ਨਹਿਰਾਂ ਸੁੱਕੀਆਂ, ਆਸਾਂ ਮੁੱਕੀਆਂ – ਪਾਣੀ ਨਾ ਆਉਣ ਕਾਰਨ ਖੇਤ ਤ੍ਰਿਹਾਏ, ਵਾਟਰ ਵਰਕਸ ਖ਼ਾਲੀ

ਨਹਿਰਾਂ ਸੁੱਕੀਆਂ, ਆਸਾਂ ਮੁੱਕੀਆਂ – ਪਾਣੀ ਨਾ ਆਉਣ ਕਾਰਨ ਖੇਤ ਤ੍ਰਿਹਾਏ, ਵਾਟਰ ਵਰਕਸ ਖ਼ਾਲੀ

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਫਿਕਰਮੰਦ
ਮਾਨਸਾ- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਵਾਰ ਮੁੜ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਵਾਸਤੇ ਭਾਵੇਂ 1500 ਰੁਪਏ ਪ੍ਰਤੀ ਏਕੜ ਰਾਸ਼ੀ ਦੇਣ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹੁਣ ਨਹਿਰੀ ਪਾਣੀ ਦੀ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ। ਇਸ ਖੇਤਰ ’ਚੋਂ ਲੰਘਦੀ ਕੋਟਲਾ ਬ੍ਰਾਂਚ ਦੀ ਬੰਦ ਹੋਣ ਕਾਰਨ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਸੰਗਰੂਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਵੱਡੀ ਪੱਧਰ ’ਤੇ ਪਿੰਡ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਪਿੰਡਾਂ ਵਿੱਚ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਮਜ਼ਬੂਰਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤਾਂ ਨੂੰ ਪਾਣੀ ਲਾਉਣਾ ਪੈ ਰਿਹਾ ਹੈ, ਪਰ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਝੋਨੇ ਦੀ ਬਿਜਾਈ ’ਤੇ ਮਾੜਾ ਅਸਰ ਪੈਣ ਲੱਗਿਆ ਹੈ। ਦਿਲਚਸਪ ਗੱਲ ਹੈ ਕਿ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਕੋਟਲਾ ਬ੍ਰਾਂਚ ਨੂੰ 18 ਜੂਨ ਤੱਕ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਚਾਰ ਜ਼ਿਲ੍ਹਿਆਂ ਦੇ ਰਜਵਾਹੇ, ਸੂਏ, ਕੱਸੀਆਂ ਅਤੇ ਨਹਿਰਾਂ ਵਿੱਚ ਪਾਣੀ ਨਹੀਂ ਆਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ ਐੱਸ ਰੋਮਾਣਾ ਨੇ ਮੰਨਿਆ ਕਿ ਅੱਜ-ਕੱਲ੍ਹ ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਪਾਣੀ ਦੀ ਬੇਹੱਦ ਲੋੜ ਹੈ ਅਤੇ ਜਦੋਂ ਹੁਣ ਨਹਿਰਾਂ ਵਿੱਚ ਪਾਣੀ ਨਹੀਂ ਹੈ ਤਾਂ ਕਿਸਾਨਾਂ ਨੂੰ ਹਲਕਾ-ਫੁਲਕਾ ਪਾਣੀ ਟਿਊਬਵੈੱਲਾਂ ਰਾਹੀਂ ਲਾ ਲੈਣਾ ਚਾਹੀਦਾ ਹੈ। ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਮਾਨਸਾ ਦੇ ਮੁੱਖ ਅਫ਼ਸਰ ਡਾ. ਸੱਤਪਾਲ ਸਿੰਘ ਰਾਏਕੋਟੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਦੋ-ਤਿੰਨ ਦਿਨਾਂ ਦੇ ਅੰਦਰ-ਅੰਦਰ ਪਾਣੀ ਲਾਉਣਾ ਬੇਹੱਦ ਜ਼ਰੂਰੀ ਹੈ, ਪਰ ਮੁੱਖ ਅੜਿੱਕਾ ਨਹਿਰਾਂ ਵਿੱਚ ਪਾਣੀ ਨਾ ਹੋਣ ਅਤੇ ਖੇਤੀ ਲਈ ਅੱਠ ਘੰਟੇ ਬਿਜਲੀ ਨਾ ਛੱਡਣ ਦਾ ਖੜ੍ਹਾ ਹੋਇਆ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਨਹਿਰੀ ਬੰਦੀ ਕਾਰਨ ਜਿੱਥੇ ਖੇਤੀ ਲਈ ਪਾਣੀ ਦੀ ਸਮੱਸਿਆ ਬਣੀ ਹੈ, ਉਥੇ ਪੀਣ ਲਈ ਵੀ ਪਾਣੀ ਤੋਂ ਬਗੈਰ ਪਿੰਡਾਂ ’ਚ ਬੁਰਾ ਹਾਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਵਾਟਰ ਵਰਕਸਾਂ ਦੇ ਟੈਂਕ ਖਾਲੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਬੰਦੀ ਕੀਤੀ ਗਈ ਹੈ ਕਿ ਨਹਿਰਾਂ-ਸੂਏ ਦੀ ਸਾਫ਼-ਸਫ਼ਾਈ ਕਰਨੀ ਹੈ, ਪਰ ਅੱਜ-ਤੱਕ ਕਿਤੇ ਮਾਨਸਾ ਜ਼ਿਲ੍ਹੇ ਵਿੱਚ ਕੋਈ ਸਾਫ਼-ਸਫ਼ਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਕੋਟਲਾ ਬ੍ਰਾਂਚ ਤੋਂ ਨਿਕਲਦੇ ਰਜਵਾਹਿਆਂ ਵਗੈਰਾ, ਜਿਸ ਦੀ ਤਾਜ਼ਾ ਮਿਸਾਲ ਪਿੰਡ ਠੂਠਿਆਂਵਾਲੀ ਦੇ ਰਜਵਾਹਾ ਹੈ, ਜੋ ਸਰਕੰਡਿਆਂ ਨਾਲ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ਦੀ ਬੰਦੀ ਸਾਉਣ ਦੀਆਂ ਸਾਰੀਆਂ ਫ਼ਸਲਾਂ ਦੀ ਬਿਜਾਈ ਲਈ ਵੱਡੀ ਰੁਕਾਵਟ ਬਣੀ ਹੋਈ ਹੈ। ਇਸੇ ਦੌਰਾਨ ਨਹਿਰੀ ਮਹਿਕਮੇ ਦੇ ਮਾਨਸਾ ਸਥਿਤ ਐਕਸੀਅਨ ਜਗਮੀਤ ਸਿੰਘ ਭਾਖਰ ਨੇ ਦੱਸਿਆ ਕਿ ਕੋਟਲਾ ਬ੍ਰਾਂਚ ਦੀ ਸਫ਼ਾਈ ਹੋਣ ਕਾਰਨ ਇਸ ਦੀ 18 ਜੂਨ ਤੱਕ ਬੰਦੀ ਹੈ, ਜਦੋਂ ਕਿ 21 ਜੂਨ ਤੱਕ ਸਾਰੇ ਨਹਿਰਾਂ, ਰਜਵਾਹਿਆਂ ਅਤੇ ਸੂਏ ਵਿੱਚ ਪਾਣੀ ਆ ਜਾਵੇਗਾ।