ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਪਿੰਡਾਂ ’ਚ ਪਾਣੀ ਭਰਿਆ

ਧੁੱਸੀ ਬੰਨ੍ਹ ਵਿੱਚ ਪਾੜ ਪੈਣ ਕਾਰਨ ਪਿੰਡਾਂ ’ਚ ਪਾਣੀ ਭਰਿਆ

ਪੱਟੀ/ਤਰਨ ਤਾਰਨ- ਹਰੀਕੇ ਹੈੱਡ ਵਰਕਸ ਦੇ ਹੇਠਲੇ ਖੇਤਰ ਪਿੰਡ ਘੜੁੰਮ ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿਚ ਅੱਜ ਪਾੜ ਪੈ ਗਿਆ ਜਿਸ ਕਾਰਨ ਪਿੰਡ ਬੂਹ, ਹਥਾੜ, ਬਸਤੀ ਲਾਲ ਸਿੰਘ, ਘੜੁੰਮ, ਕੁੱਤੀਵਾਲਾ ਸਭਰਾ ਆਦਿ ਪਿੰਡਾਂ ਵਿਚ ਪਾਣੀ ਭਰ ਗਿਆ। ਇਸ ਤੋਂ ਬਾਅਦ ਸਤਲੁਜ ਦਾ ਪਾਣੀ ਉਪਰਲੇ ਖੇਤਰ ਦੇ ਪਿੰਡਾਂ ਦੇ ਖੇਤਾਂ ਵਿੱਚ ਵੀ ਭਰ ਗਿਆ।

ਇਹ ਪਾੜ ਪਹਿਲਾਂ ਪੰਜ ਫੁੱਟ ਪਿਆ ਜੋ ਵਧਦਾ ਹੋਇਆ ਚਾਰ ਸੌ ਫੁੱਟ ਤਕ ਜਾ ਪੁੱਜਿਆ। ਜਾਣਕਾਰੀ ਅਨੁਸਾਰ ਦਰਿਆ ਦਾ ਪਾਣੀ ਘੜੁੰਮ ਤੋਂ ਇਲਾਵਾ ਬੂਹ, ਕੁੱਤੀਵਾਲਾ, ਘੁੱਲੇਵਾਲਾ, ਸਭਰਾ, ਮਲਾਹਵਾਲਾ, ਭੂਰਾ ਹਥਾੜ, ਗਗੜਕੇ, ਭਾਣੇਕੇ, ਗੁਦਾਈਕੇ, ਡੁੰਮਣੀਵਾਲਾ, ਸੀਤੋ ਮਹਿ ਝੁੱਗੀਆਂ, ਕੋਟ ਬੁੱਢਾ ਆਦਿ ’ਤੇ ਮਾਰ ਕਰਨ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਮੁੱਠਿਆਂਵਾਲਾ ਤੱਕ ਦੇ ਕੁੱਲ 39 ਪਿੰਡਾਂ ਦੀ ਹਜ਼ਾਰਾਂ ਏਕੜ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਪਤਾ ਲੱਗਿਆ ਹੈ ਕਿ ਇਹ ਪਾੜ ਪਹਿਲਾਂ ਪੰਜ ਤੋਂ ਸੱਤ ਫੁੱਟ ਤੱਕ ਪਿਆ ਸੀ ਜੋ ਦੇਖਦਿਆਂ ਹੀ ਦੇਖਦਿਆਂ 400 ਫੁੱਟ ਤੱਕ ਵੱਧ ਗਿਆ। ਸਭਰਾ ਪਿੰਡ ਦੇ ਵਾਸੀ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਮੰਡ ਖੇਤਰ ਵਿਚ ਹੀ ਫਸਲਾਂ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਪਾੜ ਪੈਣ ਨਾਲ ਮੰਡ ਤੋਂ ਉੱਪਰਲੇ ਹਿੱਸੇ ਦੇ ਖੇਤਾਂ ਦੀਆਂ ਫਸਲਾਂ ਵੀ ਨੁਕਸਾਨੀਆਂ ਗਈਆਂ ਹਨ। ਇਸ ਖਿੱਤੇ ਦੇ ਕਿਸਾਨ ਦੋ ਮਹੀਨਿਆਂ ਤੋਂ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਜਿਨ੍ਹਾਂ ਨੂੰ ਪਸ਼ੂਆਂ ਦੇ ਸੁੱਕੇ ਅਤੇ ਹਰੇ ਚਾਰੇ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਾਹਰ ਕੱਢਣ ਲਈ ਸੱਤ ਕਿਸ਼ਤੀਆਂ ਤੇ ਚਾਰ ਐੱਨਡੀਆਰਐੱਫ਼ ਟੀਮਾਂ ਜੁੱਟੀਆਂ ਹੋਈਆਂ ਹਨ। ਦਰਿਆ ਦੇ ਡਾਊਨ ਸਟਰੀਮ ਪਾਣੀ ਦੇ ਵਹਾਅ ਨੂੰ ਘੱਟ ਕਰਨ ਲਈ ਹਰੀਕੇ ਹੈੱਡ ਵਰਕਸ ਦੇ 15 ਗੇਟ ਬੰਦ ਕੀਤੇ ਗਏ ਹਨ ਤਾਂ ਕਿ ਰਾਹਤ ਕਾਰਜਾਂ ਵਿੱਚ ਪ੍ਰੇਸ਼ਾਨੀ ਨਾ ਆਵੇ।