ਨਿਊਯਾਰਕ ਦੇ ਟਾਈਮਜ਼ ਸਕੁਏਅਰ ਤੇ 500 ਤੋਂ ਵੱਧ ਔਰਤਾਂ ਵੱਲੋਂ ਵੱਖ-ਵੱਖ ਸਟਾਈਲ ਦੀਆਂ ਸਾੜੀਆਂ ਦਾ ਪ੍ਰਦਰਸ਼ਨ

ਨਿਊਯਾਰਕ ਦੇ ਟਾਈਮਜ਼ ਸਕੁਏਅਰ ਤੇ 500 ਤੋਂ ਵੱਧ ਔਰਤਾਂ ਵੱਲੋਂ ਵੱਖ-ਵੱਖ ਸਟਾਈਲ ਦੀਆਂ ਸਾੜੀਆਂ ਦਾ ਪ੍ਰਦਰਸ਼ਨ

ਨਿਊਯਾਰਕ : ਨਿਊਯਾਰਕ ਦੇ ਮਸ਼ਹੂਰ ‘ਟਾਈਮਜ਼ ਸਕੁਏਅਰ’ ਨੂੰ ਸੈਂਕੜੇ ਔਰਤਾਂ ਦੀਆਂ ਵੱਖ-ਵੱਖ ਕਿਸਮਾਂ ਅਤੇ ਸ਼ੈਲੀਆਂ ਦੀਆਂ ਸਾੜੀਆਂ ਨਾਲ ਸਜਾਇਆ ਗਿਆ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਨਾਲ-ਨਾਲ ਹੋਰ ਦੇਸ਼ਾਂ ਦੀਆਂ ਸੈਂਕੜੇ ਔਰਤਾਂ ਨੇ ਇੱਥੇ ਵਿਸ਼ੇਸ਼ ਪ੍ਰੋਗਰਾਮ ਵਿਚ ਸਾੜੀਆਂ ਦੀ ਸਦੀਵੀ ਸੁੰਦਰਤਾ, ਵਿਰਾਸਤ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਿਤ ਕੀਤਾ।
ਸ਼ਨੀਵਾਰ ਨੂੰ ‘ਟਾਈਮਜ਼ ਸਕੁਏਅਰ’ ’ਤੇ ਆਯੋਜਿਤ ‘ਸਾਰੀ ਗੋਜ਼ ਗਲੋਬਲ’ ਈਵੈਂਟ ਵਿੱਚ ਭਾਰਤੀ ਭਾਈਚਾਰੇ ਦੀਆਂ 500 ਤੋਂ ਵੱਧ ਔਰਤਾਂ ਦੇ ਨਾਲ-ਨਾਲ ਘੱਟੋ-ਘੱਟ 9 ਦੇਸ਼ਾਂ ਦੀਆਂ ਔਰਤਾਂ ਨੇ ਸ਼ਿਰਕਤ ਕੀਤੀ, ਜਿੱਥੇ ਇਹ ਨੌਂ ਗਜ਼ ਦਾ ਕੱਪੜਾ ਪ੍ਰਸਿੱਧ ਅਤੇ ਲੋਕਪ੍ਰਿਅ ਹੈ। ਇਨ੍ਹਾਂ ਦੇਸ਼ਾਂ ਵਿਚ ਬੰਗਲਾਦੇਸ਼, ਨੇਪਾਲ, ਬ੍ਰਿਟੇਨ, ਅਮਰੀਕਾ, ਸੰਯੁਕਤ ਅਰਬ ਅਮੀਰਾਤ, ਯੂਗਾਂਡਾ, ਤ੍ਰਿਨੀਦਾਦ ਅਤੇ ਗੁਆਨਾ ਸ਼ਾਮਲ ਹਨ। ਖਾਦੀ ਸਮੇਤ ਕਈ ਤਰ੍ਹਾਂ ਦੇ ਕੱਪੜਿਆਂ ’ਤੇ ਸ਼ਾਨਦਾਰ ਕਢਾਈ ਅਤੇ ਸਟਾਈਲ ਵਾਲੀਆਂ ਰੰਗੀਨ ਸਾੜੀਆਂ ਪਹਿਨੀਆਂ, ਔਰਤਾਂ ਨੇ ਮਾਣ ਨਾਲ ਆਪਣੇ ਸੰਗ੍ਰਹਿ ਨੂੰ ਪ੍ਰਦਰਸ਼ਿਤ ਕੀਤਾ, ਰਾਸ਼ਟਰੀ ਝੰਡੇ ਲਹਿਰਾਏ, ਇਕੱਠੇ ਨੱਚਦੇ ਹੋਏ, ਫੋਟੋਆਂ ਖਿੱਚੀਆਂ ਅਤੇ ਆਪਣੀਆਂ ਸਾੜੀਆਂ, ਸੱਭਿਆਚਾਰ ਅਤੇ ਵਿਰਸੇ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਉਮਾ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ‘ਬ੍ਰਿਟਿਸ਼ ਵੂਮੈਨ ਇਨ ਸਾੜ੍ਹੀ’ ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਸੰਗੀਤ, ਡਾਂਸ ਅਤੇ ਸਾੜੀ ‘ਵਾਕਾਥਨ’ ਰਾਹੀਂ ਸਾੜੀ ਦੀ ਸਦੀਵੀ ਸੁੰਦਰਤਾ ਦਾ ਪ੍ਰਦਰਸ਼ਨ ਕੀਤਾ ਗਿਆ। ਇਸਦਾ ਉਦੇਸ਼ ਦੁਨੀਆ ਭਰ ਵਿੱਚ ਸਮਾਗਮਾਂ ਦਾ ਆਯੋਜਨ ਕਰਕੇ ਭਾਰਤ ਵਿੱਚ ਹੈਂਡਲੂਮ ਕਲਾਕਾਰਾਂ ਦਾ ਸਮਰਥਨ ਕਰਦੇ ਹੋਏ ਸਾੜੀ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ”M1 ਗਲੋਬਲ ਦੀ ਪ੍ਰਧਾਨ ਡਾ: ਰੀਟਾ ਕਾਕਤੀ-ਸ਼ਾਹ ਅਤੇ ’ਯੂਕੇ ਵੂਮੈਨ ਇਨ ਸਾੜ੍ਹੀ’ ਦੀ ਚੇਅਰਪਰਸਨ ਡਾ. ਦੀਪਤੀ ਜੈਨ ਨੇ ਵਿਸ਼ਵ ਭਰ ਵਿੱਚ ਏਕਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਪ੍ਰਤੀਕ ਵਜੋਂ ਸਾੜੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ।