ਨਿਊਜ਼ਕਲਿੱਕ ਤੋਂ ਦਿੱਲੀ ਅੰਦੋਲਨ ਦੀ ਆਵਾਜ਼ ਚੁੱਕਣ ਦਾ ਬਦਲਾ ਲਿਆ ਗਿਆ: ਉਗਰਾਹਾਂ

ਨਿਊਜ਼ਕਲਿੱਕ ਤੋਂ ਦਿੱਲੀ ਅੰਦੋਲਨ ਦੀ ਆਵਾਜ਼ ਚੁੱਕਣ ਦਾ ਬਦਲਾ ਲਿਆ ਗਿਆ: ਉਗਰਾਹਾਂ

ਮਾਨਸਾ – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਦਿੱਲੀ ਦੇ ਕਿਸਾਨੀ ਘੋਲ ਦੀ ਆਵਾਜ਼ ਚੁੱਕਣ ਵਾਲੇ ਨਿਊਜ਼ਕਲਿੱਕ ਦੇ ਪੱਤਰਕਾਰਾਂ ਨੂੰ ਭਾਜਪਾ ਵੱਲੋਂ ਨਿਸ਼ਾਨਾ ਬਣਾਕੇ ਉਹਨਾਂ ਖਿਲਾਫ ਦਰਜ ਕੀਤੇ ਪਰਚੇ ਰੱਦ ਅਤੇ ਪੱਤਰਕਾਰਾਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕੌਮੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 6 ਨਵੰਬਰ ਨੂੰ ਡੀਸੀ ਦਫਤਰਾਂ ਅੱਗੇ ਐੱਫਆਈਆਰ ਦੀਆਂ ਕਾਪੀਆਂ ਸਾੜਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਹਰ ਜ਼ਿਲ੍ਹਾ ਹੈੱਡਕੁਆਟਰ ਉਤੇ ਇਹ ਰੋਸ ਪ੍ਰਦਰਸ਼ਨ ਸਬੰਧੀ ਲਾਮਬੰਦੀ ਹੁਣੇ ਤੋਂ ਤੇਜ਼ ਕੀਤੀ ਗਈ ਜਾਵੇਗੀ। ਉਹ ਅੱਜ ਮਾਨਸਾ ਨੇੜਲੇ ਪਿੰਡ ਕੋਟਲੱਲੂ ’ਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਉਗਰਾਹਾਂ ਨੇ ਕਿਹਾ ਕਿ ਨਿਊਜ਼ਕਲਿੱਕ ਦੇ ਪੱਤਰਕਾਰਾਂ ਨਾਲ ਭਾਜਪਾ ਤੇ ਕੇਂਦਰ ਸਰਕਾਰ ਦੀ ਅਸਲ ਲੜਾਈ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਕਿਸਾਨ ਘੋਲ ਦੀ ਦਰੁੱਸਤ ਨਿਰਪੱਖ ਕਵਰੇਜ਼ ਦਲੇਰੀ ਨਾਲ ਕਰਨ ਦੀ ਹੈ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੇ ਜਥੇਬੰਦੀ ਦੇ ਵਿਧਾਨ ਅਤੇ ਉਦੇਸ਼ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਥੇਬੰਦੀ ਕਿਸੇ ਵੀ ਸਿਆਸੀ ਵੋਟ ਪਾਰਟੀ ਨਾਲ ਸਬੰਧ ਨਹੀਂ ਰੱਖਦੀ ਅਤੇ ਨਾ ਹੀ ਚੋਣਾਂ ਵਿੱਚ ਹਿੱਸਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਲੋਕ ਤਾਕਤ ਅਤੇ ਸੰਘਰਸ਼ ’ਤੇ ਟੇਕ ਰੱਖਦੀ ਹੈ।

ਇਸ ਮੌਕੇ ਸ਼ਿੰਗਾਰਾ ਸਿੰਘ ਮਾਨ, ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾਂ, ਇੰਦਰਜੀਤ ਸਿੰਘ ਝੱਬਰ, ਜਗਸੀਰ ਸਿੰਘ ਜਵਾਹਰਕੇ,ਭੋਲਾ ਸਿੰਘ ਮਾਖਾ, ਉਤਮ ਸਿੰਘ ਰਾਮਾਂਨੰਦੀ ਨੇ ਵੀ ਸੰਬੋਧਨ ਕੀਤਾ।