ਨਿਸ਼ਾਨੇਬਾਜ਼ੀ: ਮੈਰਾਜ ਨੇ ਵਿਸ਼ਵ ਕੱਪ ’ਚ ਸੋਨ ਤਗਮਾ ਜਿੱਤ ਕੇ ਰਚਿਆ ਇਤਿਹਾਸ

ਨਿਸ਼ਾਨੇਬਾਜ਼ੀ: ਮੈਰਾਜ ਨੇ ਵਿਸ਼ਵ ਕੱਪ ’ਚ ਸੋਨ ਤਗਮਾ ਜਿੱਤ ਕੇ ਰਚਿਆ ਇਤਿਹਾਸ

ਚਾਂਗਵਨ: ਭਾਰਤੀ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖਾਨ ਨੇ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ ਸਕੀਟ ਮੁਕਾਬਲੇ ’ਚ ਦੇਸ਼ ਲਈ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 40 ਸ਼ਾਟ ਦੇ ਫਾਈਨਲ ਵਿੱਚ ਉੱਤਰ ਪ੍ਰਦੇਸ਼ ਦੇ 46 ਸਾਲਾ ਮੈਰਾਜ ਨੇ 37 ਅੰਕ ਬਣਾ ਕੇ ਕੋਰੀਆ ਦੇ ਮਿਨਸੂ ਕਿਮ (36) ਅਤੇ ਬ੍ਰਿਟੇਨ ਦੇ ਬੈਨ ਲੇਵੇਲਿਨ (26) ਨੂੰ ਹਰਾਇਆ। ਦੋ ਵਾਰ ਦੇ ਓਲੰਪੀਅਨ ਮੈਰਾਜ ਨੇ 2016 ਦੇ ਰੀਓ ਡੀ ਜਨੈਰੋ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਅੰਜੁਮ ਮੌਦਗਿਲ, ਆਸ਼ੀ ਚੌਕਸੀ ਅਤੇ ਸਿਫਤ ਕੌਰ ਸਮਰਾ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਟੀਮ ਈਵੈਂਟ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਉਨ੍ਹਾਂ ਆਸਟਰੀਆ ਦੀ ਤਿਕੜੀ ਨੂੰ 16-6 ਨਾਲ ਹਰਾਇਆ। ਭਾਰਤ ਅਜੇ ਵੀ 13 ਤਗਮਿਆਂ (ਪੰਜ ਸੋਨ, ਪੰਜ ਚਾਂਦੀ ਅਤੇ ਤਿੰਨ ਕਾਂਸੇ) ਨਾਲ ਸੂਚੀ ਵਿੱਚ ਸਿਖਰ ’ਤੇ ਹੈ।