ਨਫ਼ਰਤ ਦਾ ਬਾਜ਼ਾਰ ਬੰਦ, ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹੀਆਂ: ਰਾਹੁਲ

ਨਫ਼ਰਤ ਦਾ ਬਾਜ਼ਾਰ ਬੰਦ, ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹੀਆਂ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਨਫ਼ਰਤ ’ਤੇ ਮੁਹੱਬਤ ਦੀ ਜਿੱਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਅਜਿਹੇ ਨਤੀਜੇ ਹੋਰ ਸੂਬਿਆਂ ’ਚ ਵੀ ਦੁਹਰਾਏ ਜਾਣਗੇ। ਰਾਹੁਲ ਨੇ ਸ਼ਾਇਰਾਨਾ ਅੰਦਾਜ਼ ’ਚ ਕਿਹਾ,‘‘ਸੂਬੇ ’ਚ ਨਫ਼ਰਤ ਦਾ ਬਾਜ਼ਾਰ ਬੰਦ ਹੋਇਆ, ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹੀਆਂ।’’ ਇਥੇ ਪਾਰਟੀ ਦਫ਼ਤਰ ’ਤੇ ਆਤਿਸ਼ਬਾਜ਼ੀ ਦੀ ਆਵਾਜ਼ ਅਤੇ ਕਾਂਗਰਸ ਵਰਕਰਾਂ ਦੀ ਨਾਅਰੇਬਾਜ਼ੀ ਦਰਮਿਆਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਰਨਾਟਕ ਦੇ ਲੋਕਾਂ, ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਵਧਾਈ ਦਿੱਤੀ। ‘ਮੈਨੂੰ ਖੁਸ਼ੀ ਹੈ ਕਿ ਅਸੀਂ ਨਫ਼ਰਤ ਅਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੇ ਬਿਨਾਂ ਕਰਨਾਟਕ ਦੀਆਂ ਚੋਣਾਂ ਲੜੀਆਂ। ਅਸੀਂ ਮੁਹੱਬਤ ਨਾਲ ਚੋਣਾਂ ਲੜੀਆਂ। ਕਰਨਾਟਕ ’ਚ ਨਫ਼ਰਤ ਦਾ ਬਾਜ਼ਾਰ ਬੰਦ ਹੋਇਆ ਅਤੇ ਮੁਹੱਬਤ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ।’ ਰਾਹੁਲ ਨੇ ਕਿਹਾ ਕਿ ਕਰਨਾਟਕ ਚੋਣਾਂ ਦੌਰਾਨ ਇਕ ਪਾਸੇ ਪੂੰਜੀਪਤੀਆਂ ਦੀ ਤਾਕਤ ਸੀ ਅਤੇ ਦੂਜੇ ਪਾਸੇ ਗਰੀਬ ਲੋਕ ਸਨ। ਉਨ੍ਹਾਂ ਦਾਅਵਾ ਕੀਤਾ ਕਿ ਗਰੀਬਾਂ ਦੀ ਮਜ਼ਬੂਤੀ ਨੇ ਪੂੰਜੀਪਤੀਆਂ ਦੀ ਤਾਕਤ ਨੂੰ ਹਰਾ ਦਿੱਤਾ ਅਤੇ ਇਹ ਘਟਨਾਕ੍ਰਮ ਹੁਣ ਸਾਰੇ ਸੂਬਿਆਂ ’ਚ ਦੁਹਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਨਾਟਕ ਦੇ ਲੋਕਾਂ ਨਾਲ ਪੰਜ ਵਾਅਦੇ ਕੀਤੇ ਸਨ ਜਿਨ੍ਹਾਂ ਨੂੰ ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ।