ਨਿਹੰਗ ਜਥੇਬੰਦੀ ਤਰਨਾ ਦਲ ਦਾ ਵਫਦ ਅਕਾਲ ਤਖ਼ਤ ਪੁੱਜਿਆ

ਨਿਹੰਗ ਜਥੇਬੰਦੀ ਤਰਨਾ ਦਲ ਦਾ ਵਫਦ ਅਕਾਲ ਤਖ਼ਤ ਪੁੱਜਿਆ

ਅੰਮ੍ਰਿਤਸਰ- ਨਿਹੰਗ ਜਥੇਬੰਦੀ ਮਿਸਲ ਗੁਰੂ ਹਰਗੋਬਿੰਦ ਸਾਹਿਬ ਤਰਨਾ ਦਲ ਮਹਿਤਾ ਚੌਕ ਦੇ ਇਕ ਵਫਦ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਇੱਕ ਪੱਤਰ ਦੇ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਡੇਰਾ ਅਤੇ ਹੋਰ ਛਾਉਣੀਆਂ ਦਮਦਮੀ ਟਕਸਾਲ ਦੇ ਕਬਜ਼ੇ ਤੋਂ ਮੁਕਤ ਕਰਵਾਈਆਂ ਜਾਣ।

ਇਹ ਪੱਤਰ ਜਥੇਦਾਰ ਬਲਵਿੰਦਰ ਸਿੰਘ ਤੇ ਹੋਰਨਾਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਦੇ ਨਿੱਜੀ ਸਕੱਤਰ ਜਸਪਾਲ ਸਿੰਘ ਨੂੰ ਸੌਂਪਿਆ ਗਿਆ ਹੈ। ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਮੁਖੀ ਬਾਬਾ ਸੁੱਖਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਸਮੱਸਿਆ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲ ਚਲਾਣੇ ਤੋਂ ਬਾਅਦ ਜਥੇਦਾਰ ਵਜੋਂ ਬਾਬਾ ਤਰਸੇਮ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਸੀ ਪਰ ਉਸ ਵੇਲੇ ਪੁਲੀਸ ਨੇ ਜਬਰੀ ਗੁਰਦੁਆਰਾ ਕੈਂਪਸ ਖਾਲੀ ਕਰਵਾ ਲਿਆ ਸੀ। ਅਖੰਡ ਪਾਠ ਦੇ ਭੋਗ ਵੇਲੇ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਅਜੀਤ ਸਿੰਘ ਕਠਾਰੀਆ ਦੀ ਦਸਤਾਰ ਬੰਦੀ ਕਰ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਅਕਤੀ ਦਾ ਨਿਹੰਗ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ।

ਉਨ੍ਹਾਂ ਇਸ ਮਾਮਲੇ ਵਿੱਚ ਜਥੇਬੰਦੀ ਦੇ ਡੇਰੇ ਅਤੇ ਛਾਉਣੀ ਮੁਕਤ ਕਰਵਾਉਣ ਦੀ ਅਪੀਲ ਕੀਤੀ ਹੈ। ਅਕਾਲ ਤਖ਼ਤ ਦੇ ਜਥੇਦਾਰ ਦੇ ਨਿਜੀ ਸਕੱਤਰ ਜਸਪਾਲ ਸਿੰਘ ਨੇ ਕਿਹਾ ਕਿ ਇਹ ਪੱਤਰ ਪ੍ਰਾਪਤ ਕਰ ਲਿਆ ਹੈ ਅਤੇ ਇਸ ਨੂੰ ਅਗਲੇਰੀ ਕਾਰਵਾਈ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪ ਦੇਣਗੇ।