ਨਕੋਦਰ ਗੋਲੀ ਕਾਂਡ: ਸਿਪਾਹੀ ਮਨਦੀਪ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਨਕੋਦਰ ਗੋਲੀ ਕਾਂਡ: ਸਿਪਾਹੀ ਮਨਦੀਪ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਆਈਜੀ ਵੱਲੋਂ ਪੁਲੀਸ ਮੁਲਾਜ਼ਮ ਤੇ ਕੱਪੜਾ ਕਾਰੋਬਾਰੀ ਦੇ ਕਾਤਲਾਂ ਨੂੰ ਛੇਤੀ ਕਾਬੂ ਕਰਨ ਦਾ ਭਰੋਸਾ
ਸ਼ਾਹਕੋਟ- ਨਕੋਦਰ ਗੋਲੀ ਕਾਂਡ ਵਿੱਚ ਕੱਪੜਾ ਕਾਰੋਬਾਰੀ ਦੇ ਨਾਲ ਮਾਰੇ ਗਏ ਉੁਸ ਦੇ ਸੁਰੱਖਿਆ ਕਰਮੀ ਪੰਜਾਬ ਪੁਲੀਸ ਦੇ ਸਿਪਾਹੀ ਮਨਦੀਪ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਕੋਟਲੀ ਗਾਜਰਾਂ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਪੁਲੀਸ ਦੇ ਜਵਾਨਾਂ ਨੇ ਸਿਪਾਹੀ ਮਨਦੀਪ ਸਿੰਘ ਨੂੰ ਸਲਾਮੀ ਦਿੱਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਈਜੀ ਜਲੰਧਰ ਰੇਂਜ ਗੁਰਸ਼ਰਨ ਸਿੰਘ ਸੰਧੂ, ਐੱਸਐੱਸਪੀ ਜਲੰਧਰ (ਦਿਹਾਤੀ) ਸਵਰਨਦੀਪ ਸਿੰਘ, ਐੱਸਪੀ ਹੈੱਡਕੁਆਰਟਰ ਮਨਜੀਤ ਕੌਰ, ਐੱਸਡੀਐੱਮ ਸ਼ਾਹਕੋਟ ਅਮਨਪਾਲ ਸਿੰਘ, ਐੱਸਐੱਚਓ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ‘ਆਪ’ ਦੇ ਸਪੋਰਟਸ ਵਿੰਗ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬਲਕਾਰ ਸਿੰਘ ਚੱਠਾ ਸਣੇ ਵੱਡੀ ਗਿਣਤੀ ’ਚ ਪਤਵੰਤੇ ਤੇ ਲੋਕ ਹਾਜ਼ਰ ਸਨ।

ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਦੋ ਕਰੋੜ ਦੀ ਰਾਸ਼ੀ ਵਿਚੋਂ ਦੋ ਲੱਖ ਰੁਪਏ ਦਾ ਚੈੱਕ ਸਿਪਾਹੀ ਦੇ ਪਿਤਾ ਬਲਵਿੰਦਰ ਸਿੰਘ ਨੂੰ ਸੌਂਪਿਆ। ਇਸ ਦੌਰਾਨ ਮਨਦੀਪ ਸਿੰਘ ਦੀ ਚਿਖਾ ਨੂੰ ਉਸ ਦੇ ਪਿਤਾ, ਭਰਾ ਅਤੇ ਦੋ ਸਾਲਾਂ ਦੇ ਪੁੱਤਰ ਨੇ ਅਗਨੀ ਦਿਖਾਈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਈਜੀ ਸੰਧੂ ਨੇ ਕਿਹਾ ਕਿ ਸਿਪਾਹੀ ਮਨਦੀਪ ਸਿੰਘ ਅਤੇ ਕੱਪੜਾ ਕਾਰੋਬਾਰੀ ਦਾ ਕਤਲ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲੀਸ ਅਧਿਕਾਰੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜੋ ਤੇਜ਼ੀ ਨਾਲ ਕਾਤਲਾਂ ਦੀ ਭਾਲ ’ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਛੇਤੀ ਹੀ ਕਾਤਲਾਂ ਨੂੰ ਕਾਬੂ ਕਰ ਲਿਆ ਜਾਵੇਗਾ।