ਨਸ਼ਿਆਂ ਦੀ ਮਾਰ ਤੇ ਵਪਾਰ

ਨਸ਼ਿਆਂ ਦੀ ਮਾਰ ਤੇ ਵਪਾਰ

ਹਰੀਪਾਲ

ਕਈ ਵਾਰੀ ਇਹ ਸੁਣਨ ਵਿੱਚ ਬਹੁਤ ਅਜੀਬ ਲੱਗਦਾ ਹੈ, ਜਦੋਂ ਭਾਰਤ ਵਿੱਚ ਲੋਕ ਕਹਿੰਦੇ ਹਨ ਕਿ ਅਸੀਂ ਮੁੰਡਾ ਬਾਹਰ ਨੂੰ ਤਾਂ ਭੇਜ ਰਹੇ ਹਾਂ ਕਿਉਂਕਿ ਬਾਹਰ ਯਾਨੀ ਵਿਦੇਸ਼ ਜਾ ਕੇ ਸਾਡੇ ਮੁੰਡੇ ਦਾ ਘੱਟੋ ਘੱਟ ਨਸ਼ਿਆਂ ਤੋਂ ਖਹਿੜਾ ਛੁੱਟ ਜਾਵੇਗਾ। ਪਰ ਉਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਪੂੰਜੀਵਾਦੀ ਮੁਲਕਾਂ ਵਿੱਚ ਤਾਂ ਨਸ਼ੇ ਬਹੁਤ ਹੀ ਤਰ੍ਹਾਂ ਦੇ ਅਤੇ ਬੜੇ ਖ਼ਤਰਨਾਕ ਹਨ।

ਕੈਨੇਡਾ ਵਿੱਚ ਪਿਛਲੇ ਸਾਲ ਯਾਨੀ ਕਿ 2022 ਵਿੱਚ ਨਸ਼ਿਆਂ ਦੀ ਵੱਧ ਮਾਤਰਾ ਲੈਣ ਕਰਕੇ 7300 ਬੰਦੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਇਨ੍ਹਾਂ 7300 ਵਿੱਚੋਂ 87% ਲੋਕ ਅਲਬਰਟਾ, ਬੀ.ਸੀ. ਅਤੇ ਓਂਟਾਰੀਓ ਵਿੱਚੋਂ ਸਨ। ਬੀ.ਸੀ. ਵਿੱਚ ਹੁਣ ਤੱਕ 800 ਅਤੇ ਅਲਬਰਟਾ ਵਿੱਚ 600 ਤੋਂ ਵੱਧ ਲੋਕ ਇਸ ਸਾਲ ਆਪਣੀ ਜਾਨ ਗਵਾ ਚੁੱਕੇ ਹਨ। ਪਿਛਲੇ ਸਾਲ ਦੀ ਰਿਪੋਰਟ ਮੁਤਾਬਕ ਬੱਚਿਆਂ ਦੇ ਮਾਹਰ ਡਾਕਟਰ 1000 ਤੋਂ ਉੱਪਰ ਬੱਚਿਆਂ (12 ਤੋਂ 18 ਦੇ ਵਿਚਕਾਰ) ਦਾ ਨਸ਼ਿਆਂ ਦੀ ਵੱਧ ਮਾਤਰਾ ਲੈਣ ਕਰਕੇ ਇਲਾਜ ਕਰ ਚੁੱਕੇ ਹਨ। ਮੂਡ ਠੀਕ ਕਰਨ ਵਾਲੀਆਂ ਗੋਲੀਆਂ ਅਤੇ ਅਫੀਮ ਦੀਆਂ ਗੋਲੀਆਂ ਆਮ ਹੀ ਨੌਜਵਾਨ ਤਬਕੇ ਵਿੱਚ ਪ੍ਰਚੱਲਿਤ ਹਨ। ਨਸ਼ੇ ਦੀ ਬਹੁਤੀ ਮਾਤਰਾ ਲੈਣ ਵਾਲੇ ਬੱਚੇ ਅਤੇ ਅੱਲ੍ਹੜ ਉਮਰ ਦੇ ਬੱਚੇ ਕੈਨੇਡਾ ਵਿੱਚ ਐਮਰਜੈਂਸੀ ਖੜ੍ਹੀ ਕਰ ਰਹੇ ਹਨ। ਯੂ.ਬੀ.