ਨਕੋਦਰ ਹੱਤਿਆ ਕਾਂਡ: ਜ਼ਖ਼ਮੀ ਸੁਰੱਖਿਆ ਕਰਮੀ ਨੇ ਵੀ ਦਮ ਤੋੜਿਆ

ਨਕੋਦਰ ਹੱਤਿਆ ਕਾਂਡ: ਜ਼ਖ਼ਮੀ ਸੁਰੱਖਿਆ ਕਰਮੀ ਨੇ ਵੀ ਦਮ ਤੋੜਿਆ

ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ; ਕੱਪੜਾ ਵਪਾਰੀ ਦਾ ਸਸਕਾਰ
ਜਲੰਧਰ/ਸ਼ਾਹਕੋਟ-ਇਥੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿਮੀ ਚਾਵਲਾ (39) ਦੀ ਬੀਤੀ ਰਾਤ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੌਰਾਨ ਜ਼ਖ਼ਮੀ ਹੋਏ ਉਸ ਦੇ ਸੁਰੱਖਿਆ ਕਰਮੀ ਦੀ ਵੀ ਅੱਜ ਮੌਤ ਹੋ ਗਈ। ਮ੍ਰਿਤਕ ਪੁਲੀਸ ਮੁਲਾਜ਼ਮ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ।

ਇਸ ਘਟਨਾ ਖ਼ਿਲਾਫ਼ ਵਾਪਰੀਆਂ ਨੇ ਰੋਸ ਵਜੋਂ ਅੱਜ ਨਕੋਦਰ ਸ਼ਹਿਰ ਬੰਦ ਰੱਖਿਆ ਅਤੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਮ੍ਰਿਤਕ ਟਿਮੀ ਚਾਵਲਾ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਉਸ ਦੇ ਘਰ ਦੋ ਧੀਆਂ ਹਨ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਘੋਖ ਕਰ ਰਹੀ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਡਿਊਟੀ ਦੌਰਾਨ ਮਾਰੇ ਗਏ ਪੰਜਾਬ ਪੁਲੀਸ ਦੇ ਸਿਪਾਹੀ ਨੂੰ ਦੋ ਕਰੋੜ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਡੀਜੀਪੀ ਨੇ ਸਿਪਾਹੀ ਮਨਦੀਪ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟ ਕਰਦਿਆਂ ਟਵੀਟ ਕੀਤਾ ਹੈ। ਜ਼ਿਕਰਯੋਗ ਹੈ ਕਿ ਰੰਗਦਾਰੀ ਦੇਣ ਤੋਂ ਨਾਂਹ ਕਰਨ ਵਾਲੇ ਨਕੋਦਰ ਦੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿਮੀ ਚਾਵਲਾ ਨੂੰ ਬੁੱਧਵਾਰ ਰਾਤ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਸਨ ਜਦੋਂ ਉਹ ਆਪਣੇ ਸ਼ੋਅਰੂਮ ਵਿੱਚੋਂ ਬਾਹਰ ਨਿਕਲ ਰਿਹਾ ਸੀ। ਇਸ ਘਟਨਾ ਵਿੱਚ ਟਿਮੀ ਚਾਵਲਾ ਦਾ ਗੰਨਮੈਨ ਸਿਪਾਹੀ ਮਨਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੇ ਅੱਜ ਦਮ ਤੋੜ ਦਿੱਤਾ। ਏਡੀਜੀਪੀ (ਕਾਨੂੰਨ) ਅਰਪਿਤ ਸ਼ੁਕਲਾ ਨੇ ਅੱਜ ਪੁਲੀਸ ਦੇ ਜਵਾਨ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੋਟਲੀ ਗਾਜਰਾਂ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਆਖਿਆ ਕਿ ਅਪਰਾਧੀਆਂ ਦਾ ਖ਼ਾਤਮਾ ਕਰਕੇ ਸ਼ਹੀਦੀਆਂ ਦਾ ਮੁੱਲ ਮੋੜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਆਪਣੇ ਬਿਆਨਾਂ ਵਿੱਚ ਗੰਨਮੈਨ ਮਨਦੀਪ ਸਿੰਘ ਨੇ ਦੱਸਿਆ ਸੀ ਕਿ ਉਹ ਅਜੇ ਕਾਰ ਵਿਚ ਬੈਠ ਹੀ ਰਿਹਾ ਸੀ ਕਿ ਗੋਲੀਬਾਰੀ ਸ਼ੁਰੂ ਹੋ ਗਈ। ਜਵਾਬ ਵਿੱਚ ਉਸ ਨੇ ਵੀ ਫ਼ਾਇਰ ਕੀਤੇ, ਜਿਨ੍ਹਾਂ ਵਿਚੋਂ ਇੱਕ ਹਮਲਾਵਰ ਨੂੰ ਗੋਲੀ ਲੱਗੀ ਸੀ। ਜਾਣਕਾਰੀ ਅਨੁਸਾਰ ਪਹਿਲੀ ਨਵੰਬਰ ਨੂੰ ਟਿਮੀ ਚਾਵਲਾ ਨੂੰ ਰਿੰਦਾ ਦੇ ਨਾਂਅ ’ਤੋਂ ਵੱਟਸਐਪ ਕਾਲ ਆਈ ਸੀ ਜਿਸ ਵਿੱਚ 30 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ। ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ। ਪੁਲੀਸ ਨੇ ਕੇਸ ਦਰਜ ਕਰ ਲਿਆ ਸੀ ਅਤੇ ਟਿਮੀ ਚਾਵਲਾ ਨੂੰ ਗੰਨਮੈਨ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਟਿਮੀ ਚਾਵਲਾ ਨੂੰ ਧਮਕੀਆਂ ਭਰੇ ਫੋਨ ਆ ਰਹੇ ਸਨ।