ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਨਗਰ ਕੀਰਤਨ ਮਨਟੀਕਾ ਕੈਲੀਫੋਰਨੀਆ ਵਿਖੇ ਸਜਾਇਆ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਨਗਰ ਕੀਰਤਨ ਮਨਟੀਕਾ ਕੈਲੀਫੋਰਨੀਆ ਵਿਖੇ ਸਜਾਇਆ

ਮਨਟੀਕਾ : ਸਿੱਖ ਪੰਥ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਗੁਰਪੁਰਬ ਬੜੀ ਹੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਗੁਰਦੁਆਰਾ ਗੁਰਮਤਿ ਪ੍ਰਕਾਸ਼ ਦਮਦਮੀ ਟਕਸਾਲ ਮਨਟੀਕਾ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਅਤੇ ਦੂਸਰਾ ਮਹਾਨ ਨਗਰ ਕੀਰਤਨ ਬੀਤੇ ਐਤਵਾਰ ਨੂੰ ਸਜਾਇਆ ਗਿਆ ਜਿਸ ਵਿਚ ਦੂਰੋਂ-ਦੂਰੋਂ ਪਹੁੰਚ ਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਅਰਦਾਸ ਕਰਨ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਸ਼ਹਿਰ ਵਿਚ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਗੁਰਦੁਆਰਾ ਸਾਹਿਬ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਵਿਸ਼ੇਸ਼ ਸਮਾਗਮ ਚਲ ਰਹੇ ਸਨ ਜਿਸ ਵਿਚ ਭਾਈ ਹਰਪਾਲ ਸਿੰਘ ਜੀ ਦਾ ਜਥਾ, ਭਾਈ ਸਰਵਣ ਸਿੰਘ ਜੀ ਦਾ ਜਥਾ ਅਤੇ ਵਿਸ਼ੇਸ਼ ਤੌਰ ’ਤੇ ਪੰਥ ਪ੍ਰਸਿੱਧ ਮੋਰਾਂਵਾਲੀ ਦੇ ਜਥੇ ਨੇ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਵਿਖੇ ਵੱਖ-ਵੱਖ ਸੇਵਾਦਾਰਾਂ ਵਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਦੇ ਸਟਾਲ ਲਗਾਏ ਗਏ ਜਿਸ ਵਿਚ ‘ਸਿੱਖ ਫਾਰ ਹੁਮੈਨਿਟੀ’ ਅਤੇ ਪੰਜਾਬੀ ਅਮੈਰੀਕਨ ਐਸੋਸੀਏਸ਼ਨ ਮਨਟੀਕਾ, ਪੀਜ਼ਾ ਟਵਿਸਟ ਮਨਟੀਕਾ ਅਤੇ ਹੋਰ ਵੱਖ-ਵੱਖ ਸੇਵਾਦਾਰਾਂ ਵਲੋਂ ਲੰਗਰ ਲਗਾਏ ਗਏ।