ਨਵੇਂ ਸਾਲ ਦੀ ਆਮਦ ’ਤੇ ਸੰਗਤ ਗੁਰਦੁਆਰਾ ਬੰਗਲਾ ਸਾਹਿਬ ’ਚ ਨਤਮਸਤਕ

ਨਵੇਂ ਸਾਲ ਦੀ ਆਮਦ ’ਤੇ ਸੰਗਤ ਗੁਰਦੁਆਰਾ ਬੰਗਲਾ ਸਾਹਿਬ ’ਚ ਨਤਮਸਤਕ

ਨਵੀਂ ਦਿੱਲੀ : ਨਵੇਂ ਸਾਲ ਦੀ ਆਮਦ ’ਤੇ ਦਿੱਲੀ-ਐਨਸੀਆਰ ਦੇ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ’ਤੇ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮਾਂ ਵਿਚ ਸੰਗਤਾਂ ਦਾ ਸੈਲਾਬ ਉਮੜ ਪਿਆ ਤੇ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ। ਜਾਣਕਾਰੀ ਅਨੁਸਾਰ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਨਾਨਕ ਪਿਆਊ ਸਾਹਿਬ ਸਮੇਤ ਸਾਰੇ ਪ੍ਰਮੁੱਖ ਗੁਰਦੁਆਰਿਆਂ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਦੌਰਾਨ ਮੁੱਖ ਸਮਾਗਮ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਇਆ, ਜਿੱਥੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦੇ ਰਾਗੀ ਜਥੇ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਿਆ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨਵੇਂ ਸਾਲ ’ਤੇ ਇਹ ਵਿਸ਼ੇਸ਼ ਗੁਰਮਤਿ ਸਮਾਗਮ ਇਸ ਵਾਸਤੇ ਕਰਵਾਏ ਜਾਂਦੇ ਤਾਂ ਜੋ ਨੌਜਵਾਨ ਪੀੜ੍ਹੀ ਕਲੱਬਾਂ ਜਾਂ ਹੋਰ ਅਜਿਹੀਆਂ ਥਾਵਾਂ ’ਤੇ ਜਾ ਕੇ ਨਸ਼ੇ ਵਿਚ ਧੁੱਤ ਹੋਕੇ ਨਵਾਂ ਸਾਲ ਮਨਾਉਣ ਦੀ ਥਾਂ ਗੁਰੂ ਕੇ ਸਿੱਖ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਬਾਣੀ ਦਾ ਸਿਮਰਨ ਕਰਦਿਆਂ ਗੁਰਮਤਿ ਅਨੁਸਾਰ ਨਵਾਂ ਸਾਲ ਮਨਾਵੇ। ਉਨ੍ਹਾਂ ਕਿਹਾ ਕਿ ਇਹ ਭਾਵੇਂ ਅੰਗਰੇਜ਼ੀ ਕੈਲੰਡਰ ਅਨੁਸਾਰ ਨਵਾਂ ਸਾਲ ਹੈ ਪਰ ਸਿੱਖ ਕੌਮ ਦਾ ਨਵਾਂ ਸਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਹਿਲੀ ਚੇਤ ਜੋ ਕਿ ਮਾਰਚ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਉਸ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਘਾਲਣਾ ਕਰਕੇ ਸਿੱਖ ਬੁੱਧੀਜੀਵੀਆਂ ਨੇ ਆਪਣਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਜਿਸ ਅਨੁਸਾਰ ਸਾਰੀ ਸਿੱਖ ਆਪਣੇ ਦਿਹਾੜੇ ਮਨਾਉਂਦੀ ਹੈ। ਰਾਜੌਰੀ ਗਾਰਡਨ ਸਿੰਘ ਤੇ ਪੱਛਮੀ ਦਿੱਲੀ ਦੀਆਂ ਹੋਰ ਸਿੰਘ ਸਭਾਵਾਂ ਵੱਲੋਂ ਨਵੇਂ ਸਾਲ ਦਾ ਸਵਾਗਤ ਕਰਨ ਲਈ ਵਿਸ਼ੇਸ਼ ਦੀਵਾਨ ਸਜਾਏ ਗਏ। ਇਸੇ ਤਰ੍ਹਾਂ ਐਨਸੀਆਰ ਦੇ ਸ਼ਹਿਰਾਂ ਫਰੀਦਾਬਾਦ ਦੇ ਸੈਕਟਰ-9, ਸੈਕਟਰ-7 ਐਨਆਈਟੀ ਦੇ ਕਈ ਗੁਰਦੁਆਰਿਆਂ, ਗੁਰੂਗਰਾਮ, ਗਾਜ਼ੀਆਬਾਦ, ਬੱਲਭਗੜ੍ਹ, ਨੋਇਡਾ, ਸੋਨੀਪਤ ਸਮੇਤ ਪੇਂਡੂ ਇਲਾਕਿਆਂ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਵੀ ਧਾਰਮਿਕ ਸਮਾਗਮ ਕਰਵਾਏ ਤੇ ਰਾਤ ਦੇਰ ਤੱਕ ਦੀਵਾਨਾਂ ਵਿੱਚ ਸੰਗਤ ਨੇ ਗੁਰਬਾਣੀ ਸਰਵਣ ਕੀਤੀ। ਸੈਕਟਰ-15 ਦੀ ਸਿੰਘ ਸਭਾ ਦੀ ਪ੍ਰਧਾਨ ਸ੍ਰੀਮਤੀ ਰਾਣਾ ਕੌਰ ਭੱਟੀ ਨੇ ਦੱਸਿਆ ਕਿ ਇੱਥੇ ਗੁਰਦੁਆਰੇ ਵਿੱਚ ਸੰਗਤ ਦੀ ਖਾਸੀ ਗਿਣਤੀ ਸੀ।