ਨਿਡਰ ਨਿੱਧੜਕ ਦਲੇਰ ਸਿੱਖ ਹੱਕਾਂ ਲਈ ਬੋਲਣ ਵਾਲੇ ਪੱਤਰਕਾਰ ਸਰਦਾਰ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਸ਼ੱਕੀ ਹਾਲਤ ’ਚ ਮੌਤ

ਨਿਡਰ ਨਿੱਧੜਕ ਦਲੇਰ ਸਿੱਖ ਹੱਕਾਂ ਲਈ ਬੋਲਣ ਵਾਲੇ ਪੱਤਰਕਾਰ ਸਰਦਾਰ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਸ਼ੱਕੀ ਹਾਲਤ ’ਚ ਮੌਤ

ਸਰਦਾਰ ਸੈਣੀ ਦੀ ਮੌਤ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ
ਪਟਿਆਲਾ : ਪੱਤਰਕਾਰੀ ਵਿੱਚ ਸੋਸ਼ਲ ਮੀਡੀਆ ਤੇ ਵੀਡੀਓਜ਼ ਰਾਹੀਂ ਅਹਿਮ ਸਥਾਨ ਬਣਾਉਣ ਵਾਲੇ ਨਿੱਡਰ ਨਿੱਧੜਕ ਦਲੇਰ ਪੱਤਰਕਾਰ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਹੀ ਤਬੀਅਤ ਖਰਾਬ ਹੋਣ ਕਾਰਨ ਮੌਤ ਹੋ ਗਈ ਹੈ। ਉਹ ਪਟਿਆਲਾ ਵਿੱਚ ਰਹਿ ਰਹੇ ਸਨ ਤੇ ਉਨ੍ਹਾਂ ਦੇ ਸਹੁਰਾ ਪਰਿਵਾਰ ਦਾ ਘਰ ਵੀ ਪਟਿਆਲਾ ਦੇ ਤ੍ਰਿਪੜੀ ਇਲਾਕੇ ਵਿੱਚ ਹੈ।
ਤਿੰਨ ਚਾਰ ਦਿਨ ਪਹਿਲਾਂ ਹੀ ਉਸ ਨੂੰ ਬੁਖਾਰ ਜੁਕਾਮ ਆਦਿ ਹੋਇਆ ਸੀ। ਉਥੋਂ ਉਸ ਨੂੰ ਪਟਿਆਲਾ ਦੇ ਪ੍ਰਸਿੱਧ ਕੋਲੰਬੀਆ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਇਹ ਕਿਹਾ ਕਿ ਇਹ ਮੌਤ ਕਾਫੀ ਸਮਾਂ ਪਹਿਲਾਂ ਹੋ ਚੁੱਕੀ ਹੈ। ਉਸ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਸਕਾਰ ਹੋਵੇਗਾ।
ਇਸ ਤਰ੍ਹਾਂ ਸ਼ੱਕੀ ਜਿਹੇ ਹਾਲਾਤਾਂ ਵਿੱਚ ਹੋਈ ਮੌਤ ਦੇ ਕਾਰਨ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਲੱਗ ਸਕੇਗਾ।
ਕੁਝ ਲੋਕਾਂ ਦਾ ਕਹਿਣਾ ਹੈ ਕੀ ਉਨ੍ਹਾਂ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ। ਸਰਦਾਰ ਪ੍ਰੀਤ ਸਿੰਘ ਸੈਣੀ ਛੋਟੀ ਉਮਰ ਵਿੱਚ ਹੀ ਪੱਤਰਕਾਰੀ ਦੇ ਖੇਤਰ ਵਿੱਚ ਅਹਿਮ ਤੇ ਵੱਡੀਆਂ ਗੱਲਾਂ ਬਾਤਾਂ ਕਰਕੇ ਇਸ ਸੰਸਾਰ ਤੋਂ ਤੁਰ ਗਏ। ਉਨ੍ਹਾਂ ਖਾਸ ਤੌਰ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋ ਰਹੀਆਂ ਬੇਨਿਯਮੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਅੱਗੇ ਲਿਆਂਦਾ ਤੇ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦੇ ਰਹੇ।
ਇਹਨਾਂ ਕਾਰਨਾਂ ਕਰਕੇ ਸਰਦਾਰ ਪ੍ਰੀਤ ਸਿੰਘ ਸੈਣੀ ਉੱਪਰ ਸ਼੍ਰੋਮਣੀ ਕਮੇਟੀ ਵੱਲੋਂ ਕਈ ਕੇਸ ਵੀ ਦਰਜ ਕਰਾਏ ਤੇ ਉਹਨਾਂ ਨੂੰ ਬਚਣ ਲਈ ਰੂਪੋਸ਼ ਵੀ ਰਹਿਣਾ ਪਿਆ। ਜ਼ਮਾਨਤ ਮਿਲਣ ਤੋਂ ਬਾਅਦ ਉਹ ਫਿਰ ਸਾਹਮਣੇ ਆਏ। ਨਿੱਧੜਕ ਹੋ ਕੇ ਪੋਸਟਾਂ ਪਾਉਣੀਆਂ ਜਾਰੀ ਰੱਖੀਆਂ। ਸਰਦਾਰ ਪ੍ਰੀਤ ਸਿੰਘ ਸੈਣੀ ਦੇ ਇਸ ਵਿਛੋੜੇ ਨਾਲ ਪਰਿਵਾਰ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਵਿੱਚ ਹੀ ਨਹੀਂ ਸਗੋਂ ਇਨਸਾਫ ਪਸੰਦ ਤੇ ਚੰਗੀ ਸੋਚ ਵਾਲੇ ਲੋਕਾਂ ਵਿੱਚ ਵੀ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ। ਸਿੱਖ ਹੱਕਾਂ ਲਈ ਬੇਬਾਕ ਬੋਲਣ ਵਾਲੇ ਇਸ ਮਹਾਨ ਪੱਤਰਕਾਰ ਦੀ ਸ਼ੱਕੀ ਮੌਤ ਦੀ ਉਚ ਪੱਧਰੀ ਜਾਂਚ ਕਰਾਉਣ ਗਈ ਮੰਗ ਕੀਤੀ ਜਾ ਰਹੀ ਹੈ ਜੋ ਸ਼ਾਇਦ ਭਾਰਤ ’ਚ ਸਿੱਖ ਹੱਕਾਂ ਲਈ ਬੋਲਣ ਵਾਲਿਆਂ ਲਈ ਸੰਭਵ ਨਹੀਂ ਹੈ।