ਨਸ਼ਿਆਂ ਸਬੰਧੀ ਰਿਪੋਰਟ ’ਚ ਅਹਿਮ ਖੁਲਾਸੇ-‘ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਪਾਕਿਸਤਾਨ ਤੋਂ ਹਾਸਲ ਕਰਦਾ ਸੀ ਨਸ਼ੇ’

ਨਸ਼ਿਆਂ ਸਬੰਧੀ ਰਿਪੋਰਟ ’ਚ ਅਹਿਮ ਖੁਲਾਸੇ-‘ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਪਾਕਿਸਤਾਨ ਤੋਂ ਹਾਸਲ ਕਰਦਾ ਸੀ ਨਸ਼ੇ’

ਚੰਡੀਗੜ੍ਹ-ਨਸ਼ਿਆਂ ਬਾਰੇ ਤਿੰਨ ਵਿਸ਼ੇਸ਼ ਜਾਂਚ ਰਿਪੋਰਟਾਂ ਅੱਜ ਜਨਤਕ ਕਰ ਦਿੱਤੀਆਂ ਗਈਆਂ ਹਨ। ਪੰਜਾਬ ਹਰਿਆਣਾ ਹਾਈ ਕੋਰਟ ਕੋਲ ਕਰੀਬ ਪੰਜ ਸਾਲ ਤੱਕ ਸੀਲਬੰਦ ਲਿਫਾਫੇ ’ਚ ਪਈਆਂ ਰਹੀਆਂ ਇਹ ਰਿਪੋਰਟਾਂ 5 ਅਪਰੈਲ ਨੂੰ ਪੰਜਾਬ ਸਰਕਾਰ ਨੂੰ ਸੌਂਪ ਦਿੱਤੀਆਂ ਗਈਆਂ ਸਨ। ਇਨ੍ਹਾਂ ਰਿਪੋਰਟਾਂ ’ਚ ਕਿਸੇ ਵੀ ਪੁਲੀਸ ਅਧਿਕਾਰੀ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਇਸ ਦੀ ਬਜਾਏ ਰਿਪੋਰਟ ’ਚ ਕਈ ਪੁਲੀਸ ਅਧਿਕਾਰੀਆਂ ਦੀ ਭੂਮਿਕਾ ਦੀ ਹੋਰ ਅੱਗੇ ਜਾਂਚ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ’ਚ ਉਚੇਚੇ ਤੌਰ ’ਤੇ ਇੰਸਪੈਕਟਰ ਇੰਦਰਜੀਤ ਸਿੰਘ ਦਾ ਮਾਮਲਾ ਹੈ ਜਿਸ ਨੂੰ ਓਆਰਪੀ ਲਾਇਆ ਗਿਆ ਸੀ ਅਤੇ ਹੁਣ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਬਰਖ਼ਾਸਤ ਕੀਤੇ ਗਏ ਅਧਿਕਾਰੀ ’ਤੇ ਦੋਸ਼ ਹੈ ਕਿ ਉਹ ਬੇਕਸੂਰਾਂ ਨੂੰ ਨਸ਼ਾ ਤਸਕਰੀ ਦੇ ਝੂਠੇ ਕੇਸਾਂ ’ਚ ਫਸਾਉਣ ਦਾ ਧੰਦਾ ਚਲਾਉਂਦਾ ਸੀ। ਉਸ ’ਤੇ ਦੋਸ਼ ਲੱਗਾ ਹੈ ਕਿ ਉਹ ਪਾਕਿਸਤਾਨ ਤੋਂ ਤਸਕਰੀ ਰਾਹੀਂ ਨਸ਼ੇ ਮੰਗਵਾਉਂਦਾ ਸੀ ਅਤੇ ਪੈਸੇ ਉਗਰਾਹੁਣ ਲਈ ਬੇਕਸੂਰਾਂ ਨੂੰ ਨਸ਼ਿਆਂ ਦੇ ਮਾਮਲੇ ’ਚ ਫਸਾਉਂਦਾ ਸੀ ਜਾਂ ਨਸ਼ੇ ਵੇਚਣ ਲਈ ਮਜਬੂਰ ਕਰਦਾ ਸੀ। ਉਹ ਫੋਰੈਂਸਿਕ ਸਾਇੰਸ ਲੈਬਰਾਰਟਰੀ ਦੇ ਮੁਲਾਜ਼ਮਾਂ ਨਾਲ ਗੰਢਤੁੱਪ ਕਰਕੇ ਤਸਕਰਾਂ ਦੀ ਰਿਹਾਈ ਕਿਸੇ ਨਾ ਕਿਸੇ ਤਰੀਕੇ ਨਾਲ ਯਕੀਨੀ ਬਣਾਉਂਦਾ ਸੀ। ਰਿਪੋਰਟ ਏਆਈਜੀ (ਪਹਿਲਾਂ ਐੱਸਐੱਸਪੀ) ਰਾਜਜੀਤ ਸਿੰਘ ਹੁੰਦਲ ਦੀ ਮਿਲੀਭੁਗਤ ਵੱਲ ਵੀ ਇਸ਼ਾਰਾ ਕਰਦੀ ਹੈ। ਉਸ ’ਤੇ ਇੰਸਪੈਕਟਰ ਇੰਦਰਜੀਤ ਦੀ ਤਰੱਕੀ ਅਤੇ ਪੋਸਟਿੰਗ ਦੀ ਸਿਫ਼ਾਰਸ਼ ਕਰਨ ਦੇ ਦੋਸ਼ ਹਨ। ਰਿਪੋਰਟ ’ਚ ਐੱਸਐੱਸਪੀ ਰਾਜਜੀਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਾਇਦਾਦ ਦੇ ਸੌਦੇ ਕਰਨ ਬਾਰੇ ਵੀ ਸਵਾਲ ਉਠਾਏ ਗਏ ਹਨ ਅਤੇ ਇਸ ਤੱਥ ਦੀ ਹੋਰ ਜਾਂਚ ਕਰਾਉਣ ਲਈ ਕਿਹਾ ਗਿਆ ਹੈ ਕਿਉਂਕਿ ਕਈ ਸੰਪਤੀਆਂ ਕੁਝ ਰਿਸ਼ਤੇਦਾਰਾਂ ਵੱਲੋਂ ਤੋਹਫ਼ੇ ’ਚ ਦਿੱਤੇ ਗਏ ਪੈਸਿਆਂ ਤੋਂ ਬਣਾਈਆਂ ਗਈਆਂ ਹਨ। ਤਿੰਨ ਰਿਪੋਰਟਾਂ ਨੂੰ ਲਾਇਅਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਜਨਤਕ ਕੀਤਾ ਗਿਆ ਹੈ ਜਿਨ੍ਹਾਂ ਹਾਈ ਕੋਰਟ ਤੋਂ ਇਨ੍ਹਾਂ ਦੀਆਂ ਕਾਪੀਆਂ ਹਾਸਲ ਕੀਤੀਆਂ ਸਨ। ਜਥੇਬੰਦੀ ਦੇ ਜਨਰਲ ਸਕੱਤਰ ਅਤੇ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਹੁਣ ਰਿਪੋਰਟਾਂ ’ਤੇ ਕਾਰਵਾਈ ਦਾ ਜ਼ਿੰਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਹੈ। ਉਨ੍ਹਾਂ ਕਿਹਾ,‘‘ਅਸੀਂ ਪੰਜਾਬ ’ਚੋਂ ਨਸ਼ਿਆਂ ਦੀ ਅਲਾਮਤ ਖ਼ਤਮ ਕਰਾਉਣ ਲਈ 2013 ਤੋਂ ਲੜ ਰਹੇ ਹਾਂ ਅਤੇ ਇਸ ਮਕਸਦ ਲਈ ਹਾਈ ਕੋਰਟ ’ਚ ਜਨਹਿੱਤ ਪਟੀਸ਼ਨ ਪਾਈ ਸੀ।’’ ਮੋਗਾ ਦੇ ਐੱਸਐੈੱਸਪੀ ਰਾਜਜੀਤ ਸਿਘ ਹੁੰਦਲ ਦੀ ਇੰਦਰਜੀਤ ਸਿੰਘ ਨਾਲ ਕਥਿਤ ਸਾਂਝ ਦੇ ਮਾਮਲੇ ਦੀ ਜਾਂਚ ਲਈ ਅਦਾਲਤ ਨੇ 15 ਦਸੰਬਰ, 2017 ’ਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਇਸ ਦਾ ਖੁਲਾਸਾ 12 ਜੂਨ, 2017 ’ਚ ਪੁਲੀਸ ਸਟੇਸ਼ਨ ’ਚ ਦਰਜ ਐੱਫਆਈਆਰ ਨੰਬਰ-1 ਤੋਂ ਹੋਇਆ ਹੈ। ਇੰਦਰਜੀਤ ਨੂੰ ਏਡੀਜੀਪੀ (ਹੁਣ ਡੀਜੀਪੀ) ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠਲੀ ਵਿਸ਼ੇਸ਼ ਟਾਸਕ ਫੋਰਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਡੀਜੀਪੀ ਸਿਧਾਰਥ ਚਟੋਪਾਧਿਆ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਵਿੱਚ ਏਡੀਜੀਪੀ (ਹੁਣ ਡੀਜਪੀ) ਪ੍ਰਬੋਧ ਕੁਮਾਰ, ਆਈਜੀ (ਮੌਜੂਦਾ ‘ਆਪ’ ਵਿਧਾਇਕ) ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਸਨ। ਪੰਜਾਬ ਦੇ ਮੁੱਖ ਮੰਤਰੀ ਨੇ ਪੰਜ ਅਪਰੈਲ ਨੂੰ ਟਵੀਟ ਕੀਤਾ ਸੀ ਕਿ ਉਨ੍ਹਾਂ ਨੂੰ ਨਸ਼ਿਆਂ ਨਾਲ ਸਬੰਧਿਤ ਤਿੰਨ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦੇ ਆਧਾਰ ’ਤੇ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ। ਗ਼ੌਰਤਲਬ ਹੈ ਕਿ ਇਸ ਪੱਤਰਕਾਰ ਵੱਲੋਂ ਕੀਤੇ ਗਏ ਫੋਨ ਦਾ ਰਾਜਜੀਤ ਸਿੰਘ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਭਾਵੇਂ ਉਹ ਵਿਸ਼ੇਸ਼ ਟੀਮ ਦੀ ਪੁੱਛ ਪੜਤਾਲ ਵਿੱਚ ਵਿਵਾਦਿਤ ਪੁਲੀਸ ਮੁਲਾਜ਼ਮ ਇੰਦਰਜੀਤ ਸਿੰਘ ਨੂੰ ਸਰਪ੍ਰਸਤੀ ਹਾਸਲ ਹੋਣ ਦੀ ਗੱਲ ਨਕਾਰ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਗਲ਼ਤ ਢੰਗ ਨਾਲ ਵਿੱਤੀ ਲੈਣ-ਦੇਣ ਦੀ ਗੱਲ ਨੂੰ ਵੀ ਖਾਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇੰਦਰਜੀਤ ਸਿੰਘ ’ਤੇ ਦੋਸ਼ ਹੈ ਕਿ ਉਹ ਆਪਣੇ ਸਾਥੀਆਂ ਮਰਹੂਮ ਗੁਰਜੀਤ ਸਿੰਘ, ਸਾਹਬ ਸਿੰਘ, ਦਲਬੀਰ ਸਿੰਘ ਤੇ ਬਰਖਾਸਤ ਬੀਐਸਐਫ ਜਵਾਨ ਸੁਰੇਸ਼ ਕੁਮਾਰ ਤਿਆਗੀ ਆਦਿ ਤਸਕਰਾਂ ਦੀ ਸਹਾਇਤਾ ਨਾਲ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾਉਂਦਾ ਸੀ। ਰਿਪੋਰਟ ਅਨੁਸਾਰ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਇੰਦਰਜੀਤ ਸਿੰਘ (ਓਆਰਪੀ/ ਇੰਸਪੈਕਟਰ, ਹੁਣ ਬਰਖਾਸਤ) ਨੇ ਕਈ ਤਸਕਰਾਂ ਤੇ ਇੱਕ ਹੋਰ ਵਿਅਕਤੀ ਤੋਂ ਵਸੂਲੀ ਕੀਤੀ। ਸਿਟ ਦੀ ਪੜਤਾਲ ’ਚ ਇਹ ਵੀ ਸਾਹਮਣੇ ਆਇਆ ਕਿ ਅਜਿਹੇ ਕਈ ਅਫਸਰ ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਇੰਦਰਜੀਤ ਸਿੰਘ ਨੂੰ ਆਪਣੇ ਅਧੀਨ ਤਾਇਨਾਤ ਕੀਤਾ, ਉਸ ਦੀ ਉਨ੍ਹਾਂ ਅਫਸਰਾਂ ਨਾਲ ਵੀ ਮਿਲੀਭੁਗਤ ਰਹੀ ਤੇ ਇਹ ਵੱਖਰੀ ਜਾਂਚ ਦਾ ਵਿਸ਼ਾ ਹੈ।

