ਨਿਠਾਰੀ ਕਾਂਡ: ਅਲਾਹਾਬਾਦ ਹਾਈ ਕੋਰਟ ਵੱਲੋਂ ਪੰਧੇਰ ਅਤੇ ਕੋਲੀ ਬਰੀ

ਨਿਠਾਰੀ ਕਾਂਡ: ਅਲਾਹਾਬਾਦ ਹਾਈ ਕੋਰਟ ਵੱਲੋਂ ਪੰਧੇਰ ਅਤੇ ਕੋਲੀ ਬਰੀ

ਪ੍ਰਯਾਗਰਾਜ : ਅਲਾਹਾਬਾਦ ਹਾਈ ਕੋਰਟ ਨੇ 2006 ਦੇ ਨਿਠਾਰੀ ਲੜੀਵਾਰ ਹੱਤਿਆਵਾਂ ਮਾਮਲੇ ਵਿਚ ਘਰੇਲੂ ਨੌਕਰ ਸੁਰੇਂਦਰ ਕੋਲੀ ਤੇ ਉਸ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਨੂੰ ਸਬੂਤਾਂ ਦੀ ਅਣਹੋਂਦ ਵਿੱਚ ਬਰੀ ਕਰ ਦਿੱਤਾ ਹੈ। ਇਸ ਦੌਰਾਨ ਸੀਬੀਆਈ ਅਧਿਕਾਰੀ ਨੇ ਕਿਹਾ ਕਿ ਟੀਮ ਨੂੰ ਫੈਸਲੇ ਦੀ ਕਾਪੀ ਦੀ ਉਡੀਕ ਹੈ ਤੇ ਉਹ ਫੈਸਲੇ ਦੀ ਸਮੀਖਿਆ ਮਗਰੋਂ ਅਗਲੀ ਪੇਸ਼ਕਦਮੀ ਬਾਰੇ ਫੈਸਲਾ ਲੈਣਗੇ। ਹਾਈਕੋਰਟ ਦੇ ਫੈਸਲੇ ਨਾਲ ਲੂ ਕੰਡੇ ਖੜ੍ਹੇ ਕਰ ਦੇਣ ਵਾਲੇ ਅਪਰਾਧ ਦੀਆਂ ਯਾਦਾਂ ਮੁੜ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹੋ ਗਈਆਂ ਹਨ। ਨੌਇਡਾ ਸਥਿਤ ਬੰਗਲੇ ਦੇ ਪਿੱਛਿਓਂ ਲੰਘਦੇ ਨਾਲੇ ਵਿਚੋਂ ਉਪਰੋਥੱਲੀ ਕਈ ਪਿੰਜਰ ਮਿਲਣ ਮਗਰੋਂ ਨੌਜਵਾਨ ਲੜਕੀਆਂ ਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਨਸਨੀਖੇਜ਼ ਅਪਰਾਧ ਤੋਂ ਪਰਦਾ ਚੁੱਕਿਆ ਗਿਆ ਸੀ।
ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਸੱਯਦ ਆਫ਼ਤਾਬ ਹੁਸੈਨ ਰਿਜ਼ਵੀ ਦੇ ਬੈਂਚ ਨੇ ਕੋਲੀ ਤੇ ਪੰਧੇਰ ਦੀ ਗਾਜ਼ੀਆਬਾਦ ਦੀ ਸੀਬੀਆਈ ਕੋਰਟ ਵੱਲੋਂ ਸੁਣਾਈ ਮੌਤ ਦੀ ਸਜ਼ਾ ਦੇ ਫੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰ ਲਿਆ। ਹਾਈਕੋਰਟ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਤਗਾਸਾ ਧਿਰ ਆਪਣੇ ਕੇਸ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ। ਕਾਰੋਬਾਰੀ ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ, ‘‘ਅਲਾਹਾਬਾਦ ਹਾਈਕੋਰਟ ਦੇ ਹੁਕਮਾਂ ਨਾਲ ਸ਼ਾਇਦ ਪੰਧੇਰ ਲਈ ਜੇਲ੍ਹ ’ਚੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਜਾਵੇ।’’ ਹਾਲਾਂਕਿ ਕੋਲੀ ਨੂੰ ਅਜੇ ਸਲਾਖਾਂ ਪਿੱਛੇ ਰਹਿਣਾ ਪੈ ਸਕਦਾ ਹੈ। ਇਕ ਕੇਸ ਵਿੱਚ ਉਹ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੋਲੀ, ਜੋ ਇਸ ਵੇਲੇ ਗਾਜ਼ੀਆਬਾਦ ਦੀ ਜੇਲ੍ਹ ਵਿਚ ਬੰਦ ਹੈ, ਨੂੰ ਅਲਾਹਾਬਾਦ ਹਾਈਕੋਰਟ ਵੱਲੋਂ ਸੁਣੇ 12 ਕੇਸਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਕੋਲੀ ਦਾ ਸਾਬਕਾ ਮਾਲਕਾਂ ਪੰਧੇਰ ਨੌਇਡਾ ਦੀ ਜੇਲ੍ਹ ਵਿੱਚ ਹੈ ਤੇ ਦੋ ਕੇਸਾਂ ਵਿੱਚ ਉਹ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਦੋਵਾਂ ਉੱਤੇ ਬਲਾਤਕਾਰ ਤੇ ਕਤਲ ਦਾ ਦੋਸ਼ ਸੀ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਹੋਈ ਸੀ। ਸਾਲ 2007 ਵਿੱਚ ਪੰਧੇਰ ਤੇ ਕੋਲੀ ਖਿਲਾਫ਼ ਕੁੱਲ 19 ਕੇਸ ਦਰਜ ਹੋਏ ਸਨ। ਸੀਬੀਆਈ ਸਬੂਤਾਂ ਦੀ ਅਣਹੋਂਦ ਵਿਚ ਇਨ੍ਹਾਂ ਵਿਚੋਂ ਤਿੰਨ ਕੇਸਾਂ ਵਿਚ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੀ ਹੈ। ਬਾਕੀ ਬਚਦੇ 16 ਕੇਸਾਂ ਵਿਚੋਂ ਤਿੰਨ ਵਿਚ ਕੋਲੀ ਨੂੰ ਬਰੀ ਕੀਤਾ ਜਾ ਚੁੱਕਾ ਹੈ ਤੇ ਇਕ ਵਿਚ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਹੋ ਚੁੱਕੀ ਹੈ। ਕੋਲੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਯੂਪੀ ਸਰਕਾਰ ਦੀ ਪਟੀਸ਼ਨ ਸੁਪਰੀਮ ਕੋਰਟ ਵਿਚ ਅਜੇ ਬਕਾਇਆ ਹੈ। ਬਾਕੀ ਬਚਦੇ 12 ਕੇਸਾਂ ਵਿਚ ਉਸ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ। ਪੰਧੇਰ ਦੇ ਵਕੀਲ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਸ ਦੇ ਮੁਵੱਕਿਲ ਖਿਲਾਫ਼ ਛੇ ਕੇਸਾਂ ਵਿਚ ਦੋਸ਼ ਲੱਗੇ ਸਨ। ਇਕ ਕੇਸ ਸੀਬੀਆਈ ਦਾ ਸੀ ਜਦੋਂਕਿ ਪੰਜ ਕੇਸ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕੀਤੇ ਗਏ ਸਨ। ਭੰਡਾਰੀ ਨੇ ਕਿਹਾ ਕਿ ਸੈਸ਼ਨ ਕੋਰਟ ਤਿੰਨ ਕੇਸਾਂ ਵਿੱਚ ਪੰਧੇਰ ਨੂੰ ਬਰੀ ਕਰ ਚੁੱਕੀ ਹੈ। ਅਲਾਹਾਬਾਦ ਹਾਈ ਕੋਰਟ ਨੇ 2009 ਵਿੱਚ ਇਕ ਕੇਸ ਜਦੋਂਕਿ ਅੱਜ ਦੋ ਹੋਰ ਕੇਸਾਂ ਵਿਚ ਬਰੀ ਕਰ ਦਿੱਤਾ। ਲੜੀਵਾਰ ਹੱਤਿਆਵਾਂ ਦਾ ਇਹ ਸਨਸਨੀਖੇਜ਼ ਮਾਮਲਾ 29 ਦਸੰਬਰ 2006 ਨੂੰ ਕੌਮੀ ਰਾਜਧਾਨੀ ਦੀ ਸਰਹੱਦ ਨਾਲ ਲੱਗਦੇ ਨੌਇਡਾ ਦੇ ਨਿਠਾਰੀ ਵਿੱਚ ਪੰਧੇਰ ਦੇ ਘਰ ਪਿੱਛਿਓਂ ਲੰਘਦੇ ਨਾਲੇ ਵਿਚੋਂ ਅੱਠ ਬੱਚਿਆਂ ਦੇ ਪਿੰਜਰਾਂ ਦੀਆਂ ਹੱਡੀਆਂ ਮਿਲਣ ਨਾਲ ਸੁਰਖੀਆਂ ਵਿਚ ਆਇਆ ਸੀ। ਇਲਾਕੇ ਦੇ ਹੋਰ ਨਾਲਿਆਂ ਦੀ ਤਲਾਸ਼ੀ ਦੌਰਾਨ ਬੱਚਿਆਂ ਦੇ ਪਿੰਜਰ ਮਿਲਣ ਮਗਰੋਂ ਪੁਲਿਸ ਦੀ ਟੀਮ ਜਾਂਚ ਕਰਦੀ ਹੋਈ ਪੰਧੇਰ ਦੇ ਘਰ ਤੱਕ ਪਹੁੰਚ ਗਈ।