ਨਾਮਧਾਰੀ ਸੰਗਤ ਨੇ ਸਤਿਗੁਰੂ ਰਾਮ ਸਿੰਘ ਦਾ ਜਨਮ ਦਿਹਾੜਾ ਮਨਾਇਆ

ਨਾਮਧਾਰੀ ਸੰਗਤ ਨੇ ਸਤਿਗੁਰੂ ਰਾਮ ਸਿੰਘ ਦਾ ਜਨਮ ਦਿਹਾੜਾ ਮਨਾਇਆ

ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ; ਮੀਨਾਕਸ਼ੀ ਲੇਖੀ ਵੱਲੋਂ ਯਾਦਗਾਰੀ ਸਿੱਕਾ ਜਾਰੀ
ਨਵੀਂ ਦਿੱਲੀ- ਨਾਮਧਾਰੀ ਸੰਗਤ ਦਿੱਲੀ ਵਲੋਂ ਸਤਿਗੁਰੂ ਰਾਮ ਸਿੰਘ ਦਾ ਜਨਮ ਦਿਹਾੜਾ ਨਾਮਧਾਰੀ ਗੁਰਦੁਆਰਾ ਰਮੇਸ਼ ਨਗਰ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਸਤਿਗੁਰੂ ਉਦੈ ਸਿੰਘ ਦੀ ਅਗਵਾਈ ਵਿੱਚ ਦੋ ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਨਾਮ ਸਿਮਰਨ ਤੇ ਕਥਾ ਕੀਰਤਨ ਨਾਲ ਹੋਈ। ਇਸ ਮੌਕੇ ਰਾਗੀ ਸਾਜਨ ਸਿੰਘ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਪੰਜ ਤੋਂ ਸੱਤ ਸਾਲ ਦੀ ਉਮਰ ਦੇ ਬੱਚਿਆਂ ਨੇ ਸੰਗੀਤ ਦੀ ਪੇਸ਼ਕਾਰੀ ਦਿੱਤੀ।

ਇਸ ਉਪਰੰਤ ਸ਼ਹੀਦ ਬਿਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਦਿੱਲੀ ਦੇ ਵਿਦਿਆਰਥੀਆਂ ਵਲੋਂ ਕੀਰਤਨ ਦੀਵਾਨ ਸਜਾਏ ਗਏ। ਨੌਜਵਾਨ ਬੱਚੀਆਂ ਅਤੇ ਬੀਬੀਆਂ ਵਲੋਂ ਤੰਤੀ ਸਾਜ਼ਾਂ ਨਾਲ ਗੁਰਬਾਣੀ ਦਾ ਗਾਇਨ ਕੀਤਾ ਗਿਆ। ਇਸ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ। ਪਹਿਲੇ ਦਿਨ ਦੇ ਸਮਾਗਮ ਵਿਚ ਦਿੱਲੀ ਸਰਕਾਰ ਦੇ ਵਿਧਾਇਕ ਜਰਨੈਲ ਸਿੰਘ, ਵਿਧਾਇਕ ਸ਼ਿਵ ਚਰਨ ਗੋਇਲ, ਪਦਮਸ੍ਰੀ ਜਤਿੰਦਰ ਸ਼ੰਟੀ, ਬੀਬੀ ਰਣਜੀਤ ਕੌਰ (ਪ੍ਰਧਾਨ, ਅਕਾਲੀ ਦਲ ਇਸਤਰੀ), ਅਲਕਾ ਢੀਂਗਰਾ (ਕੌਂਸਲਰ), ਸ਼ਿਲਪਾ ਕੌਰ (ਕੌਂਸਲਰ) ਅਤੇ ਹੋਰ ਪਤਵੰਤੇ ਸੱਜਣਾਂ ਵਲੋਂ ਵੀ ਹਾਜ਼ਰੀ ਭਰੀ ਗਈ। ਦੂਜੇ ਦਿਨ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਗਾਇਨ ਹਜ਼ੂਰੀ ਰਾਗੀ ਬਲਵੰਤ ਸਿੰਘ, ਰਾਗੀ ਹਰਪ੍ਰੀਤ ਸਿੰਘ ਅਤੇ ਸਾਥੀਆਂ ਨੇ ਕੀਤਾ। ਦਮਦਮੀ ਟਕਸਾਲ ਦੇ ਗਿਆਨੀ ਪੂਰਨ ਸਿੰਘ ਨੇ ਸਾਧ ਸੰਗਤ ਨਾਲ ਆਪਣੇ ਬਚਨ ਸਾਂਝੇ ਕੀਤੇ। ਸ਼ਾਮ ਦੇ ਸਮਾਗਮ ਸਮੇਂ ਭਾਰਤ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ। ਇਸ ਸਮਾਗਮ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ, ਮਨਜਿੰਦਰ ਸਿੰਘ ਸਿਰਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਪਿਲ ਖੰਨਾ (ਪ੍ਰਧਾਨ, ਵਿਸ਼ਵ ਹਿੰਦੂ ਪਰਿਸ਼ਦ ਦਿੱਲੀ ਅਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਭਰੀ। ਜਥੇਦਾਰ ਗੁਰਲਾਲ ਸਿੰਘ ਸ੍ਰੀ ਭੈਣੀ ਸਾਹਿਬ ਵਲੋਂ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਭਾਰਤ ਦੀ ਜੰਗੇ ਆਜ਼ਾਦੀ ਵਿਚ ਉਨ੍ਹਾਂ ਵਲੋਂ ਪਾਏ ਮੋਹਰੀ ਯੋਗਦਾਨ ਬਾਰੇ ਸਾਧ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸਮਾਗਮ ਦੀ ਸਫਲਤਾ ਲਈ ਦਿੱਲੀ ਸਰਕਾਰ ਦੇ ਚੀਫ਼ ਪ੍ਰਾਸੀਕਿਊਟਰ ਵਜੋਂ ਗੁਰਭੇਜ ਸਿੰਘ ਗੁਰਾਇਆ ਅਤੇ ਨਾਮਧਾਰੀ ਆਗੂ ਜਸਵੰਤ ਸਿੰਘ ਅਤੇ ਪ੍ਰਬੰਧਕਾਂ ਦਾ ਭਰਪੂਰ ਯੋਗਦਾਨ ਰਿਹਾ। ਇਸ ਮੌਕੇ ਤੇ ਲੁਧਿਆਣਾ ਤੋਂ ਸੁਰਿੰਦਰ ਸਿੰਘ ਲਇਲ, ਸੂਬਾ ਹਰਭਜਨ ਸਿੰਘ, ਅਜੀਤ ਸਿੰਘ ਨਾਮਧਾਰੀ ਅਤੇ ਹੋਰ ਵੀ ਪਤਵੰਤੇ ਵੀ ਹਾਜ਼ਰ ਸਨ।