ਨਵੇਂ ਸੰਸਦ ਭਵਨ ਦੇ ਉਦਘਾਟਨ ਬਾਰੇ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ

ਨਵੇਂ ਸੰਸਦ ਭਵਨ ਦੇ ਉਦਘਾਟਨ ਬਾਰੇ ਸੁਣਵਾਈ ਤੋਂ ਸੁਪਰੀਮ ਕੋਰਟ ਦੀ ਨਾਂਹ

ਵੈਕੇਸ਼ਨ ਬੈਂਚ ਨੇ ਪਟੀਸ਼ਨ ਵਾਪਸ ਲਈ ਦੱਸ ਕੇ ਖਾਰਜ ਕੀਤੀ
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਨਵੇਂ ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਕਰਵਾਉਣ ਸਬੰਧੀ ਲੋਕ ਸਭਾ ਸਕੱਤਰੇਤ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਸਿਖਰਲੀ ਕੋਰਟ ਨੇ ਪਟੀਸ਼ਨ ਵਾਪਸ ਲੈ ਲਏ ਜਾਣ ਬਾਰੇ ਦੱਸ ਕੇ ਖਾਰਜ ਕਰ ਦਿੱਤੀ। ਜਸਟਿਸ ਜੇ.ਕੇ.ਮਹੇਸ਼ਵਰੀ ਤੇ ਜਸਟਿਸ ਪੀ.ਐੱਸ.ਨਰਸਿਮ੍ਹਾ ਦੇ ਵੈਕੇਸ਼ਨ ਬੈਂਚ ਨੇ ਪਟੀਸ਼ਨਰ ਵਕੀਲ ਸੀ.ਆਰ. ਜਯਾ ਸੁਕਿਨ ਨੂੰ ਕਿਹਾ ਕਿ ਕੋਰਟ ਸਮਝਦੀ ਹੈ ਕਿ ਇਹ ਪਟੀਸ਼ਨ ਕਿਉਂ ਤੇ ਕਿਵੇਂ ਦਾਖ਼ਲ ਕੀਤੀ ਗਈ ਹੈ ਤੇ ਕੋਰਟ ਸੰਵਿਧਾਨ ਦੀ ਧਾਰਾ 32 ਤਹਿਤ ਇਸ ਨੂੰ ਸੁਣਨ ਲਈ ਮਜਬੂਰ ਨਹੀਂ ਹੈ। ਵੈਕੇਸ਼ਨ ਬੈਂਚ ਨੇ ਪਟੀਸ਼ਨਰ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਇਸ ਵਿਚ ਤੁਹਾਡਾ ਕੀ ਮਕਸਦ ਹੈ? ਸਾਨੂੰ ਸਮਝ ਨਹੀਂ ਆਈ ਕਿ ਤੁਸੀਂ ਅਜਿਹੀਆਂ ਪਟੀਸ਼ਨਾਂ ਨਾਲ ਕਿਉਂ ਆੲੇ…ਧਾਰਾ 32 ਤਹਿਤ ਇਸ ਪਟੀਸ਼ਨ ਨੂੰ ਸੁਣਨ ’ਚ ਸਾਡੀ ਕੋਈ ਦਿਲਚਸਪੀ ਨਹੀਂ ਹੈ।’’

ਸੁਣਵਾਈ ਦੌਰਾਨ ਪਟੀਸ਼ਨਰ ਨੇ ਕਿਹਾ ਕਿ ਧਾਰਾ 79 ਤਹਿਤ ਰਾਸ਼ਟਰਪਤੀ ਦੇਸ਼ ਦੀ ਪ੍ਰਬੰਧਕੀ ਮੁਖੀ ਹੈ ਤੇ ਉਨ੍ਹਾਂ ਨੂੰ ਸੱਦਾ ਦਿੱਤਾ ਜਾਣਾ ਚਾਹੀਦਾ ਸੀ। ਇਸ ’ਤੇ ਬੈਂਚ ਨੇ ਕਿਹਾ, ‘‘ਧਾਰਾ 79 ਦਾ ਉਦਘਾਟਨ ਨਾਲ ਕੀ ਲੈਣਾ-ਦੇਣਾ ਹੈ?’’ ਪਟੀਸ਼ਨਰ ਨੇ ਕਿਹਾ ਕਿ ਕੋਰਟ ਜੇਕਰ ਪਟੀਸ਼ਨ ਸੁਣਨਾ ਨਹੀਂ ਚਾਹੁੰਦੀ ਤਾਂ ਉਸ ਨੂੰ ਇਹ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ’ਤੇ ਕੇਂਦਰ ਵੱਲੋਂ ਪੇਸ਼ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਪਟੀਸ਼ਨ ਹਾਈ ਕੋਰਟ ਵਿੱਚ ਦਾਖ਼ਲ ਕੀਤੀ ਜਾਵੇਗੀ। ਬੈਂਚ ਨੇ ਪਟੀਸ਼ਨ ਨੂੰ ਵਾਪਸ ਲਈ ਦੱਸ ਕੇ ਰੱਦ ਕਰ ਦਿੱਤਾ। ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਸਕੱਤਰੇਤ ਤੇ ਕੇਂਦਰ ਸਰਕਾਰ ਵੱਲੋਂ ਉਦਘਾਟਨੀ ਸਮਾਗਮ ਲਈ ਸੱਦਾ ਨਾ ਦੇ ਕੇ ਰਾਸ਼ਟਰਪਤੀ ਨੂੰ ‘ਬੇਇੱਜ਼ਤ’ ਕੀਤਾ ਜਾ ਰਿਹੈ। ਪਟੀਸ਼ਨਰ ਨੇ ਕਿਹਾ ਸੀ ਕਿ ਰਾਸ਼ਟਰਪਤੀ ਨੂੰ ਸੱਦਾ ਨਾ ਦੇਣ ਦਾ ਫੈਸਲਾ ‘‘ਗੈਰਕਾਨੂੰਨੀ, ਮਨਮਾਨੀ, ਅਧਿਕਾਰਾਂ ਦੀ ਦੁਰਵਰਤੋਂ ਅਤੇ ਕੁਦਰਤੀ ਨਿਆਂ ਦੇ ਸਿਧਾਤਾਂ ਦੀ ਖਿਲਾਫ਼ਵਰਜ਼ੀ ਸੀ। ਸੁਪਰੀਮ ਕੋਰਟ ਦੇ ਵਕੀਲ ਨੇ ਇਹ ਪਟੀਸ਼ਨ ਅਜਿਹੇ ਮੌਕੇ ਦਾਖਲ ਕੀਤੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਮਈ ਨੂੰ ਕੀਤੇ ਜਾਣ ਵਾਲੇ ਤਜਵੀਜ਼ਤ ਉਦਘਾਟਨ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਕਾਂਗਰਸ ਸਣੇ 20 ਵਿਰੋਧੀ ਪਾਰਟੀਆਂ ਰਾਸ਼ਟਰਪਤੀ ਨੂੰ ‘ਲਾਂਭੇ ਕੀਤੇ ਜਾਣ’ ਦੇ ਵਿਰੋਧ ਵਿੱਚ ਉਦਘਾਟਨੀ ਸਮਾਗਮ ਦੇ ਬਾਈਕਾਟ ਦਾ ਫੈਸਲਾ ਕਰ ਚੁੱਕੀਆਂ ਹਨ।

ਨਵੇਂ ਸੰਸਦ ਭਵਨ ’ਤੇ ਹਰੇਕ ਭਾਰਤੀ ਨੂੰ ਮਾਣ ਹੋਵੇਗਾ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਵੀਂ ਸੰਸਦ ਦੀ ਇਮਾਰਤ ’ਤੇ ਹਰੇਕ ਭਾਰਤੀ ਨੂੰ ਮਾਣ ਹੋਵੇਗਾ। ਉਨ੍ਹਾਂ ਇਸ ਨਵਨਿਰਮਤ ਕੰਪਲੈਕਸ ਦੀ ਵੀਡੀਓ ਟਵਿੱਟਰ ’ਤੇ ਪੋਸਟ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਅੱਗੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਹੈਸ਼ਟੈਗ ‘ਮਾਈਪਾਰਲੀਮੈਂਟਮਾਈਪ੍ਰਾਈਡ’ (ਮੇਰੀ ਸੰਸਦ ਮੇਰਾ ਮਾਣ) ਨਾਲ ਸਾਂਝਾ ਕਰਨ। ਉਨ੍ਹਾਂ ਅਪੀਲ ਕੀਤੀ ਕਿ ਲੋਕ ਇਸ ਵੀਡੀਓ ਬਾਰੇ ਆਪਣੇ ਵਿਚਾਰ ਰੱਖਣ, ਜਿਸ ਨੂੰ ਉਹ ਅੱਗੇ ਮੁੜ ਟਵੀਟ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ਸਾਂਝੀ ਕੀਤੀ ਵੀਡੀਓ ਲੋਕ ਸਭਾ ਤੇ ਰਾਜ ਸਭਾ ਸਣੇ ਨਵੀਂ ਸੰਸਦੀ ਇਮਾਰਤ ਦਾ ਵਰਚੁਅਲ ਟੂਰ ਲੁਆਉਂਦੀ ਹੈ। ਅਧਿਕਾਰੀਆਂ ਨੇ ਕਿਹਾ ਕਿ 28 ਮਈ ਨੂੰ ਸਵੇਰੇ 7 ਵਜੇ ਨਵੀਂ ਸੰਸਦੀ ਇਮਾਰਤ ਦੇ ਬਾਹਰ ਹਵਨ ਹੋਵੇਗਾ ਤੇ ਸ਼ੈਵ ਮੰਦਰ ਦੇ ਸਿਖਰਲੇ ਪੁਜਾਰੀਆਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਰਸਮੀ ਰਾਜਦੰਡ ਸੇਂਗੋਲ ਸੌਂਪਿਆ ਜਾਵੇਗਾ। ਸੇਂਗੋਲ ਮਗਰੋਂ ਨਵੀਂ ਸੰਸਦੀ ਇਮਾਰਤ ਵਿੱਚ ਸਪੀਕਰ ਦੇ ਆਸਣ ਨੇੜੇ ਸਥਾਪਿਤ ਕੀਤਾ ਜਾਵੇਗਾ। ਤਿਕੋਣੇ ਆਕਾਰ ਵਾਲੀ ਚਾਰ ਮੰਜ਼ਿਲਾ ਸੰਸਦੀ ਇਮਾਰਤ 64,500 ਘਣ ਮੀਟਰ ਦੇ ਖੇਤਰ ਵਿਚ ਉਸਾਰੀ ਗਈ ਹੈ। ਇਸ ਇਮਾਰਤ ਵਿੱਚ ਤਿੰਨ ਮੁੱਖ ਦੁਆਰ- ਗਿਆਨ ਦੁਆਰ, ਸ਼ਕਤੀ ਦੁਆਰ ਤੇ ਕਰਮਾ ਦੁਆਰ ਹਨ।