ਨਸ਼ਾ ਤਸਕਰਾਂ ਖ਼ਿਲਾਫ਼ ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ

ਨਸ਼ਾ ਤਸਕਰਾਂ ਖ਼ਿਲਾਫ਼ ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ

ਐਂਟੀ ਡਰੱਗ ਕਮੇਟੀਆਂ ਨੇ ਮੌੜ ਚੌਕ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਲਾਇਆ
ਰਾਮਪੁਰਾ ਫੂਲ਼ – ਐਂਟੀ ਡਰੱਗ ਕਮੇਟੀਆਂ ਦੇ ਜ਼ਿਲ੍ਹਾ ਪੱਧਰੀ ਸਾਂਝੇ ਫਰੰਟ ਦੇ ਸੱਦੇ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਐਂਟੀ ਡਰੱਗ ਕਮੇਟੀਆਂ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਵਾਉਣ ਤੇ ਐਂਟੀ ਡਰੱਗ ਕਮੇਟੀ ਮੈਂਬਰਾਂ ਉੱਪਰ ਪਾਏ ਪਰਚੇ ਰੱਦ ਕਰਵਾਉਣ ਲਈ ਸਥਾਨਕ ਮੌੜ ਮੰਡੀ ਚੌਕ ਵਿੱਚ ਧਰਨਾ ਦੇ ਕੇ ਤਿੰਨ ਘੰਟਿਆਂ ਲਈ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਜਾਮ ਰੱਖਿਆ ਗਿਆ। ਨਸ਼ਾ ਕਮੇਟੀਆਂ ਦੇ ਜ਼ਿਲ੍ਹਾ ਆਗੂ ਰਘੂ ਸਿੰਘ ਦੁੱਲੇਵਾਲਾ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਐਂਟੀ ਡਰੱਗ ਕਮੇਟੀ ਮੈਂਬਰਾਂ ਉੱਪਰ ਹੀ ਤਸਕਰਾਂ ਵੱਲੋਂ ਹਮਲੇ ਕਰਵਾਏ ਜਾ ਰਹੇ ਹਨ ਤੇ ਕਮੇਟੀ ਮੈਂਬਰਾਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਕਾਰਵਾਈਆਂ ਦੇ ਨਬਿੇੜੇ ਲਈ ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਡੀਐੱਸਪੀ ਫੂਲ਼ ਦਫ਼ਤਰ ਤੱਕ ਗੱਲ ਪਹੁੰਚਾਈ ਗਈ ਹੈ ਤੇ ਦਫ਼ਤਰ ਦਾ ਘਿਰਾਓ ਕਰ ਕੇ ਰੋਸ ਮੁਜ਼ਾਹਰੇ ਵੀ ਕੀਤੇ ਗਏ।

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੋਂ ਪਿੰਡਾਂ ਅੰਦਰ ਲੱਗੇ ਠੀਕਰੀ ਪਹਿਰਿਆਂ ਦੀ ਮੁਹਿੰਮ ਨੂੰ ਨਸ਼ਾ ਤਸਕਰਾਂ ਵੱਲੋਂ ਧਮਕੀਆਂ ਦੇ ਕੇ ਢਾਅ ਲਾਉਣੀ ਸ਼ੁਰੂ ਕੀਤੀ ਗਈ ਹੈ, ਉਦੋਂ ਤੋਂ ਹੀ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਹੋਣ ਵਰਗੀਆਂ ਘਟਨਾਵਾਂ ਦੁਬਾਰਾ ਤੋਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਭਾਕਿਯੂ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਕਲਾਂ ਨੇ ਕਿਹਾ ਕਿ ਨਸ਼ਾ ਵਿਰੋਧੀ ਕਮੇਟੀਆਂ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਢਾਅ ਲਾਉਣ ਲਈ ਪੁਲੀਸ ਬਹਾਨੇ ਬਣਾ ਰਹੀ ਹੈ ਕਿ ਇਹ ਕਮੇਟੀਆਂ ਵਾਲੇ ਤਾਂ ਆਪਸੀ ਰੰਜਿਸ਼ਾਂ ਕੱਢ ਰਹੇ ਹਨ ਤੇ ਜਣੇ ਖਣੇ ਦੀ ਤਲਾਸ਼ੀ ਲੈਂਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਧਰਨੇ ’ਚ ਪਹੁੰਚੇ ਹਜ਼ਾਰਾਂ ਦੀ ਗਿਣਤੀ ਲੋਕਾਂ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੇ ਲੋਕ ਇਹ ਮਾਰੂ ਨਸ਼ਿਆਂ ਖ਼ਿਲਾਫ਼ ਜਾਗ ਚੁੱਕੇ ਹਨ। ਇਸ ਦੌਰਾਨ ਧਰਨਾਕਾਰੀਆਂ ਦੀ ਡੀਐੱਸਪੀ ਫੂਲ ਨਾਲ ਭਲਕੇ 11 ਵਜੇ ਮੀਟਿੰਗ ਤਹਿ ਹੋਣ ਮਗਰੋਂ ਪੁਲੀਸ ਨੂੰ ਚਿਤਾਵਨੀ ਦਿੰਦਿਆਂ ਧਰਨਾ ਸਮਾਪਤ ਕੀਤਾ ਗਿਆ।