ਰਾਜਜੀਤ ਨੇ ਇੰਦਰਜੀਤ ਨੂੰ ਦੋਹਰੀ ਤਰੱਕੀ ਦੇਣ ਦੀ ਕੀਤੀ ਸੀ ਸਿਫ਼ਾਰਿਸ਼

ਰਾਜਜੀਤ ਸਿੰਘ ਨੇ ਇੰਦਰਜੀਤ ਸਿੰਘ ਨੂੰ ਪਹਿਲਾਂ ਹੈੱਡ ਕਾਂਸਟੇਬਲ ਤੋਂ ਬਤੌਰ ਏਐੱਸਆਈ ਅਤੇ ਫਿਰ ਸਬ-ਇੰਸਪੈਕਟਰ ਵਜੋਂ ਦੋਹਰੀ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਸੀ। ਰਾਜਜੀਤ ਸਿੰਘ ਨੇ ਪ੍ਰਮਾਣਿਤ ਕੀਤਾ ਸੀ ਕਿ ਇੰਦਰਜੀਤ ਸਿੰਘ ਖ਼ਿਲਾਫ਼ ਕੋਈ ਵੀ ਅਪਰਾਧਿਕ ਕੇਸ ਜਾਂ ਵਿਭਾਗੀ ਜਾਂਚ ਬਕਾਇਆ ਨਹੀਂ ਹੈ ਹਾਲਾਂਕਿ ਉਸ ਖ਼ਿਲਾਫ਼ ਕਈ ਕੇਸ ਪੈਂਡਿੰਗ ਸਨ। ਰਾਜਜੀਤ ਸਿੰਘ ਦਾ ਹੁਸ਼ਿਆਰਪੁਰ ਦੇ ਐੱਸਐੱਸਪੀ ਵਜੋਂ ਤਬਾਦਲਾ ਹੋਇਆ ਤਾਂ ਉਸ ਨੇ ਬਿਨਾਂ ਕਿਸੇ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਆਪਣੇ ਜ਼ੁਬਾਨੀ ਹੁਕਮਾਂ ਨਾਲ ਹੀ ਇੰਸਪੈਕਟਰ ਇੰਦਰਜੀਤ ਸਿੰਘ ਦਾ ਚਾਰ ਹੋਰਨਾਂ ਨਾਲ ਜ਼ਿਲ੍ਹਾ ਹੁਸ਼ਿਆਰਪੁਰ ’ਚ ਅਗਾਊਂ ਤਬਾਦਲਾ ਕਰ ਦਿੱਤਾ ਸੀ। ਹੁਸ਼ਿਆਰਪੁਰ ਦੇ ਐੱਸਐੱਸਪੀ ਦਾ ਚਾਰਜ ਸੰਭਾਲਣ ਮਗਰੋਂ 7 ਅਗਸਤ 2017 ਨੂੰ ਰਾਜਜੀਤ ਸਿੰਘ ਨੇ ਆਈਜੀਪੀ/ਹੁਸ਼ਿਆਰਪੁਰ ਨੂੰ 11 ਅਗਸਤ 2014 ਨੂੰ ਪੱਤਰ ਲਿਖ ਕੇ ਇੰਦਰਜੀਤ ਸਿੰਘ ਦਾ ਤਬਾਦਲਾ ਤਰਨਤਾਰਨ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਸਮੇਂ ਦੌਰਾਨ ਰਾਜਜੀਤ ਸਿੰਘ ਹੁੰਦਲ ਨੇ ਕਰਜ਼ਿਆਂ ਤੇ ਤੋਹਫ਼ਿਆਂ ਰਾਹੀਂ ਭਾਰੀ ਮਾਤਰਾ ’ਚ ਪੈਸੇ ਇਕੱਠੇ ਕੀਤੇ ਸਨ। ਇਸ ਬਾਰੇ ਹਾਲਾਂਕਿ ਰਾਜਜੀਤ ਨੇ ਆਪਣੇ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਪਰ ਜਿਨ੍ਹਾਂ ਨੇ ਇਹ ਕਰਜ਼ੇ ਤੇ ਤੋਹਫ਼ੇ ਦਿੱਤੇ, ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।