ਨਾਟਕ ਮੇਲਾ: ਕੁਰੂਕਸ਼ੇਤਰ ਤੋਂ ਆਈ ਟੀਮ ਨੇ ਖੇਡਿਆ ਸੰਗੀਤਕ ਨਾਟਕ ਪੰਚਲਾਈਟ

ਨਾਟਕ ਮੇਲਾ: ਕੁਰੂਕਸ਼ੇਤਰ ਤੋਂ ਆਈ ਟੀਮ ਨੇ ਖੇਡਿਆ ਸੰਗੀਤਕ ਨਾਟਕ ਪੰਚਲਾਈਟ

ਕਲਾਕਾਰਾਂ ਨੇ ਬਿਜਲੀ ਦੀ ਖੋਜ ਤੋਂ ਪਹਿਲਾਂ ਦਾ ਸਮਾਂ ਦਿਖਾਇਆ
ਬਠਿੰਡਾ- ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡ੍ਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਕਰਵਾਏ ਜਾ ਰਹੇ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ ਚੌਥੀ ਸ਼ਾਮ ਨੂੰ ਕੁਰੂਕਸ਼ੇਤਰ, ਹਰਿਆਣਾ ਤੋਂ ਆਈ ਨਿਊ ਓਥਾਨ ਥੀਏਟਰ ਗਰੁੱਪ ਦੀ ਟੀਮ ਨੇ ਫਨੀਸ਼ਵਰ ਨਾਥ ਰੇਨੂ ਦਾ ਲਿਖਿਆ ਸੰਗੀਤਕ ਨਾਟਕ ਪੰਚਲਾਈਟ ਦਾ ਮੰਚਨ ਕੀਤਾ। ਵਿਕਾਸ ਸ਼ਰਮਾ ਦੀ ਨਿਰਦੇਸ਼ਨਾਂ ਵਿੱਚ ਖੇਡੇ ਗਏ ਇਸ ਨਾਟਕ ਵਿਚ ਕਲਾਕਾਰਾਂ ਨੇ ਪੁਰਾਣੇ ਜ਼ਮਾਨੇ ਦੇ ਸਮੇਂ ਨੂੰ ਪੇਸ਼ ਕੀਤਾ ਜਦੋਂ ਬਿਜਲੀ ਦੀ ਖੋਜ ਹਾਲੇ ਹੋਣੀ ਬਾਕੀ ਸੀ ਅਤੇ ਲਾਲਟੈਨ ਦਾ ਚਾਨਣ ਵੀ ਚਰਚਾ ਦਾ ਵਿਸ਼ਾ ਹੁੰਦਾ ਸੀ। ਨਾਟਕ ਵਿਚ ਇੱਕ ਪਿੰਡ ਵਿਚ ਲਾਲਟੈਨ ਪਹੁੰਚਣ ਕਾਰਨ ਬਵਾਲ ਹੋ ਜਾਂਦੇ ਹਨ ਅਤੇ ਉਹ ਲੋਕਾਂ ਨੂੰ ਜਲਾਉਣੀ ਵੀ ਨਹੀਂ ਆ ਰਹੀ ਹੁੰਦੀ। ਤੁੱਕਬੰਦੀ ਅਤੇ ਸੰਗੀਤ ਨਾਲ ਸਜੇ ਨਾਟਕ ਦਾ ਵੱਡੀ ਗਿਣਤੀ ਦਰਸ਼ਕਾਂ ਨੇ ਆਨੰਦ ਮਾਣਿਆ। ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਵਿੱਚ ਪੰਕਜ ਕੁਮਾਰ, ਅਸਿਸਟੈਂਟ ਕਮਿਸ਼ਨਰ (ਜਨਰਲ) ਬਠਿੰਡਾ, ਡਾ. ਗੁਰਸੇਵਕ ਸਿੰਘ, ਐੱਮਡੀ, ਕੇਅਰ ਹਸਪਤਾਲ, ਮਨਦੀਪ ਕੌਰ ਪ੍ਰਧਾਨ ਬੀਸੀ ਵਿੰਗ ਆਪ ਅਤੇ ਬਠਿੰਡਾ ਦੇ ਸੀਨੀਅਰ ਪੱਤਰਕਾਰ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਸ਼ਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਟਿਅਮ ਟੀਮ ਨੂੰ ਇਸ ਕੌਮੀ ਸਮਾਗਮ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।