ਨਿਗਮ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਦੇ 11 ਨੇਤਾ ‘ਆਪ’ ਵਿੱਚ ਸ਼ਾਮਲ

ਨਿਗਮ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਦੇ 11 ਨੇਤਾ ‘ਆਪ’ ਵਿੱਚ ਸ਼ਾਮਲ

ਦੁਰਗੇਸ਼ ਪਾਠਕ ਨੇ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਦਾ ਕੀਤਾ ਸਨਮਾਨ; ਰੋਹਿਣੀ ਦੇ ਵਾਰਡ ਨੰਬਰ-53 ਨਾਲ ਸਬੰਧਤ ਨੇ ਆਗੂ
ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਕਈ ਸਥਾਨਕ ਨੇਤਾ ਅੱਜ ਇੱਥੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਹ ਸਾਰੇ ਰੋਹਿਣੀ ਦੇ ਵਾਰਡ ਨੰਬਰ-53 ਤੋਂ ਨਾਲ ਸਬੰਧਤ ਹਨ। ‘ਆਪ’ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਕਿਹਾ, ‘‘ਉਹ ਪਿਛਲੇ 15 ਸਾਲਾਂ ਤੋਂ ਸਖ਼ਤ ਮਿਹਨਤ ਕਰ ਰਹੇ ਹਨ ਪਰ ਜਦੋਂ ਵੀ ਉਨ੍ਹਾਂ ਨੇ ਖੇਤਰ ਵਿੱਚ ਕੂੜਾ ਪ੍ਰਬੰਧਨ ਨਾਲ ਸਬੰਧਤ ਕੋਈ ਮੁੱਦਾ ਉਠਾਇਆ ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ। ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਭਾਜਪਾ ਆਗੂਆਂ ਵਿੱਚ ਸਾਬਕਾ ਵਾਰਡ ਮੀਤ ਪ੍ਰਧਾਨ ਪੂਜਾ ਅਰੋੜਾ ਅਤੇ ਮਹਿਲਾ ਮੋਰਚਾ ਦੀ ਸਾਬਕਾ ਮੀਤ ਪ੍ਰਧਾਨ ਚਿੱਤਰਾ ਲਾਂਬਾ ਅਤੇ ਭਾਵਨਾ ਜੈਨ ਸ਼ਾਮਲ ਹਨ। ਨੇਤਾਵਾਂ ਅਤੇ ਵਰਕਰਾਂ ਦੀ ਇਹ ਟੀਮ ਰੋਹਿਣੀ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਵਰਕਰ ਟਿਕਟ ਹਾਸਲ ਕਰਕੇ ਸੂਬੇ ਦੇ ਵਿਕਾਸ ਲਈ ਕੰਮ ਕਰਨਾ ਚਾਹੁੰਦਾ ਹੈ ਪਰ ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਸਿਰਫ਼ 250 ਨੂੰ ਹੀ ਮੌਕਾ ਮਿਲ ਸਕਦਾ ਹੈ। ‘ਆਪ’ ਨੇ ਦੱਸਿਆ ਕਿ ਦਿੱਲੀ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਨੇ 250 ਵਾਰਡਾਂ ‘ਚੋਂ 55 ਫੀਸਦੀ ’ਤੇ ਮਹਿਲਾ ਉਮੀਦਵਾਰ ਖੜ੍ਹੇ ਕੀਤੇ ਹਨ ਅਤੇ ਇਕ ਟਰਾਂਸਜੈਂਡਰ ਮੈਂਬਰ ਨੂੰ ਟਿਕਟ ਵੀ ਦਿੱਤੀ ਹੈ। ‘ਆਪ’ ਨੇ ਔਰਤਾਂ ਲਈ ਰਾਖਵੀਆਂ 125 ਸੀਟਾਂ ਤੋਂ ਇਲਾਵਾ 13 ਜਨਰਲ ਸੀਟਾਂ ‘ਤੇ ਵੀ ਮਹਿਲਾ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਮਹਿਲਾ ਉਮੀਦਵਾਰਾਂ ਬਾਰੇ ਇਕ ਬਿਆਨ ’ਚ ਪਾਰਟੀ ਨੇ ਦੱਸਿਆ ਕਿ ਪਾਰਟੀ ਦੇ ਜ਼ਮੀਨੀ ਵਰਕਰਾਂ ਵੱਲੋਂ ਕਰਵਾਏ ਗਏ ਸਰਵੇਖਣ ‘ਚ ਇਹ ਔਰਤਾਂ ਜਨਤਾ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਈਆਂ ਹਨ। ਇਲਾਕੇ ਦੇ ਲੋਕਾਂ ਨਾਲ ਬਿਹਤਰ ਸੰਪਰਕ ਅਤੇ ਜਨਤਕ ਹਿੱਤਾਂ ਦੇ ਮੁੱਦਿਆਂ ‘ਤੇ ਸਰਗਰਮ ਭਾਗੀਦਾਰੀ ਸੀ ਕਿ ਉਨ੍ਹਾਂ ਨੂੰ ਜਨਰਲ ਸੀਟਾਂ ‘ਤੇ ਟਿਕਟਾਂ ਮਿਲੀਆਂ। ‘ਆਪ’ ਨੇ ਪਾਰਟੀ ਦੇ ਨੌਜਵਾਨ ਚਿਹਰਿਆਂ ਨੂੰ ਵੀ ਤਰਜੀਹ ਦਿੱਤੀ ਤੇ 218 ਵਾਲੰਟੀਅਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਦਿੱਲੀ ਨਗਰ ਨਿਗਮ ਲਈ ਅੱਜ ਦਿੱਲੀ ਦੀ ਭਾਜਪਾ, ਆਮ ਆਦਮੀ ਪਾਰਟੀ ਤੇ ਕਾਂਗਰਸੀ ਉਮੀਦਵਾਰਾਂ ਤੋਂ ਇਲਾਵਾ ਕਈ ਆਜ਼ਾਦ ਉਮੀਦਵਾਰਾਂ ਨੇ ਆਪਣੇ ਖੇਤਰ ਦੇ ਚੋਣ ਅਧਿਕਾਰੀਆਂ ਕੋਲ ਕਾਗਜ਼ ਜਮ੍ਹਾਂ ਕਰਵਾਏ। ਭਾਜਪਾ ਤੇ ਆਪ ਸਾਰੇ 250-250 ਵਾਰਡਾਂ ਉਪਰ ਚੋਣ ਲੜ ਰਹੇ ਹਨ ਤੇ ਕਾਂਗਰਸ ਵੱਲੋਂ 249 ਉਮੀਦਵਾਰ ਖੜ੍ਹੇ ਕੀਤੇ ਹਨ। ਨਾਮਜ਼ਦਗੀਆਂ ਭਰਨ ਦੌਰਾਨ ‘ਆਪ’ ਨੇਤਾ ਆਤਿਸ਼ੀ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਉਮੀਦਵਾਰਾਂ ਨਾਲ ਗਏ। ਇਸ ਦੌਰਾਨ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਉਮੀਦਵਾਰਾਂ ਦਾ ਉਤਸ਼ਾਹ ਵਧਾਇਆ।