ਨਵੇਂ ਡਾਕਟਰਾਂ ਲਈ ਲਾਜ਼ਮੀ ਹੋਵੇਗੀ ਸਰਕਾਰੀ ਸੇਵਾ: ਸਿਹਤ ਮੰਤਰੀ

ਨਵੇਂ ਡਾਕਟਰਾਂ ਲਈ ਲਾਜ਼ਮੀ ਹੋਵੇਗੀ ਸਰਕਾਰੀ ਸੇਵਾ: ਸਿਹਤ ਮੰਤਰੀ

ਪ੍ਰਸ਼ਨ ਕਾਲ ਦੌਰਾਨ ਦਿੱਤਾ ਜਵਾਬ; ਸਰਕਾਰੀ ਹਸਪਤਾਲਾਂ ’ਚ ਸੇਵਾ ਨਾ ਕਰਨ ਬਦਲੇ ਸਰਕਾਰ ਨੇ 57 ਡਾਕਟਰਾਂ ਤੋਂ 6 ਕਰੋੜ ਰੁਪਏ ਵਸੂਲੇ
ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ’ਚ ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਸਵਾਲ ਦੇ ਜਵਾਬ ’ਚ ਅੱਜ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਕਿਹਾ ਕਿ ਐੱਮਡੀ ਪਾਸ ਡਾਕਟਰਾਂ ਤੋਂ ਸਰਕਾਰੀ ਸੇਵਾਵਾਂ ਲਏ ਜਾਣ ਨੂੰ ਲਾਜ਼ਮੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਸ ਵਰ੍ਹਿਆਂ ’ਚ ਸਰਕਾਰੀ ਮੈਡੀਕਲ ਕਾਲਜਾਂ ’ਚੋਂ ਪੀਜੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਤੋਂ ਬਾਂਡ ਦੀ ਸ਼ਰਤ ਮੁਤਾਬਕ ਸਰਕਾਰੀ ਹਸਪਤਾਲਾਂ ’ਚ ਸੇਵਾਵਾਂ ਨਹੀਂ ਲਈਆਂ ਗਈਆਂ, ਜਿਸ ਤਹਿਤ ਸਰਕਾਰ ਨੇ 57 ਡਾਕਟਰਾਂ ਤੋਂ 6 ਕਰੋੜ ਰੁਪਏ ਵਸੂਲੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਮੋਗਾ ਵਿੱਚ ਸਰਕਾਰੀ ਮੈਡੀਕਲ ਕਾਲਜ ਬਣਾਏ ਜਾਣ ਲਈ ਇੱਕ ਪਿੰਡ ਦੀ ਪੰਚਾਇਤ ਨੇ ਜ਼ਮੀਨ ਦੇਣ ਲਈ ਮਤਾ ਦਿੱਤਾ ਹੈ। ਪੰਜਾਬ ’ਚ ਚਾਰ ਮੈਡੀਕਲ ਕਾਲਜਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀਆਂ ਖ਼ਾਲੀ ਅਸਾਮੀਆਂ ਦਾ ਮੁੱਦਾ ਚੁੱਕਿਆ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ’ਚ ਮੈਡੀਕਲ ਕਾਲਜ ਬਣਾਉਣ ਦਾ ਸਵਾਲ ਚੁੱਕਿਆ। ਬਾਜਵਾ ਵੱਲੋਂ ਉਠਾਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਲੰਪੀ ਸਕਿਨ ਕਾਰਨ ਪ੍ਰਭਾਵਿਤ ਹੋਏ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਲਈ ਕੇਂਦਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਮੁਆਵਜ਼ੇ ’ਚ ਆਪਣਾ ਹਿੱਸਾ ਵੀ ਪਾਵੇਗੀ। ਇਸ ਮੌਕੇ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਇਸ ਬਿਮਾਰੀ ਕਾਰਨ ਪਿੰਡਾਂ ’ਚ ਹੱਡਾ ਰੋੜੀਆਂ ਦੀ ਘਾਟ ਸਾਹਮਣੇ ਆਈ ਸੀ। ਮੰਤਰੀ ਨੇ ਦੱਸਿਆ ਕਿ ਇਸ ਦੀ ਵੈਕਸੀਨੇਸ਼ਨ ’ਤੇ 1.54 ਕਰੋੜ ਰੁਪਏ ਖ਼ਰਚੇ ਗਏ ਹਨ। ਵਿਧਾਇਕ ਡਾ. ਰਵਜੋਤ ਸਿੰਘ ਦੇ ਸਵਾਲ ਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਜਲੰਧਰ ਤੋਂ ਗਗਰੇਟ ਨੈਸ਼ਨਲ ਹਾਈਵੇ ਦਾ 39.12 ਕਿੱਲੋਮੀਟਰ ਦਾ ਹਿੱਸਾ ਪੂਰਾ ਕਰਨ ਸਬੰਧੀ ਕੇਂਦਰ ਸਰਕਾਰ ਨੂੰ ਲਿਖ ਕੇ 13.74 ਕਰੋੋੜ ਦੀ ਰਾਸ਼ੀ ਮਨਜ਼ੂਰੀ ਕਰਨ ਦੀ ਤਜਵੀਜ਼ ਵੀ ਭੇਜੀ ਹੈ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਤੀਫਪੁਰਾ ਦਾ ਮਾਮਲਾ ਵੀ ਉਠਾਇਆ। ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ ਸ਼ਹਿਰ ’ਚ ਪਾਣੀ ਦੀ ਨਿਕਾਸੀ ਬਾਰੇ ਸਵਾਲ ਪੁੱਛਿਆ, ਜਿਸ ਦੇ ਜਵਾਬ ’ਚ ਸਥਾਨਕ ਸਰਕਾਰ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਸੀਵਰੇਜ ਦੀ ਸਮੇਂ ਸਿਰ ਸਫ਼ਾਈ ਕੀਤੀ ਗਈ ਹੈ ਤੇ ਬਾਕੀ ਸਮੱਸਿਆ ਦੇ ਹੱਲ ਲਈ ਨਵੀਂ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਦੇ ਸਿਵਲ ਹਸਪਤਾਲ ’ਚ ਖ਼ਾਲੀ ਅਸਾਮੀਆਂ ਬਾਰੇ ਸਵਾਲ ਚੁੱਕਿਆ ਜਿਸ ਦੇ ਜਵਾਬ ’ਚ ਸਿਹਤ ਮੰਤਰੀ ਨੇ ਛੇਤੀ ਅਸਾਮੀਆਂ ਭਰਨ ਦੀ ਗੱਲ ਕਹੀ। ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਵਿਚ ਏਅਰਪੋਰਟ ਰੋਡ ’ਤੇ ਸੜਕੀ ਆਵਾਜਾਈ ਦਾ ਮਾਮਲਾ ਉਠਾਇਆ, ਜਿਸ ਦੇ ਜਵਾਬ ’ਚ ਅਮਨ ਅਰੋੜਾ ਨੇ ਸ਼ਹਿਰ ’ਚ ਬਣਾਏ ਜਾ ਰਹੇ 16 ਚੌਕਾਂ ਬਾਰੇ ਦੱਸਿਆ।

