ਪਟਿਆਲਾ- ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਅਤੇ ਘਨੌਰ ਹਲਕਿਆਂ ਲਈ ਹਾਲ ਹੀ ’ਚ ਨਵੇਂ ਥਾਪੇ ਗਏ ਹਲਕਾ ਇੰਚਾਰਜਾਂ ਕਬੀਰ ਦਾਸ ਅਤੇ ਭੁਪਿੰਦਰ ਸਿੰਘ ਸ਼ੇਖੂਪੁਰ ਦਾ ਅੱਜ ਇੱਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਦੀ ਅਗਵਾਈ ਕਰਦਿਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਹਲਕਾ ਇੰਚਾਰਜਾਂ ਨੂੰ ਹੀ ਆਗਾਮੀ ਚੋਣਾਂ ਲਈ ਉਮੀਦਵਾਰ ਦੱਸਦਿਆਂ, ਵਰਕਰਾਂ ਨੂੰ ਹੁਣੇ ਤੋਂ ਤਿਆਰੀਆਂ ਵਿੱਢਣ ਦਾ ਸੱਦਾ ਦਿੱੱਤਾ। ਜ਼ਿਲ੍ਹੇ ਵੱਲੋਂ ਸ੍ਰੀ ਰੱਖੜਾ ਨੇ ਹੀ ਦੋਵਾਂ ਹਲਕਾ ਇੰਚਾਰਜਾਂ ਨੂੰ ਸਿਰੋਪੇ ਪਹਿਨਾਅ ਕੇ ਸਨਮਾਨਤ ਕੀਤਾ।
ਅੱਜ ਦੇ ਇਸ ਸਮਾਗਮ ’ਚ ਸੁਰਜੀਤ ਰੱਖੜਾ ਸਮੇਤ ਹਰਿੰਦਰਪਾਲ ਚੰਦੂਮਾਜਰਾ, ਬਿੱਟੂ ਚੱਠਾ, ਜਰਨੈਲ ਸਿੰਘ ਕਰਤਾਰਪੁਰ, ਇੰਦਰਮੋਹਣ ਬਜਾਜ, ਮਹਿੰਦਰ ਲਾਲਵਾ, ਸੁਖਬੀਰ ਅਬਲੋਵਾਲ, ਸੁਖਬੀਰ ਅਬਲੋਵਾਲ, ਅਮਰਿਦਰ ਬਜਾਜ ਤੇ ਜਗਜੀਤ ਕੋਹਲੀ ਸਮੇਤ ਕਈ ਹੋਰ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਕਬੀਰ ਦਾਸ ਦੋ ਵਾਰ ਰਾਖਵੇਂ ਹਲਕੇ ਨਾਭਾ ਤੋਂ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਦਾ ਜ਼ਿਆਦਾ ਬੋਲਬਾਲਾ ਸ਼ੁਤਰਾਣੇ ਹਲਕੇ ’ਚ ਹੈ। ਐਤਕੀ ਉਨ੍ਹਾਂ ਨੂੰ ਨਾਭਾ ਤੋਂ ਬਦਲ ਕੇ ਰਾਖਵੇਂ ਹਲਕੇ ਸ਼ੁਤਰਾਣਾ ਤੋਂ ਚਣ ਲੜਾਉਣ ਦਾ ਫੈਸਲਾ ਕਰਦਿਆਂ, ਦੋ ਦਿਨ ਪਹਿਲਾਂ ਸ਼ੁਤਰਾਣਾ ਦਾ ਹਲਕਾ ਇੰਚਾਰਜ ਥਾਪਿਆ ਗਿਆ ਹੈ। ਉਹ ਨਾ ਸਿਰਫ਼ ਦਲਿਤ ਭਾਈਚਾਰੇ, ਬਲਕਿ ਆਮ ਲੋਕਾਂ ’ਚ ਚੰਗਾ ਰਸੂਖ ਰੱਖਦੇ ਹਨ।
ਉਧਰ ਭੁਪਿੰਦਰ ਸਿੰਘ ਸ਼ੇਖੂਪੁਰ ਨੂੰ ਘਾਗ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਦੀ ਥਾਂ ਘਨੌਰ ਦਾ ਹਲਕਾ ਇੰਚਾਰਜ ਬਣਾਇਆ ਗਿਆ ਹੈ। ਸਾਧਾਰਨ ਵਰਕਰ ਭੁਪਿੰਦਰ ਸ਼ੇਖੂਪਰ ਮਿਹਨਤੀ ਨੌਜਵਾਨ ਹਨ। ਉਹ ਜ਼ਿਲ੍ਹਾ ਪਰਿਸ਼ਦ ਮੈਂਬਰ ਸਮੇਤ ਹੋਰ ਅਹੁਦਿਆਂ ’ਤੇ ਵੀ ਰਹੇ ਹਨ। ਪਾਰਟੀ ਨੇ ਲੋਕ ਸਭਾ ਚੋਣ ਲੜਾਉਣ ਲਈ ਚੰਦੂਮਾਜਰਾ ਨੂੰ ਐਤਕੀ ਫੇਰ ਸ੍ਰੀ ਆਨੰਦਪੁਰ ਸਾਹਿਬ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਦੌਰਾਨ ਹੀ ਸਾਧਾਰਨ ਪਰਿਵਾਰ ਦੇ ਸ਼ੇਖੂਪੁਰ ਦਾ ਹਲਕਾ ਇੰਚਾਰਜ ਵਜੋਂ ਦਾਅ ਲੱਗਿਆ ਹੈ।