ਨਵੇਂ ਸਾਲ ਦੇ ਸਵਾਗਤ ਲਈ ਸਜੀ ਦਿੱਲੀ; ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ

ਨਵੇਂ ਸਾਲ ਦੇ ਸਵਾਗਤ ਲਈ ਸਜੀ ਦਿੱਲੀ; ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ

ਨਵੀਂ ਦਿੱਲੀ- ਨਵੇਂ ਸਾਲ 2023 ਦੇ ਸਵਾਗਤ ਲਈ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਸਜ ਚੁੱਕੀ ਹੈ ਤੇ ਬਾਜ਼ਾਰਾਂ ਵਿੱਚ ਨਵੇਂ ਸਾਲ ਦੀ ਆਮਦ ਦੀ ਆਹਟ ਮਹਿਸੂਸ ਕੀਤੀ ਜਾ ਸਕਦੀ ਹੈ। ਦਿੱਲੀ ਦੇ ਬਾਜ਼ਾਰਾਂ ਵਿੱਚ ਸ਼ੋਅ ਰੂਮ, ਦੁਕਾਨਾਂ ਤੋਂ ਇਲਾਵਾ ਮਾਲ ਤੇ ਵੱਡੀਆਂ ਮਾਰਕੀਟਾਂ ਨਵੀਂ ਵਹੁਟੀ ਵਾਂਗ ਸਜ ਚੁੱਕੀਆਂ ਹਨ। ਦੁਕਾਨਦਾਰਾਂ ਤੇ ਕੰਪਨੀਆਂ ਵੱਲੋਂ ਨਵੇਂ ਸਾਲ ਉਪਰ ਰਿਆਇਤਾਂ ਦਾ ਐਲਾਨ ਵੀ ਕੀਤਾ ਗਿਆ ਹੈ। ਸ਼ਹਿਰ ਦੇ ਰੈਸਤਰਾਂ, ਕੈਫੇ, ਹੋਟਲ, ਬੀਅਰ ਬਾਰਾਂ, ਢਾਬੇ ਆਦਿ ਵੀ ਜਸ਼ਨਾਂ ਲਈ ਤਿਆਰ ਹਨ। ਨੋਇਡਾ ਅਤੇ ਆਸ-ਪਾਸ ਦੇ ਇਲਾਕਿਆਂ ਸਮੇਤ ਦੁਨੀਆਂ ਭਰ ਦੇ ਲੋਕ ਨਵੇਂ ਸਾਲ 2023 ਦਾ ਸਵਾਗਤ ਮੌਜ-ਮਸਤੀ ਅਤੇ ਤਿਉਹਾਰਾਂ ਨਾਲ ਕਰਨਾ ਚਾਹੁਣਗੇ ਕਿਉਂਕਿ ਸਾਲ 2022 ਦਾ ਅੰਤ ਹੋਣ ਜਾ ਰਿਹਾ ਹੈ ਤੇ 2023 ਦੀ ਸ਼ੁਰੂਆਤ ਵੀ ਚੰਗੇ ਅਤੇ ਤਿਉਹਾਰਾਂ ਵਾਲੇ ਮਾਹੌਲ ਨਾਲ ਹੋਵੇਗੀ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦਿੱਲੀ-ਐੱਨਸੀਆਰ, ਨੋਇਡਾ ਤੇ ਗੁਰੂਗ੍ਰਾਮ ਵਿੱਚ ਦਾਖਲ ਹੋਣ ਲਈ ਲੋਕਾਂ ਨੂੰ ਕੁਝ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ। ਮਨਮੋਹਕ ਰੋਸ਼ਨੀ, ਚਿੱਤਰਾਂ ਤੇ ਧੁਨੀ ਦੇ ਨਾਲ 2023 ਦਾ ਸਵਾਗਤ ਕਰਨ ਲਈ ਇੱਕ ਵਿਸ਼ਾਲ ਕਾਊਂਟਡਾਊਨ ਨੱਚਣ ਲਈ ਮਜਬੂਰ ਕਰੇਗਾ।

