ਨਿਸ਼ਾਨੇਬਾਜ਼ੀ: ਪੁਰਸ਼ ਰੈਪਿਡ ਫਾਇਰ ਕੌਮੀ ਚੈਂਪੀਅਨ ਬਣਿਆ ਅਭਿਨਵ ਚੌਧਰੀ

ਨਿਸ਼ਾਨੇਬਾਜ਼ੀ: ਪੁਰਸ਼ ਰੈਪਿਡ ਫਾਇਰ ਕੌਮੀ ਚੈਂਪੀਅਨ ਬਣਿਆ ਅਭਿਨਵ ਚੌਧਰੀ

ਭੋਪਾਲ- ਰਾਜਸਥਾਨ ਦੇ ਅਭਿਨਵ ਚੌਧਰੀ ਨੇ ਅੱਜ ਇੱਥੇ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਦਾ ਖ਼ਿਤਾਬ ਜਿੱਤਿਆ। ਅਭਿਨਵ ਨੇ ਐੱਮਪੀ ਸਟੇਟ ਸ਼ੂਟਿੰਗ ਅਕੈਡਮੀ ਰੇਂਜ ਵਿੱਚ ਹੋਏ ਫਾਈਨਲ ਦੌਰਾਨ 30 ਅੰਕਾਂ ਨਾਲ ਉੱਤਰ ਪ੍ਰਦੇਸ਼ ਦੇ ਅੰਕੁਰ ਗੋਇਲ ਨੂੰ ਪਛਾੜਿਆ, ਜਿਸ ਨੇ 26 ਅੰਕ ਜੋੜੇ। ਦਿੱਲੀ ਦਾ ਅਰਪਿਤ ਗੋਇਲ 21 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਅਭਿਨਵ ਨੇ ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਵਿੱਚ 584 ਅੰਕਾਂ ਨਾਲ ਸਿਖਰ ’ਤੇ ਰਹਿੰਦਿਆਂ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਜੂਨੀਅਰ ਪੁਰਸ਼ ਰੈਪਿਡ ਫਾਇਰ ਪਿਸਟਲ ਵਿੱਚ ਵਿਜੈਵੀਰ ਸਿੱਧੂ ਨੇ ਫਾਈਨਲ ਵਿੱਚ 28 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਵਾਲੇ ਹਰਿਆਣਾ ਦੇ ਅਨੀਸ਼ ਭਾਨਵਾਲਾ ਨੇ 25 ਅੰਕ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਹਾਲਾਂਕਿ ਅਨੀਸ਼ (578) ਨੇ ਸਮੀਰ (578) ਅਤੇ ਆਦਰਸ਼ ਸਿੰਘ (571) ਨਾਲ ਮਿਲ ਕੇ ਕੁੱਲ 1727 ਅੰਕਾਂ ਨਾਲ ਪੁਰਸ਼ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ। ਵਿਜੈਵੀਰ, ਉਸ ਦੇ ਜੌੜੇ ਭਰਾ ਉਦੈਵੀਰ ਅਤੇ ਰਾਜਕੰਵਰ ਜੂਨੀਅਰ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਆਪਣੇ ਨਾਂ ਕੀਤਾ।