅਖ਼ਬਾਰ ‘ਦਿ ਨਿਊਯਾਰਕ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਮਾਮਲੇ ਵਿੱਚ ਅਮਰੀਕਾ ਨੇ ਕੈਨੇਡਾ ਨੂੰ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ। ਹਾਲਾਂਕਿ ਓਟਵਾ ਨੇ ਜਿਹੜੀ ਜਾਣਕਾਰੀ ਇਕੱਤਰ ਕੀਤੀ ਸੀ, ਉਹ ਵਧੇਰੇ ਠੋਸ ਸੀ ਤੇ ਉਸੇ ਦੇ ਅਧਾਰ ’ਤੇ ਕੈਨੇਡਾ ਨੇ ਭਾਰਤ ’ਤੇ ਦੋਸ਼ ਲਾਏ ਹਨ। ਭਾਰਤ ਹਾਲਾਂਕਿ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਨੂੰ ‘ਬੇਬੁਨਿਆਦ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਚੁੱਕਾ ਹੈ। ਟਰੂਡੋ ਦੇ ਦੋਸ਼ਾਂ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਟਕਰਾਅ ਸਿਖਰ ’ਤੇ ਹੈ। ਭਾਰਤ ਤੇ ਕੈਨੇਡਾ ਇਕ ਦੂਜੇ ਦੇ ਇਕ ਇਕ ਕੂਟਨੀਤਕ ਨੂੰ ਮੁਲਕ ਛੱਡਣ ਲਈ ਆਖ ਚੁੱਕੇ ਹਨ। ਭਾਰਤ ਨੇ ਜਿੱਥੇ ਕੈਨੇਡਾ ਵਿਚ ਵੀਜ਼ਾ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ, ਉਥੇ ਕੈਨੇਡਾ ਨੂੰ ਨਵੀਂ ਦਿੱਲੀ ਵਿਚਲੇ ਆਪਣੇ ਕੂਟਨੀਤਕਾਂ ਤੇ ਹੋਰ ਸਟਾਫ਼ ਦੀ ਨਫ਼ਰੀ ਘਟਾਉਣ ਲਈ ਵੀ ਕਿਹਾ ਹੈ। ਭਾਰਤ ਨੇ 2020 ਵਿੱਚ ਨਿੱਝਰ ਨੂੰ ਦਹਿਸ਼ਤਗਰਦ ਐਲਾਨਿਆ ਸੀ।

ਨਿਊਯਾਰਕ ਟਾਈਮਜ਼ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ, ‘‘ਨਿੱਝਰ ਦੀ ਹੱਤਿਆ ਤੋਂ ਬਾਅਦ, ਅਮਰੀਕੀ ਖੁਫੀਆ ਏਜੰਸੀਆਂ ਨੇ ਆਪਣੇ ਕੈਨੇਡੀਅਨ ਹਮਰੁਤਬਾ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਿਸ ਨਾਲ ਕੈਨੇਡਾ ਨੂੰ ਇਹ ਸਿੱਟਾ ਕੱਢਣ ਵਿੱਚ ਮਦਦ ਮਿਲੀ ਕਿ ਭਾਰਤ ਇਸ ਵਿੱਚ ਸ਼ਾਮਲ ਸੀ।’’ ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਕੈਨੇਡਿਆਈ ਅਧਿਕਾਰੀਆਂ ਨੇ ਭਾਰਤੀ ਕੂਟਨੀਤਕਾਂ ਦੀ ਗੱਲਬਾਤ ’ਤੇ ਨਜ਼ਰ ਰੱਖੀ ਤੇ ਇਹੀ ਉਹ ਸਬੂਤ, ਜਿਸ ਤੋਂ ਭਾਰਤ ਦੇ ਇਸ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਸੰਕੇਤ ਮਿਲਦਾ ਹੈ। ਕੈਨੇਡਾ ਵਿਚ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨੇ ਸੀਟੀਵੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, ‘‘ਫਾਈਵ ਆਈਜ਼ ਭਾਈਵਾਲਾਂ ਦਰਮਿਆਨ ਖੁਫੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’’, ਜਿਸ ਦੇ ਅਧਾਰ ’ਤੇ ਟਰੂਡੋ ਨੇ ਭਾਰਤ ਸਰਕਾਰ ਤੇ ਇਕ ਕੈਨੇਡਿਆਈ ਨਾਗਰਿਕ ਦੀ ਹੱਤਿਆ ਦਰਮਿਆਨ ‘ਸੰਭਾਵੀ’ ਸਬੰਧ ਦੇ ਦੋਸ਼ ਨੂੰ ਲੈ ਕੇ ਜਨਤਕ ਬਿਆਨ ਦਿੱਤਾ।