ਨਾਬਾਲਗ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਨਾਬਾਲਗ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਕੇਸ ਦਰਜ; ਪੁਲੀਸ ਨੇ ਬੱਚੇ ਨੂੰ ਹਿਰਾਸਤ ਵਿੱਚ ਲਿਆ
ਬਟਾਲਾ- ਇੱਥੋਂ ਨੇੜਲੇ ਪਿੰਡ ਸਦਾਰੰਗ ਵਿੱਚ ਅੱਜ ਸਵੇਰੇ 12-13 ਸਾਲਾ ਨਾਬਾਲਗ ਬੱਚੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ। ਇਸ ਉਪਰੰਤ ਮੌਕੇ ’ਤੇ ਕੁੱਝ ਨਿਹੰਗ ਸਿੰਘ ਪਹੁੰਚ ਗਏ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਬੇਅਦਬੀ ਦੀ ਘਟਨਾ ਗੁਰਦੁਆਰੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਮੁਲਜ਼ਮ ਬੱਚਾ ਸਵੇਰੇ ਕਰੀਬ ਸਾਢੇ 8 ਵਜੇ ਗੁਰਦੁਆਰੇ ਆਇਆ ਅਤੇ ਗੁਰੂ ਗ੍ਰੰਥ ਦਾ ਅੰਗ ਪਾੜ ਕੇ ਤੇਜ਼ੀ ਨਾਲ ਬਾਹਰ ਚਲਾ ਗਿਆ। ਗ੍ਰੰਥੀ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਸ ਨੇ ਰੁਮਾਲਾ ਸਾਹਿਬ ਨਾਲ ਛੇੜਛਾੜ ਹੋਈ ਵੇਖੀ। ਬੱਚਾ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹ ਰਿਹਾ ਹੈ। ਜਦੋਂ ਪਿੰਡ ਵਾਸੀਆਂ ਨੇ ਬੱਚੇ ਨੂੰ ਇਸ ਬਾਰੇ ਪੁੱਛਿਆ ਤਾਂ ਪਹਿਲਾਂ ਉਹ ਮੁੱਕਰਦਾ ਰਿਹਾ ਪਰ ਜਦੋਂ ਉਸ ਨੂੰ ਸੀਸੀਟੀਵੀ ਦੀ ਰਿਕਾਰਡਿੰਗ ਦਿਖਾਈ ਤਾਂ ਉਹ ਰੋਣ ਲੱਗ ਪਿਆ ਅਤੇ ਆਪਣੀ ਗਲਤੀ ਮੰਨ ਗਿਆ। ਥਾਣਾ ਰੰਗੜ ਦੇ ਮੁਖੀ ਸੁਖਵਿੰਦਰ ਸਿੰਘ ਅਤੇ ਡੀਐੱਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੱਕੜ ਮੌਕੇ ’ਤੇ ਪਹੁੰਚੇ। ਪੁਲੀਸ ਨੇ ਨਾਬਾਲਗ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਨਾਬਾਲਗ ਦੀ ਮਾਂ ਨੇ ਦੱਸਿਆ ਕਿ ਉਸ ਦਾ ਆਪਣਾ ਕੋਈ ਬੱਚਾ ਨਹੀਂ ਸੀ ਅਤੇ ਇਸ ਨੂੰ ਉਸ ਨੇ ਗੋਦ ਲਿਆ ਹੋਇਆ ਹੈ। ਉਹ ਰੋਜ਼ਾਨਾ ਸਵੇਰੇ-ਸ਼ਾਮ ਗੁਰਦੁਆਰੇ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਕਾਫ਼ੀ ਜ਼ਿੱਦੀ ਅਤੇ ਸ਼ੈਤਾਨ ਸੁਭਾਅ ਦਾ ਹੈ ਅਤੇ ਘੱਟ ਸਮਝ ਵਾਲਾ ਹੈ।

ਡੀਐੱਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਗ੍ਰੰਥੀ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।