ਸੀ. ਦੇ ਡਾਕਟਰ ਮੈਥਿਊ ਕਾਰਵਾਨਾ ਦੇ ਅਨੁਸਾਰ ਉਨ੍ਹਾਂ ਦਾ ਬਹੁਤਾ ਸਮਾਂ ਅੱਲ੍ਹੜ ਉਮਰ ਦਿਆਂ ਦੇ ਵੱਧ ਨਸ਼ਾ ਲੈਣ ਨੇ ਹੀ ਲਿਆ ਹੋਇਆ ਹੈ ਅਤੇ ਇਹ ਉਸ ਦੇ ਕੰਮ ਦੀ ਮੁੱਖ ਪਹਿਲ ਵੀ ਹੈ। ਬੀ.ਸੀ. ਵਿੱਚ ਹੋਏ ਇੱਕ ਸਰਵੇ ਮੁਤਾਬਿਕ 10 ਤੋਂ 18 ਸਾਲ ਦੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਨਸ਼ਿਆਂ ਦੀ ਵਰਤੋਂ ਹੈ।

ਡਾਕਟਰ ਕਾਰਵਾਨਾ ਦੇ ਅਨੁਸਾਰ ਦਸ ਤੋਂ ਗਿਆਰਾਂ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵੀ ਨਸ਼ੇ ਕਰਨ ਦੀ ਆਦਤ ਪਾਈ ਜਾਂਦੀ ਹੈ। ਉਨ੍ਹਾਂ ਅਨੁਸਾਰ ਯੂਕਾਨ ਅਤੇ ਨੌਰਥ ਵੈਸਟ ਟੈਰੀਟਰੀਜ਼ ਵਿੱਚ ਬੱਚੇ ਪੈਟਰੋਲ ਸੁੰਘਣ ਅਤੇ ਹੋਰ ਬੜੇ ਘਾਤਕ ਨਸ਼ੇ ਲੈ ਰਹੇ ਹਨ। ਅਸਲ ਵਿੱਚ ‘ਸਰਵੇ ਆਫ ਡਰੱਗ ਯੂਜ਼’ ਦੀ ਰਿਪੋਰਟ ਤਾਂ ਸੇਰ ’ਚੋਂ ਪੂਣੀ ਵੀ ਨਹੀਂ ਹੈ ਕਿਉਂਕਿ ਇਹ ਰਿਪੋਰਟ ਤਾਂ ਉਨ੍ਹਾਂ ਬੱਚਿਆਂ ਦੀ ਗਿਣਤੀ ਕਰਦੀ ਹੈ ਜੋ ਮੌਤ ਦੇ ਮੂੰਹ ਵਿੱਚ ਜਾ ਪਹੁੰਚਦੇ ਹਨ ਜਾਂ ਮੌਤ ਦੇ ਮੂੰਹ ਵਿੱਚੋਂ ਮੋੜ ਲਿਆਂਦੇ ਜਾਂਦੇ ਹਨ। ਇਹ ਰਿਪੋਰਟ ਉਨ੍ਹਾਂ ਬੱਚਿਆਂ ਵਾਰੇ ਚਾਨਣਾ ਨਹੀਂ ਪਾਉਂਦੀ ਜਿਹੜੇ ਡਾਕਟਰਾਂ ਕੋਲ ਜਾਂਦੇ ਹੀ ਨਹੀਂ ਜਾਂ ਡਾਕਟਰਾਂ ਕੋਲ ਜਾਣ ਦੀ ਜਗ੍ਹਾ ਘਰ ਹੀ ਹੋਰ ਕੋਈ ਦੇਸੀ ਓਹੜ ਪੋਹੜ ਕਰਦੇ ਹਨ। ਇਹ ਇੱਕ ਸਚਾਈ ਹੈ ਕਿ 128 ਡਾਕਟਰਾਂ ਨੇ ਔਸਤਨ ਪਿਛਲੇ ਦੋ ਸਾਲਾਂ ਵਿੱਚ ਇੱਕ ਇੱਕ ਜਾਨ ਬਚਾਈ ਹੈ। ਸਾਨੂੰ ਅਜਿਹੇ ਹੋਰ ਬਹੁਤ ਬੱਚਿਆਂ ਦੇ ਮਾਹਰ ਡਾਕਟਰਾਂ ਦੀ ਲੋੜ ਹੈ ਜਿਨ੍ਹਾਂ ਦਾ ਮੁੱਖ ਕੰਮ ਨਸ਼ੱਈ ਬੱਚਿਆਂ ਦੇ ਇਲਾਜ ਨਾਲ ਸਬੰਧਤ ਹੋਵੇ।

