ਨਿਸ਼ਾਨੇਬਾਜ਼ੀ: ਵਰੁਣ ਤੇ ਈਸ਼ਾ ਨੇ ਓਲੰਪਿਕ ਕੋਟਾ ਹਾਸਲ ਕੀਤਾ

ਨਿਸ਼ਾਨੇਬਾਜ਼ੀ: ਵਰੁਣ ਤੇ ਈਸ਼ਾ ਨੇ ਓਲੰਪਿਕ ਕੋਟਾ ਹਾਸਲ ਕੀਤਾ

ਏਸ਼ਿਆਈ ਕੁਆਲੀਫਾਇਰ ਦੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ; ਟੀਮ ਮੁਕਾਬਲਿਆਂ ਵਿੱਚ ਵੀ ਦੋ ਸੋਨ ਤਗਮੇ ਹਾਸਲ ਕੀਤੇ

ਜਕਾਰਤਾ- ਭਾਰਤੀ ਨਿਸ਼ਾਨੇਬਾਜ਼ ਵਰੁਣ ਤੋਮਰ ਅਤੇ ਈਸ਼ਾ ਸਿੰਘ ਨੇ ਅੱਜ ਇੱਥੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤ ਕੇ ਭਾਰਤ ਲਈ ਦੋ ਓਲੰਪਿਕ ਕੋਟੇ ਹਾਸਲ ਕੀਤੇ। ਇਸ ਤਰ੍ਹਾਂ ਭਾਰਤ ਦੇ ਨਿਸ਼ਾਨੇਬਾਜ਼ਾਂ ਨੇ ਪੈਰਿਸ ਖੇਡਾਂ ਲਈ 15 ਕੋਟਾ ਹਾਸਲ ਕਰ ਲਏ ਹਨ। ਭਾਰਤ ਨੇ ਇਸ ਮਹਾਦੀਪੀ ਮੁਕਾਬਲੇ ਦੇ ਪਹਿਲੇ ਦਿਨ ਦੋ ਟੀਮ ਸੋਨ ਤਗ਼ਮਿਆਂ ਸਮੇਤ ਕੁੱਲ ਛੇ ਤਗ਼ਮਿਆਂ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। 20 ਸਾਲਾ ਤੋਮਰ ਨੇ ਫਾਈਨਲ ਵਿੱਚ 239.6 ਦੇ ਸਕੋਰ ਨਾਲ ਸਿਖਰਲਾ ਸਥਾਨ ਹਾਸਲ ਕੀਤਾ ਜਦਕਿ ਉਸ ਦੇ ਹਮਵਤਨ ਅਰਜੁਨ ਚੀਮਾ ਨੇ 237.3 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਮੰਗੋਲੀਆ ਦੇ ਦੇਵਾਖੂ ਐਨਖਤਾਇਵਾਨ (217.2) ਨੇ ਕਾਂਸੇ ਦਾ ਤਗ਼ਮਾ ਜਿੱਤਿਆ।

ਇਸ ਤੋਂ ਪਹਿਲਾਂ ਤੋਮਰ (586), ਅਰਜੁਨ (579) ਅਤੇ ਉੱਜਵਲ ਮਲਿਕ (575) ਦੀ ਭਾਰਤੀ ਟੀਮ ਕੁੱਲ 1740 ਅੰਕਾਂ ਨਾਲ ਟੀਮ ਈਵੈਂਟ ਵਿੱਚ ਸਿਖਰ ’ਤੇ ਰਹੀ ਸੀ। ਇਰਾਨ ਅਤੇ ਕੋਰੀਆ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤੇ। ਮਹਿਲਾ ਵਰਗ ਵਿੱਚ 18 ਸਾਲਾ ਈਸ਼ਾ ਨੇ ਫਾਈਨਲ ਵਿੱਚ 243.1 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਪਾਕਿਸਤਾਨ ਦੀ ਕਿਸ਼ਮਾਲਾ ਤਲਤ (236.3) ਨੇ ਚਾਂਦੀ ਦਾ ਤਗ਼ਮਾ ਜਦੋਂਕਿ ਈਸ਼ਾ ਦੀ ਹਮਵਤਨ ਰਿਦਮ ਸਾਂਗਵਾਨ (214.5) ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਈਸ਼ਾ, ਰਿਦਮ ਅਤੇ ਸੁਰਭੀ ਰਾਓ ਦੀ ਭਾਰਤੀ ਤਿਕੜੀ ਨੇ ਵੀ ਟੀਮ ਈਵੈਂਟ ਵਿੱਚ ਕੁੱਲ 1736 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਈਸ਼ਾ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਅਤੇ 25 ਮੀਟਰ ਪਿਸਟਲ ਟੀਮ ਨਾਲ ਸੋਨ ਤਗਮਾ ਜਿੱਤ ਚੁੱਕੀ ਹੈ।