ਫਰੀਦਾਬਾਦ (ਪੱਤਰ ਪ੍ਰੇਰਕ): ਦਿੱਲੀ-ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗ੍ਰੈਟਰ ਨੋਇਡਾ, ਗਾਜ਼ੀਆਬਾਦ ਤੇ ਸੋਨੀਪਤ ਆਦਿ ਵਿੱਚ ਵੀ ਨਵੇਂ ਸਾਲ ਦੀ ਖੁਸ਼ੀ ਵਿੱਚ ਰੌਣਕਾਂ ਦੇਖੀਆਂ ਜਾ ਸਕਦੀਆਂ ਹਨ। ਲੋਕਾਂ ਨੇ ਨਵੇਂ ਸਾਲ ਦੇ ਸਵਾਗਤ ਲਈ ਤਿਆਰੀ ਕਰ ਲਈ ਹੈ ਤੇ ਘਰਾਂ ਸਜਾ ਲਏ ਹਨ। ਰੈਸਤਰਾਂ, ਹੋਟਲਾਂ, ਮਾਲਾਂ ਵਿੱਚ ਰੌਣਕ ਦੇਖਣ ਵਾਲੀ ਹੈ।

ਦਿੱਲੀ ਆਬਕਾਰੀ ਮਹਿਕਮੇ ਵੱਲੋਂ ਛਾਪੇ

ਨਵੇਂ ਸਾਲ ਦੇ ਜਸ਼ਨਾਂ ਤੋਂ ਪਹਿਲਾਂ ਦਿੱਲੀ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਨੂੰ ਜਬਤ ਕਰਨ ਲਈ ਛਾਪੇ ਮਾਰਨੇ ਤੇਜ਼ ਕਰ ਦਿੱਤੇ ਹਨ। ਟੈਗੋਰ ਗਾਰਡਨ ਖੇਤਰ ਤੋਂ ਉੱਚ ਪੱਧਰੀ ਮਾਰਕਾ ਦੀਆਂ 1,037 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਰਾਮਦਗੀ ਵੀਰਵਾਰ ਨੂੰ ਇਕ ਗੁਦਾਮ ਤੋਂ ਕੀਤੀ ਗਈ। ਸ਼ਰਾਬ ਨੂੰ ਵਟਸਐਪ ਰਾਹੀਂ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ ਅਤੇ ਪੂਰੀ ਤਸਦੀਕ ਤੋਂ ਬਾਅਦ ਉਨ੍ਹਾਂ ਤੱਕ ਪਹੁੰਚਾਇਆ ਜਾਂਦਾ ਸੀ। ਵਿਭਾਗ ਦੇ ਐਕਸਾਈਜ਼ ਇੰਟੈਲੀਜੈਂਸ ਬਿਊਰੋ ਨੂੰ ਸੂਚਨਾ ਮਿਲੀ ਸੀ ਕਿ ਟੈਗੋਰ ਗਾਰਡਨ ਐਕਸਟੈਂਸ਼ਨ ਇਲਾਕੇ ਦੇ ਇੱਕ ਗੁਦਾਮ ਵਿੱਚ ਨਾਮਵਰ ਬਰਾਂਡ ਦੀਆਂ ਸ਼ਰਾਬ ਦੀਆਂ ਬੋਤਲਾਂ ਛੁਪਾ ਕੇ ਰੱਖੀਆਂ ਗਈਆਂ ਹਨ। ਸਹਾਇਕ ਪੁਲੀਸ ਕਮਿਸ਼ਨਰ ਰਾਜੇਸ਼ ਮੀਨਾ ਦੀ ਅਗਵਾਈ ਵਿੱਚ ਬਿਊਰੋ ਦੀ ਟੀਮ ਨੇ ਰਾਜੌਰੀ ਗਾਰਡਨ ਥਾਣਾ ਖੇਤਰ ਦੇ ਗੁਦਾਮ ’ਤੇ ਛਾਪਾ ਮਾਰਿਆ ਗਿਆ। ਆਬਕਾਰੀ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਹਾਤੇ ਦੀ ਤਲਾਸ਼ੀ ਲੈਣ ’ਤੇ ਵੱਡੀ ਮਾਤਰਾ ਵਿੱਚ ਸ਼ਰਾਬ ਜਬਤ ਕੀਤੀ ਗਈ। ਜਬਤ ਕੀਤੀ ਗਈ ਸ਼ਰਾਬ ‘ਵਨ ਪਲੱਸ ਵਨ ਸਕੀਮ’ ਦੌਰਾਨ ਖਰੀਦੀ ਗਈ ਸੀ, ਜੋ ਕਿ ਹੁਣ ਰੱਦ ਕੀਤੀ ਗਈ ਆਬਕਾਰੀ ਨੀਤੀ 2021-22 ਦੇ ਤਹਿਤ ਕੰਮ ਕਰ ਰਹੀ ਸੀ। ਮੁਲਜ਼ਮਾਂ ਖ਼ਿਲਾਫ਼ ਰਾਜੌਰੀ ਗਾਰਡਨ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਅਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।