ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ; ਦਫ਼ਤਰ ਸੀਲ

ਨਿਊਜ਼ਕਲਿੱਕ ਦਾ ਬਾਨੀ ਪੁਰਕਾਇਸਥ ਗ੍ਰਿਫ਼ਤਾਰ; ਦਫ਼ਤਰ ਸੀਲ

-ਦਿੱਲੀ ਪੁਲਿਸ ਵੱਲੋਂ ਉਰਮਿਲੇਸ਼ ਅਤੇ ਅਭਿਸ਼ਾਰ ਸ਼ਰਮਾ ਸਣੇ ਹੋਰ ਪੱਤਰਕਾਰਾਂ ਤੋਂ ਛੇ ਘੰਟੇ ਦੇ ਕਰੀਬ ਪੁੱਛ-ਪੜਤਾਲ

  • ਪੱਤਰਕਾਰਾਂ ਦੇ ਡਿਜੀਟਲ ਯੰਤਰ ਤੇ ਦਸਤਾਵੇਜ਼ ਕਬਜ਼ੇ ਵਿੱਚ ਲਏ; ਮਨੁੱਖੀ ਵਸੀਲਾ ਮੁਖੀ ਅਮਿਤ ਚੱਕਰਵਰਤੀ ਵੀ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਅੱਜ ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਤੇ ਇਸ ਦੇ ਪੱਤਰਕਾਰਾਂ ਦੇ 30 ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਛਾਪੇ ਅਤਿਵਾਦ ਵਿਰੋਧੀ ਕਾਨੂੰਨ ਯੂਏਪੀਏ (ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ) ਤਹਿਤ ਮਾਰੇ ਗਏ ਹਨ। ਪੁਲਿਸ ਨੇ ਮਗਰੋਂ ਨਿਊਜ਼ਕਲਿੱਕ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ। ਪੁਲਿਸ ਨੇ ਨਿਊਜ਼ਕਲਿੱਕ ਦੇ ਬਾਨੀ ਪ੍ਰਬੀਰ ਪੁਰਕਾਇਸਥ ਤੇ ਮਨੁੱਖੀ ਵਸੀਲਾ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਵਿਦੇਸ਼ ਤੋਂ ਹੁੰਦੀ ਫੰਡਿੰਗ ਕੇਸ ਦੀ ਜਾਂਚ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਚੱਕਰਵਰਤੀ ਦੇ ਪੋਰਟਲ ਤੇ ਇਸ ਕੇਸ ਨਾਲ ਸਬੰਧ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਨੇ ਕਿਹਾ ਕਿ ਉਸ ਨੇ 37 ਪੁਰਸ਼ ਮਸ਼ਕੂਕਾਂ ਤੋਂ ਵਿਸ਼ੇਸ਼ ਸੈੱਲ ਦੇ ਦਫ਼ਤਰ ਵਿਚ ਜਦੋਂਕਿ 9 ਮਹਿਲਾ ਮਸ਼ਕੂਕਾਂ ਤੋਂ ਉਨ੍ਹਾਂ ਦੀ ਠਹਿਰ ਵਾਲੀਆਂ ਥਾਵਾਂ ’ਤੇ ਪੁੱਛ-ਪੜਤਾਲ ਕੀਤੀ। ਪੁਲਿਸ ਨੇ ਛਾਪਿਆਂ ਦੌਰਾਨ ਡਿਜੀਟਲ ਯੰਤਰ, ਦਸਤਾਵੇਜ਼ ਤੇ ਹੋਰ ਆਈਟਮਾਂ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਹੈ। ਨਿਊਜ਼ ਪੋਰਟਲ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਸ ਵੱਲੋਂ ਪੈਸੇ ਲੈ ਕੇ ਚੀਨ ਪੱਖੀ ਪ੍ਰਾਪੇਗੰਡਾ ਕੀਤਾ ਜਾਂਦਾ ਹੈ। ਉਰਮਿਲੇਸ਼ ਤੇ ਅਭਿਸ਼ਾਰ ਸ਼ਰਮਾ ਸਣੇ ਕੁਝ ਪੱਤਰਕਾਰਾਂ ਨੂੰ ਪੁੱਛ-ਪੜਤਾਲ ਲਈ ਲੋਧੀ ਰੋਡ ਸਥਿਤ ਵਿਸ਼ੇਸ਼ ਸੈੱਲ ਦਫ਼ਤਰ ਵੀ ਲਿਜਾਇਆ ਗਿਆ। ਪੱਤਰਕਾਰ ਔਨਨਿਦਿਓ ਚੱਕਰਬਰਤੀ, ਪ੍ਰੰਜਯ ਗੁਹਾ ਠਾਕੁਰਤਾ ਤੇ ਇਤਿਹਾਸਕਾਰ ਸੋਹੇਲ ਹਾਸ਼ਮੀ ਨੂੰ ਵੀ ਸਵਾਲ ਜਵਾਬ ਕੀਤੇ ਗਏ। ਸੂਤਰਾਂ ਮੁਤਾਬਕ ਪੱਤਰਕਾਰਾਂ ਕੋਲੋਂ 25 ਦੇ ਕਰੀਬ ਸੁਆਲ ਪੁੱਛੇ ਗਏ। ਇਕ ਸੂਤਰ ਨੇ ਕਿਹਾ ਕਿ ਇਹ ਸਵਾਲ ਵਿਦੇਸ਼ ਯਾਤਰਾ, ਸ਼ਾਹੀਨ ਬਾਗ਼ ਵਿੱਚ ਨਾਗਰਿਕਤਾ ਸੋਧ ਐਕਟ ਖਿਲਾਫ਼ ਮੁਜ਼ਾਹਰੇ, ਕਿਸਾਨਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕੀਤੇ ਪ੍ਰਦਰਸ਼ਨ ਤੇ ਹੋਰ ਮਸਲਿਆਂ ਨਾਲ ਸਬੰਧਤ ਸਨ। ਸੂਤਰਾਂ ਨੇ ਕਿਹਾ ਕਿ ਪੁੱਛ-ਪੜਤਾਲ ਦੌਰਾਨ ਪੱਤਰਕਾਰਾਂ ਨੂੰ ਏ, ਬੀ ਤੇ ਸੀ- ਤਿੰਨ ਵਰਗਾਂ ਵਿਚ ਵੰਡਿਆ ਗਿਆ ਸੀ।
ਇਸ ਤੋਂ ਪਹਿਲਾਂ ਅੱਜ ਦਿਨੇਂ ਨਿਊਜ਼ ਪੋਰਟਲ ਦੇ ਬਾਨੀ ਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਨੂੰ ਨਿਊਜ਼ਕਲਿਕ ਦੇ ਦੱਖਣੀ ਦਿੱਲੀ ਵਿਚਲੇ ਦਫ਼ਤਰ ਲਿਜਾਇਆ ਗਿਆ। ਫੋਰੈਂਸਿਕ ਦੀ ਇਕ ਟੀਮ ਵੀ ਦਫਤਰ ਵਿਚ ਮੌਜੂਦ ਸੀ। ਉਰਮਿਲੇਸ਼ ਤੇ ਚੱਕਰਵਰਤੀ ਛੇ ਘੰਟਿਆਂ ਦੀ ਪੁੱਛ-ਪੜਤਾਲ ਤੋਂ ਬਾਅਦ ਲੋਧੀ ਰੋਡ ਸਥਿਤ ਸਪੈਸ਼ਲ ਸੈੱਲ ਦੇ ਦਫ਼ਤਰ ’ਚੋਂ ਬਾਹਰ ਆਏ। ਉਨ੍ਹਾਂ ਬਾਹਰ ਖੜ੍ਹੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ। ਉਰਮਿਲੇਸ਼ ਨੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਇੰਨਾ ਹੀ ਕਿਹਾ, ‘‘ਮੈਂ ਕੁਝ ਨਹੀਂ ਕਹਾਂਗਾ।’’ ਇਸ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨਿਊਜ਼ ਪੋਰਟਲ ਦੇ ਫੰਡਿੰਗ ਦੇ ਵਸੀਲਿਆ ਦੀ ਜਾਂਚ ਲਈ ਫਰਮ ਦੇ ਟਿਕਾਣਿਆਂ ’ਤੇ ਛਾਪੇ ਮਾਰ ਚੁੱਕਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਪੈਸ਼ਲ ਸੈੱਲ ਹੁਣ ਕੇਂਦਰੀ ਏਜੰਸੀ ਵੱਲੋਂ ਮੁਹੱਈਆ ਜਾਣਕਾਰੀ ਦੇ ਆਧਾਰ ’ਤੇ ਛਾਪਿਆਂ ਦੇ ਅਮਲ ਨੂੰ ਜਾਰੀ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਪੈਸ਼ਲ ਸੈੱਲ ਨੇ ਅਤਵਿਾਦ ਵਿਰੋਧੀ ਕਾਨੂੰਨ, ਯੂਏਪੀਏ ਤਹਿਤ ਨਵਾਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਨੇ ਛਾਪਿਆਂ ਦੌਰਾਨ ਨਿਊਜ਼ਕਲਿੱਕ ਦੇ ਪੱਤਰਕਾਰਾਂ ਨਾਲ ਸਬੰਧਤ ਲੈਪਟਾਪ ਤੇ ਮੋਬਾਈਲ ਫੋਨ ਕਬਜ਼ੇ ਵਿਚ ਲਏ ਹਨ। ਸਪੈਸ਼ਲ ਸੈੱਲ ਦੀ ਟੀਮ ਪੱਤਰਕਾਰ ਅਭਿਸ਼ਾਰ ਸ਼ਰਮਾ ਨੂੰ ਉਨ੍ਹਾਂ ਦੀ ਨੌਇਡਾ ਐਕਸਟੈਨਸ਼ਨ ਵਿਚਲੀ ਰਿਹਾਇਸ਼ ’ਤੇ ਮਾਰੇ ਛਾਪੇ ਮਗਰੋਂ ਪੁੱਛ-ਪੜਤਾਲ ਲਈ ਆਪਣੇ ਨਾਲ ਲੈ ਗਈ। ਟੀਮ ਨੇ ਪੱਤਰਕਾਰ ਦੀ ਰਿਹਾਇਸ਼ ਤੋਂ ਮੋਬਾਈਲ ਫੋਨ ਤੇ ਲੈਪਟਾਪ ਜਿਹੇ ਗੈਜੇਟਸ ਕਬਜ਼ੇ ਵਿਚ ਲੈ ਲਏ।
ਦਿੱਲੀ ਪੁਲੀਸ ਵਿਚਲੇ ਸੂਤਰਾਂ ਨੇ ਕਿਹਾ ਕਿ ਛਾਪਿਆਂ, ਜੋ ਮੰਗਲਵਾਰ ਵੱਡੇ ਸਵੇਰੇ ਸ਼ੁਰੂ ਹੋ ਗਏ ਸਨ, ਦਾ ਆਧਾਰ ਅਗਸਤ ਵਿਚ ਯੂਏਪੀਏ ਤੇ ਆਈਪੀਸੀ ਦੀਆਂ ਹੋਰ ਧਾਰਾਵਾਂ, ਜਿਨ੍ਹਾਂ ਵਿੱਚ ਧਾਰਾ 153ਏ (ਜੋ ਧਿਰਾਂ ’ਚ ਦੁਸ਼ਮਣੀ ਦਾ ਪ੍ਰਚਾਰ ਪਾਸਾਰ) ਤੇ 120ਬੀ (ਅਪਰਾਧਿਕ ਸਾਜ਼ਿਸ਼) ਵੀ ਸ਼ਾਮਲ ਹਨ, ਤਹਿਤ ਦਰਜ ਕੇਸ ਹੈ। ਪੱਤਰਕਾਰ ਅਭਿਸ਼ਾਰ ਸ਼ਰਮਾ ਨੇ ਪੁਲੀਸ ਵੱਲੋਂ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਐਕਸ ’ਤੇ ਇਕ ਪੋਸਟ ਵਿੱਚ ਲਿਖਿਆ, ‘‘ਦਿੱਲੀ ਪੁਲੀਸ ਨੇ ਮੇਰੇੇ ਘਰ ਵਿਚ ਦਸਤਕ ਦਿੱਤੀ ਹੈ। ਮੇਰਾ ਲੈਪਟੌਪ ਤੇ ਫੋਨ ਲੈ ਲਿਆ ਗਿਆ ਹੈ।’’ ਇਕ ਹੋਰ ਪੱਤਰਕਾਰ ਭਾਸ਼ਾ ਸਿੰਘ ਨੇ ਵੀ ਐਕਸ ’ਤੇ ਲਿਖਿਆ, ‘‘ਆਖਿਰ ਨੂੰ ਇਸ ਫੋਨ ਤੋਂ ਆਖਰੀ ਟਵੀਟ। ਦਿੱਲੀ ਪੁਲਿਸ ਨੇ ਮੇਰਾ ਫੋਨ ਕਬਜ਼ੇ ਵਿੱਚ ਲੈ ਲਿਆ।’’ ਜਿਨ੍ਹਾਂ ਹੋਰ ਪੱਤਰਕਾਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ, ਉਨ੍ਹਾਂ ਵਿਚ ਇਤਿਹਾਸਕਾਰ ਸੋਹੇਲ ਹਾਸ਼ਮੀ ਵੀ ਸ਼ਾਮਲ ਹਨ। ਉਨ੍ਹਾਂ ਦੀ ਭੈਣ ਸ਼ਬਨਮ ਹਾਸ਼ਮੀ ਨੇ ਐਕਸ ’ਤੇ ਇਕ ਪੋਸਟ ਵਿੱਚ ਲਿਖਿਆ, ‘‘ਅੱਜ ਸਵੇਰੇ 6 ਵਜੇ ਦਿੱਲੀ ਪੁਲੀਸ ਨੇ ਸੋਹੇਲ ਹਾਸ਼ਮੀ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਛੇ ਲੋਕ ਘਰ ਤੇ ਬੈੱਡਰੂਮ ਵਿਚ ਘੁਸ ਆਏ।’’ ਸ਼ਬਨਮ ਨੇ ਦਾਅਵਾ ਕੀਤਾ ਕਿ ਟੀਮ ਨੇ ਸੋਹੇਲ ਕੋਲੋਂ ਦੋ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ ਤੇ ਉਸ ਦਾ ਕੰਪਿਊਟਰ, ਫੋਨ, ਹਾਰਡ ਡਿਸਕ ਤੇ ਫਲੈਸ਼ ਡਰਾਈਵਜ਼ ਕਬਜ਼ੇ ਵਿਚ ਲੈ ਲਈਆਂ।
ਸਪੈਸ਼ਲ ਸੈੱਲ ਦਫ਼ਤਰ ਦੇ ਬਾਹਰ ਉਡੀਕ ਕਰ ਰਹੇ ਐਡਵੋਕੇਟ ਗੌਰਵ ਯਾਦਵ, ਜੋ ਨਿਊਜ਼ਕਲਿੱਕ ਦੇ ਪੱਤਰਕਾਰ ਉਰਮਿਲੇਸ਼ ਦੇ ਵਕੀਲ ਹਨ, ਨੇ ਕਿਹਾ, ‘‘ਸਾਨੂੰ ਨਾ ਹੀ ਕੋਈ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ ਤੇ ਨਾ ਹੀ ਐੱਫਆਈਆਰ ਦੀ ਕਾਪੀ।’’ ਦਿੱਲੀ ਹਾਈਕੋਰਟ ਵਿਦੇਸ਼ਾਂ ਤੋਂ ਗੈਰਕਾਨੂੰਨੀ ਰੂਪ ਵਿੱਚ ਹੁੰਦੀ ਫੰਡਿੰਗ ਨਾਲ ਸਬੰਧਤ ਕੇਸ ਵਿਚ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦੇ ਹੁਕਮਾਂ ਨੂੰ ਵਾਪਸ ਲੈਣ ਦੀ ਦਿੱਲੀ ਪੁਲਿਸ ਦੀ ਮੰਗ ’ਤੇ ਪੁਰਕਾਇਸਥ ਨੂੰ ਪਿਛਲੇ ਮਹੀਨੇ ਆਪਣਾ ਪੱਖ ਰੱਖਣ ਲਈ ਕਿਹਾ ਸੀ। ਚੇਤੇ ਰਹੇ ਕਿ ਵੈੱਬਸਾਈਟ ਨਿਊਜ਼ਕਲਿੱਕ ਭਾਰਤ ਵਿੱਚ ਚੀਨ ਪੱਖੀ ਪ੍ਰਾਪੇਗੰਡੇ ਲਈ ਅਮਰੀਕੀ ਕਰੋੜਪਤੀ ਨੈਵਿਲੇ ਰੌਏ ਸਿੰਘਮ ਕੋਲੋਂ ਕਥਿਤ ਮਿਲੀ ਰਾਸ਼ੀ ਨੂੰ ਲੈ ਕੇ ਸੁਰਖੀਆਂ ਵਿਚ ਆਈ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਾਲ ਹੀ ਵਿੱਚ ‘ਦਿ ਨਿਊ ਯਾਰਕ ਟਾਈਮਜ਼’ ਦੀ ਜਾਂਚ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਨਿਊਜ਼ਕਲਿੱਕ ਦੇ ਪੈਸਿਆਂ ਦੇ ਲੈਣ-ਦੇਣ ਤੋਂ ਇਸ ਦੇ ‘ਭਾਰਤ ਵਿਰੋਧੀ ਏਜੰਡੇ’ ਦਾ ਖੁਲਾਸਾ ਹੋਇਆ ਹੈ।