ਪਹਿਲਾਂ ਇਹੀ ਸਮਝਿਆ ਜਾਂਦਾ ਸੀ ਕਿ ਨਸ਼ਿਆਂ ਦੀ ਅਲਾਮਤ ਸਿਰਫ਼ ਨੌਜੁਆਨਾਂ ਵਿੱਚ ਹੀ ਹੈ, ਪਰ ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਸਰਵੇ ਰਿਪੋਰਟ ਨੇ ਇਹ ਉਜਾਗਰ ਕਰ ਦਿੱਤਾ ਕਿ ਇਹ ਬਿਮਾਰੀ 12 ਤੋਂ 18 ਸਾਲ ਦੇ ਬੱਚਿਆਂ ਵਿੱਚ ਬੁਰੀ ਤਰ੍ਹਾਂ ਫੈਲ ਰਹੀ ਹੈ। ਅਸਲ ਵਿੱਚ ਨਸ਼ਿਆਂ ਦੀ ਸਮੱਸਿਆਂ ਸਿਰਫ਼ ਇੱਕ ਮੁਲਕ ਦੀ ਨਹੀਂ ਸਗੋਂ ਇਹ ਤਾਂ ਸਾਰੀ ਦੁਨੀਆ ਵਿੱਚ ਫੈਲੀ ਹੋਈ ਮਹਾਮਾਰੀ ਹੈ। ਦੁਨੀਆ ਭਰ ਵਿੱਚ ਜੁਆਨੀ ਦਾ ਘਾਣ ਕਰਨ ਵਾਲਾ ਇਹ ਨਸ਼ਿਆਂ ਦਾ ਵਪਾਰ ਘਟਿਆ ਨਹੀਂ ਸਗੋਂ ਬੁਰੀ ਤਰ੍ਹਾਂ ਵਧ ਰਿਹਾ ਹੈ। ਪੰਜਾਬ ਵਿੱਚ ਹਰ ਰੋਜ਼ ਅਖ਼ਬਾਰਾਂ ਵਿੱਚ ਨਸ਼ੇ ਦੀ ਵੱਧ ਮਾਤਰਾ ਲੈਣ ਕਰਕੇ ਹੋਣ ਵਾਲੀਆਂ ਮੌਤਾਂ ਦੀਆਂ ਖ਼ਬਰਾਂ ਛਪ ਰਹੀਆਂ ਹਨ। ਘਰ ਪਰਿਵਾਰ ਬਰਬਾਦ ਹੋ ਰਹੇ ਹਨ। ਇਨ੍ਹਾਂ ਦਾ ਇੱਕੋ ਇੱਕ ਇਲਾਜ ਇਸ ਦੀ ਸਪਲਾਈ ਰੋਕਣਾ ਹੈ, ਪਰ ਸਪਲਾਈ ਰੋਕਣ ਦੀ ਜੁਰਅੱਤ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਲੱਗਦੀ ਨਹੀਂ, ਕਿਉਂਕਿ ਸਪਲਾਈ ਕਰਨ ਵਾਲੇ ਬਹੁਤ ਤਾਕਤਵਰ ਹਨ।

ਨਸ਼ਿਆਂ ਦੀ ਸਪਲਾਈ ਕਰਨ ਵਾਲੇ ਆਪੋ ਆਪਣੇ ਇਲਾਕੇ ਵੰਡ ਲੈਂਦੇ ਹਨ। ਇਹੀ ਵਰਤਾਰਾ ਫਿਰ ਗੈਂਗ ਬਣਨ ਦਾ ਕਾਰਨ ਬਣਦਾ ਹੈ। ਕੈਨੇਡਾ ਵਿੱਚ ਇਨ੍ਹਾਂ ਗੈਂਗਾਂ ਦੀਆਂ ਲੜਾਈਆਂ ਵਿੱਚ ਸਭ ਤੋਂ ਵੱਧ ਘਾਣ ਪੰਜਾਬੀ ਨੌਜਵਾਨਾਂ ਦਾ ਹੋਇਆ ਹੈ। ਨਸ਼ਿਆਂ ਦੇ ਸਿਰਫ਼ ਆਰਥਿਕ ਹੀ ਨਹੀਂ ਸਮਾਜਿਕ, ਰਾਜਨੀਤਿਕ ਅਤੇ ਮਾਨਸਿਕ ਕਾਰਨ ਵੀ ਹਨ। ਜਦ ਵੀ ਚੋਣਾਂ ਦਾ ਬਿਗਲ ਵੱਜਦਾ ਹੈ ਤਾਂ ਸਪਲਾਇਰਾਂ ਦੀ ਚਾਂਦੀ ਹੋ ਜਾਂਦੀ ਹੈ। ਕੈਨੇਡਾ ਵਿੱਚ ਚੋਣਾਂ ਦੇ ਦਿਨਾਂ ਵਿੱਚ ਸ਼ਰਾਬ ਕਬਾਬ ਦਾ ਦੌਰ ਖੂਬ ਚੱਲਦਾ ਹੈ। ਹੁਣ ਜਿਹੜਾ ਕੋਈ ਕਾਬਲ ਉਮੀਦਵਾਰ ਚੋਣ ਲੜਨੀ ਚਾਹੁੰਦਾ ਹੈ, ਇਸ ਸ਼ਰਾਬ ਕਬਾਬ ਦੀ ਸਪਲਾਈ ਤੋਂ ਅਸਮਰੱਥ ਹੋਣ ਕਰਕੇ ਚੋਣ ਲੜਨ ਦਾ ਵਿਚਾਰ ਛੱਡ ਦਿੰਦਾ ਹੈ। ਨਸ਼ਿਆਂ ਦਾ ਵਰਤਾਰਾ ਇੰਨਾ ਵਿਆਪਕ ਹੈ ਕਿ ਅਮਰੀਕਾ ਵਰਗਾ ਸ਼ਕਤੀਸ਼ਾਲੀ ਮੁਲਕ ਵੀ ਆਪਣੇ ਮੁਲਕ ਵਿੱਚ ਨਸ਼ਿਆਂ ਨੂੰ ਖਤਮ ਨਹੀਂ ਕਰ ਸਕਿਆ। ਅਸਲ ਵਿੱਚ ਰਾਜ ਸੱਤਾ ਚਾਹੁੰਦੀ ਹੀ ਨਹੀਂ ਕਿ ਨਸ਼ੇ ਬੰਦ ਹੋਣ ਕਿਉਂਕਿ ਨਸ਼ੇ ਨੌਜਵਾਨੀ ਨੂੰ ਨਾਮਰਦ ਕਰਦੇ ਹਨ ਅਤੇ ਨਸ਼ੇੜੀ ਲੋਕ ਸੱਤਾ ਨੂੰ ਚੁਣੌਤੀ ਨਹੀਂ ਦੇ ਸਕਦੇ। ਜਿਹੜੇ ਸੱਤਾ ਨੂੰ ਚੁਣੌਤੀ ਦਿੰਦੇ ਹਨ ਉਨ੍ਹਾਂ ਮਗਰ ਤਾਂ ਸਟੇਟ ਸਾਰੀ ਮਸ਼ੀਨਰੀ ਝੋਕ ਦਿੰਦੀ ਹੈ। ਅਸਲ ਵਿੱਚ ਪੂੰਜੀਵਾਦੀ ਸਿਸਟਮ ਵਿੱਚ ਲੋਕਾਂ ਨੂੰ ਓਨਾ ਕੁ ਦਿੱਤਾ ਜਾਂਦਾ ਹੈ ਕਿ ਲੋਕ ਖਾ ਕੇ ਕੰਮ ’ਤੇ ਆ ਸਕਣ। ਤੀਵੀਂ-ਆਦਮੀ ਘਰਾਂ ਦੀਆਂ ਕਿਸ਼ਤਾਂ, ਕਾਰਾਂ ਦੀਆਂ ਕਿਸ਼ਤਾਂ, ਬੱਚਿਆਂ ਦੀ ਪੜ੍ਹਾਈ ਅਤੇ ਖਾਧ ਖੁਰਾਕ ਦੇ ਖਰਚ ਪੂਰੇ ਕਰਨ ਲਈ ਭੱਜੇ ਫਿਰਦੇ ਹਨ। ਪਿਆਰ ਵਿਹੂਣੇ ਬੱਚੇ ਬੜੀ ਜਲਦੀ ਨਸ਼ੇ ਵੇਚਣ ਵਾਲਿਆਂ ਦੇ ਅੜਿੱਕੇ ਚੜ੍ਹ ਜਾਂਦੇ ਹਨ। ਬੱਚੇ ਆਪਣੇ ਆਪ ਨੂੰ ਬੇਲੋੜੇ ਅਤੇ ਫਾਲਤੂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਗਾਹੇ ਬਗਾਹੇ ਉਨ੍ਹਾਂ ਨੂੰ ਕੋਈ ਮਿੱਠੀ ਕੈਂਡੀ ਦੇਣ ਵਾਲਾ ਟੱਕਰ ਜਾਂਦਾ ਹੈ। ਪਹਿਲਾਂ ਪਹਿਲਾਂ ਇਹ ਮਿੱਠੀ ਗੋਲੀ ਫੀਲ ਗੁੱਡ ਕਰਾਉਂਦੀ ਹੈ ਅਤੇ ਹੌਲੀ ਹੌਲੀ ਆਦਤ ਜਾਂ ਕਮਜ਼ੋਰੀ ਬਣ ਜਾਂਦੀ ਹੈ। ਪਹਿਲਾਂ ਪਹਿਲਾਂ ਬੱਚਾ ਖਰਚ ਪੂਰੇ ਕਰਨ ਲਈ ਮਾਪਿਆਂ ਨਾਲ ਝੂਠ ਵੀ ਬੋਲਦਾ ਹੈ, ਫਿਰ ਚੋਰੀ ਵੀ ਕਰਦਾ ਹੈ ਅਤੇ ਆਖਰ ਵਿੱਚ ਨਸ਼ੇ ਦਾ ਖਰਚ ਪੂਰਾ ਕਰਨ ਲਈ ਸਪਲਾਈ ਕਰਨ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਂਦਾ ਹੈ।

ਕੈਨੇਡਾ ਵਿੱਚ ਹੋ ਰਹੀਆਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਮੌਤਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਹਨ। ਤਿੱਗਣੀ ਫੀਸ, ਤਿੱਗਣਾ ਰਹਿਣ ਦਾ ਕਿਰਾਇਆ, ਘੱਟ ਉਜਰਤ ’ਤੇ ਕੰਮ ਆਦਿ ਕਾਰਨ ਤਣਾਅ ਦੇ ਮਾਰੇ ਇਹ ਮੁੰਡੇ-ਕੁੜੀਆਂ ਨਸ਼ੇ ਦਾ ਸਹਾਰਾ ਲੈਂਦੇ ਹਨ ਅਤੇ ਬਹੁਤ ਵਾਰੀ ਮੌਤ ਦੀ ਬੁੱਕਲ ਵਿੱਚ ਜਾ ਪੈਂਦੇ ਹਨ। ਇਹ ਵੀ ਇੱਕ ਕੌੜਾ ਸੱਚ ਹੈ ਕਿ ਕਾਫ਼ੀ ਨੌਜਵਾਨ ਸੈਕਸ ਦੀ ਸਮੱਸਿਆ ਕਰਕੇ ਵੀ ਨਸ਼ਿਆਂ ਦਾ ਸਹਾਰਾ ਲੈਂਦੇ ਹੋਏ ਇਸ ਦੇ ਆਦੀ ਹੋ ਜਾਂਦੇ ਹਨ।

ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਵਾਲਿਆਂ ਦਾ ਇਹ ਭੁਲੇਖਾ ਦੂਰ ਕਰਨ ਦੀ ਲੋੜ ਹੈ ਕਿ ਨਸ਼ੇੜੀ ਇੱਥੇ ਆ ਕੇ ਠੀਕ ਹੋ ਜਾਂਦੇ ਹਨ, ਇਹ ਬਹੁਤ ਗਲਤ ਧਾਰਨਾ ਹੈ ਕਿਉਂਕਿ ਕੈਨੇਡਾ ਵਿੱਚ ਵੀ ਸਭ ਤਰ੍ਹਾਂ ਦੇ ਨਸ਼ੇ ਮਿਲਦੇ ਹਨ। ਕੈਨੇਡਾ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਤੁਸੀਂ ਨਸ਼ੇੜੀਆਂ ਨੂੰ ਆਮ ਹੀ ਕਿਸੇ ਚੌਂਕ ਵਿੱਚ ਮੰਗਦੇ ਹੋਏ ਦੇਖ ਸਕਦੇ ਹੋ। ਸ਼ਹਿਰਾਂ ਵਿੱਚ ਡਰੌਪ-ਇਨ-ਸੈਂਟਰ ਵਰਗੀਆਂ ਥਾਵਾਂ ’ਤੇ ਇਹ ਲੋਕ ਲਿਟੇ ਪਏ ਜਾਂ ਕੱਪੜਿਆਂ ਦੀਆਂ ਝੁੱਗੀਆਂ ਪਾ ਕੇ ਬੈਠੇ ਦੇਖੇ ਜਾ ਸਕਦੇ ਹਨ। ਰਾਤ ਬਰਾਤੇ ਸ਼ਰੀਫ਼ ਲੋਕ ਇਨ੍ਹਾਂ ਸੈਂਟਰਾਂ ਕੋਲੋਂ ਲੰਘਣ ਦੀ ਜੁਰਅੱਤ ਵੀ ਨਹੀਂ ਕਰਦੇ। ਕੈਲਗਰੀ, ਟੋਰਾਂਟੋ, ਵੈਨਕੂਵਰ, ਮੌਂਟਰੀਅਲ ਵਿੱਚ ਇਹ ਬੇਘਰੇ ਨਸ਼ੇੜੀ ਆਮ ਦੇਖੇ ਜਾ ਸਕਦੇ ਹਨ।

ਡਰੱਗ ਕੰਪਨੀਆਂ ਅਤੇ ਕਾਫ਼ੀ ਡਾਕਟਰਾਂ ਦੀ ਮਿਲੀਭੁਗਤ ਵੀ ਇਸ ਸਮੱਸਿਆ ਨੂੰ ਬਹੁਤ ਵਧਾ ਰਹੀ ਹੈ। ਸਮੱਸਿਆ ਦਰਦ ਨਿਵਾਰਕ ਗੋਲੀਆਂ ਤੋਂ ਸ਼ੁਰੂ ਹੁੰਦੀ ਹੋਈ ਬੰਦੇ ਨੂੰ ਇਨ੍ਹਾਂ ਨਸ਼ਿਆਂ ਦੀ ਗੁਲਾਮ ਕਰਨ ਤੱਕ ਚਲੀ ਜਾਂਦੀ ਹੈ। ਬਸ ਫਿਰ ਇੱਕ ਟੱਬਰ ਪਾਲਣ ਵਾਲਾ ਬੰਦਾ ਵੀ ਬੇਘਰ ਹੋ ਕੇ ਸੜਕਾਂ ’ਤੇ ਭੀਖ ਮੰਗਦਾ ਦਿਸਦਾ ਹੈ। ਜੇਕਰ ਸਰਕਾਰ ਇਨ੍ਹਾਂ ਡਰੱਗ ਕੰਪਨੀਆਂ ਦੀ ਜਾਂਚ ਕਰੇ ਤਾਂ ਹੋ ਸਕਦਾ ਕਾਫ਼ੀ ਤੱਥ ਸਾਹਮਣੇ ਆ ਸਕਦੇ ਹਨ। ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਇਹੋ ਜਿਹਾ ਪਰਿਵਾਰਕ ਸਿਸਟਮ ਬਣਾਇਆ ਜਾਵੇ ਜਿੱਥੇ ਘਰ ਦੇ ਇੱਕ ਜੀਅ ਦੀ ਆਮਦਨ ਨਾਲ ਘਰ ਚੱਲਦਾ ਹੋਵੇ ਤੇ ਘਰ ਦਾ ਦੂਜਾ ਮੈਂਬਰ ਬੱਚਿਆਂ ਦੀ ਦੇਖਭਾਲ ਕਰੇ। ਬੱਚਿਆਂ ਵਿੱਚ ਇਕੱਲਤਾ ਜਾਂ ਬੇਲੋੜੇ ਹੋਣ ਦੀ ਹੀਣ ਭਾਵਨਾ ਪੈਦਾ ਹੀ ਨਾ ਹੋਵੇ। ਇਹ ਇੱਕ ਸੱਚਾਈ ਹੈ ਕਿ ਡੇਅਕੇਅਰ ਨਾਲੋਂ ਘਰਾਂ ਵਿੱਚ ਪਲਣ ਵਾਲੇ ਬੱਚੇ ਜ਼ਿਆਦਾ ਸੰਤੁਲਿਤ ਅਤੇ ਪ੍ਰਤਿਭਾਸ਼ਾਲੀ ਹੁੰਦੇ ਹਨ, ਪਰ ਇਸ ਪੂੰਜੀਵਾਦੀ ਸਿਸਟਮ ਵਿੱਚ ਇਹ ਸਭ ਕੁਝ ਬਹੁਤ ਮੁਸ਼ਕਲ ਹੈ।