ਵਜ਼ੀਰਾਂ ਦੀ ਗ਼ੈਰਹਾਜ਼ਰੀ ਤੋਂ ਸਪੀਕਰ ਖ਼ਫ਼ਾ

ਸਪੀਕਰ ਕੁਲਤਾਰ ਸਿੰਘ ਸੰਧਵਾਂ ਪ੍ਰਸ਼ਨ ਕਾਲ ਮੌਕੇ ਵਜ਼ੀਰਾਂ ਦੀ ਗ਼ੈਰਹਾਜ਼ਰੀ ਤੋਂ ਕਾਫ਼ੀ ਖ਼ਫ਼ਾ ਹੋਏ। ਅੱਜ ਸਬੰਧਤ ਵਜ਼ੀਰ ਹਾਜ਼ਰ ਨਾ ਹੋਣ ਕਾਰਨ ਪ੍ਰਸ਼ਨ ਕਾਲ ਮੌਕੇ ਕਈ ਸਵਾਲ ਮੁਲਤਵੀ ਕਰਨੇ ਪਏ। ਮੰਤਰੀ ਹਰਜੋਤ ਸਿੰਘ ਬੈਂਸ ਗ਼ੈਰਹਾਜ਼ਰ ਰਹੇ, ਜਦਕਿ ਵਜ਼ੀਰ ਹਰਪਾਲ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ ਤੇ ਚੇਤੰਨ ਸਿੰਘ ਜੌੜਾਮਾਜਰਾ ਕਾਫ਼ੀ ਲੇਟ ਪੁੱਜੇ। ਸਪੀਕਰ ਨੇ ਡਾ. ਨਿੱਝਰ ਨੂੰ ਵਜ਼ੀਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ।

ਮਾਲੀਏ ’ਚ 15.56 ਫ਼ੀਸਦੀ ਵਾਧਾ ਹੋਇਆ: ਜਿੰਪਾ

ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਸਾਲ 15.56 ਫ਼ੀਸਦੀ ਮਾਲੀਆ ਵੱਧ ਪ੍ਰਾਪਤ ਹੋਇਆ ਹੈ। ਚਲੰਤ ਮਾਲੀ ਵਰ੍ਹੇ ’ਚ 3534 ਕਰੋੜ ਰੁਪਏ ਦੀ ਆਮਦਨ ਹੋਈ ਹੈ ਤੇ ਮਾਰਚ ਵਿੱਚ ਸਵਾ ਦੋ ਫ਼ੀਸਦ ਦੀ ਛੋਟ ਵੀ ਦਿੱਤੀ ਗਈ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਅਸ਼ਟਾਮ ਫ਼ੀਸ ਵਿਚ ਛੋਟ ਹੋਰ ਸਮੇਂ ਲਈ ਦਿੱਤੀ ਜਾਵੇ।

ਛੱਪੜਾਂ ਬਾਰੇ ਪਾਇਲਟ ਪ੍ਰਾਜੈਕਟ ਜਲਦ: ਧਾਲੀਵਾਲ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਦੇ ਬਾਹਰ ਜ਼ਮੀਨ ਨਹੀਂ ਮਿਲ ਰਹੀ ਅਤੇ ਜਿੱਥੇ ਪਿੰਡਾਂ ਵਿੱਚ ਛੱਪੜ ਨਹੀਂ ਹਨ, ਉੱਥੇ ਜ਼ਮੀਨ ਖ਼ਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਅਤੇ ਗੰਦੇ ਪਾਣੀ ਲਈ ਵੱਖੋ ਵੱਖਰੇ ਛੱਪੜ ਬਣਾਏ ਜਾਣ ਬਾਰੇ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦੀ ਤਜਵੀਜ਼ ਹੈ।

ਸੇਖੋਂ ਨੇ ਚੁੱਕਿਆ ਸੜਕਾਂ ਦਾ ਮੁੱਦਾ

ਬਜਟ ਸੈਸ਼ਨ ਦੇ ਦੂਸਰੇ ਦਿਨ ਧਿਆਨ ਦਿਵਾਊ ਮਤੇ ਪੇਸ਼ ਕੀਤੇ ਗਏ। ‘ਆਪ’ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਅੰਗਹੀਣ ਪੈਦਾ ਹੋਏ ਜਾਂ ਮੰਦਬੁੱਧੀ ਬੱਚਿਆਂ ਨੂੰ ਵਿੱਤੀ ਮਦਦ ਜਾਂ ਵਿਸ਼ੇਸ਼ ਪੈਨਸ਼ਨ ਦੇਣ ਵੱਲ ਧਿਆਨ ਦਿਵਾਇਆ, ਜਦਕਿ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੋਰਾਹਾ ਤੋਂ ਲੁਧਿਆਣਾ ਬਾਈਪਾਸ ਦੀ ਖਸਤਾ ਹਾਲਤ ਬਾਰੇ ਦੱਸਿਆ।