ਨਵਜੋਤ ਸਿੱਧੂ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਨਵਜੋਤ ਸਿੱਧੂ ਵੱਲੋਂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਅੱਗੇ ਦੇ ਰਾਹ ਲਈ ਉਸਾਰੂ ਚਰਚਾ ਹੋਈ: ਨਵਜੋਤ ਸਿੱਧੂ
ਗੁਰਨਾਮ ਸਿੰਘ ਅਕੀਦਾ

ਪਟਿਆਲਾ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਪਹੁੰਚ ਗਏ ਹਨ। ਉਥੇ ਉਨ੍ਹਾਂ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਸਿੱਧੂ ਦੀਆਂ ਭਾਜਪਾ ਵਿੱਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ। ਇਸ ਮੁਲਾਕਾਤ ਨਾਲ ਸਿੱਧੂ ਨੇ ਇਕ ਵਾਰ ਫਿਰ ਸ਼ਾਂਤ ਰਹਿੰਦੇ ਹੋਏ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਉਨ੍ਹਾਂ ਅੱਜ ਸਵੇਰੇ ‘ਐਕਸ’ ’ਤੇ ਆਪਣੇ ਦਿੱਲੀ ਦੌਰੇ ਦੀ ਤਸਵੀਰ ਸਾਂਝੀ ਕੀਤੀ ਹੈ। ਸਿੱਧੂ ਨੇ ਤਸਵੀਰ ਨਾਲ ਲਿਖਿਆ, ‘‘ਅੱਜ ਉਨ੍ਹਾਂ ਨਾਲ ਦਿੱਲੀ ਵਿੱਚ ਮੁਲਾਕਾਤ ਹੋਈ। ਅੱਗੇ ਦੇ ਰਾਹ ’ਤੇ ਹਾਂ-ਪੱਖੀ ਚਰਚਾ ਹੋਈ।’’ ਕੱਲ੍ਹ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ 10 ਸਕਿੰਟਾਂ ਦੀ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇੱਕ ਸ਼ੇਅਰ ਸੁਣਾ ਕੇ ਵਿਰੋਧੀਆਂ ਵੱਲ ਇਸ਼ਾਰਾ ਕੀਤਾ ਸੀ।

ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਚੰਡੀਗੜ੍ਹ ਵਿੱਚ ਇਕ ਸਮਾਗਮ ਦੌਰਾਨ ਨਵਜੋਤ ਸਿੱਧੂ ’ਤੇ ਵਿਅੰਗ ਕੱਸਿਆ ਸੀ। ਇਸ ਮੌਕੇ ਉਨ੍ਹਾਂ ਨੇ ਨਵਜੋਤ ਸਿੱਧੂ ਦੀ ਤੁਲਨਾ ਇੱਕ ਵਿਆਹ ਵਿੱਚ ਦਿੱਤੇ ਜਾਂਦੇ ਸੂਟ ਨਾਲ ਕੀਤੀ ਸੀ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਡੇਢ ਮਹੀਨੇ ਤੋਂ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਵੱਖ ਹੋ ਚੁੱਕੇ ਹਨ। ਉਹ ਨਾ ਤਾਂ ਕਾਂਗਰਸ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਨਾ ਹੀ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਮਰਾਲਾ ਕਨਵੈਨਸ਼ਨ ਵਿੱਚ ਸ਼ਾਮਲ ਹੋਏ ਸਨ। ਹਾਲਾਂਕਿ ਉਹ ਕਾਂਗਰਸੀ ਨੇਤਾਵਾਂ ਨਾਲ ਜ਼ਰੂਰ ਮੁਲਾਕਾਤ ਕਰ ਰਹੇ ਹਨ।