ਨਕਦੀ ਬਰਾਮਦਗੀ ਮਾਮਲਾ: ਭਾਜਪਾ ਵੱਲੋਂ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ

ਨਕਦੀ ਬਰਾਮਦਗੀ ਮਾਮਲਾ: ਭਾਜਪਾ ਵੱਲੋਂ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ- ਕਾਂਗਰਸ ਦੇ ਸੰਸਦ ਮੈਂਬਰ ਧੀਰਜ ਪ੍ਰਸਾਦ ਸਾਹੂ ਦੇ ਅਦਾਰਿਆਂ ਤੋਂ ਕਰੀਬ 250 ਕਰੋੜ ਰੁਪਏ ਦੀ ਨਕਦੀ ਦੀ ਬਰਾਮਦਗੀ ਮਾਮਲੇ ’ਤੇ ਕਾਂਗਰਸ ਲੀਡਰਸ਼ਿਪ ਦੀ ਚੁੱਪੀ ਵਿਰੁੱਧ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਦੀ ਅਗਵਾਈ ਹੇਠ ਅੱਜ ਭਾਜਪਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਵਰਕਰਾਂ ਨੇ ਅਕਬਰ ਰੋਡ ਸਥਿਤ ਕਾਂਗਰਸ ਦੇ ਹੈੱਡਕੁਆਰਟਰ ਅੱਗੇ ਪ੍ਰਦਰਸ਼ਨ ਕੀਤਾ ਤੇ ਆਖਿਆ ਕਿ ਮਾਮਲੇ ਪ੍ਰਤੀ ਕਾਂਗਰਸ ਦੀ ਚੁੱਪ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੀ ਕਥਿਤ ਹਮਾਇਤ ਦੀ ਨਿਸ਼ਾਨੀ ਹੈ।

ਪ੍ਰਦਰਸ਼ਨ ਦੌਰਾਨ ਪੁਲੀਸ ਨੇ ਕਾਂਗਰਸ ਹੈੱਡਕੁਆਰਟਰ ਵੱਲ ਵਧ ਰਹੇ ਭਾਜਪਾ ਵਰਕਰਾਂ ਨੂੰ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਰਕਰਾਂ ਦੇ ਨਾ ਰੁਕਣ ’ਤੇ ਦਿੱਲੀ ਪੁਲੀਸ ਨੇ ਕਈਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤੁਗਲਕ ਰੋਡ ਥਾਣੇ ਵਿੱਚ ਲੈ ਗਈ। ਹਾਲਾਂਕਿ ਚਿਤਾਵਨੀ ਦੇਣ ਦੇ ਕੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।

ਪ੍ਰਦਰਸ਼ਨ ਦੀ ਅਗਵਾਈ ਵਰਿੰਦਰ ਸਚਦੇਵਾ, ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ, ਸੰਸਦ ਮੈਂਬਰ ਮਨੋਜ ਤਿਵਾੜੀ, ਰਮੇਸ਼ ਬਿਧੂੜੀ ਤੇ ਪ੍ਰਵੇਸ਼ ਸਾਹਿਬ ਸਿੰਘ, ਵਿਧਾਇਕ ਸਮਵਿਜੇਂਦਰ ਗੁਪਤਾ ਤੇ ਅਨਿਲ ਬਾਜਪਾਈ ਨੇ ਕੀਤੀ ਤੇ ਜੈਸਲਮੇਰ ਹਾਊਸ ਤੋਂ ਕਾਂਗਰਸ ਹੈੱਡਕੁਆਰਟਰ ਤੱਕ ਮਾਰਚ ਕੀਤਾ ਗਿਆ। ਸਚਦੇਵਾ ਨੇ ਕਿਹਾ ਕਿ ਕਿਹਾ, ‘‘ਅੱਜ ਕਾਂਗਰਸ ਨੂੰ ਜਵਾਬ ਮਿਲ ਗਿਆ ਹੈ ਕਿ ਜਾਂਚ ਏਜੰਸੀਆਂ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀਆਂ ਹਨ ਤੇ ਭ੍ਰਿਸ਼ਟਾਚਾਰੀਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸਾਡੀ ਮੰਗ ਹੈ ਕਿ ਧੀਰਜ ਪ੍ਰਸਾਦ ਸਾਹੂ ਦੀ ਰਾਜ ਸਭਾ ਮੈਂਬਰੀ ਮੁਅੱਤਲ ਕੀਤੀ ਜਾਵੇ ਤੇ ਕਾਂਗਰਸ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦੇਵੇ।’’