ਧਾਰਾ 370 ਬਾਰੇ ਫ਼ੈਸਲਾ ਰੱਬ ਦਾ ਫ਼ੈਸਲਾ ਨਹੀਂ: ਮਹਿਬੂਬਾ

ਧਾਰਾ 370 ਬਾਰੇ ਫ਼ੈਸਲਾ ਰੱਬ ਦਾ ਫ਼ੈਸਲਾ ਨਹੀਂ: ਮਹਿਬੂਬਾ

ਸ੍ਰੀਨਗਰ- ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਬਹਾਲੀ ਲਈ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਧਾਰਾ 370 ’ਤੇ ਸੁਪਰੀਮ ਕੋਰਟ ਦਾ ਫ਼ੈਸਲਾ ‘ਪਰਮਾਤਮਾ ਦਾ ਫ਼ੈਸਲਾ ਨਹੀਂ’ ਹੈ। ਸੁਪਰੀਮ ਕੋਰਟ ਨੇ 11 ਦਸੰਬਰ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜ ਦੇਣ ਵਾਲੀ ਧਾਰਾ 370 ਨੂੰ ਰੱਦ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ, ਇਸ ਮਗਰੋਂ ਮਹਿਬੂਬਾ ਦਾ ਇਹ ਬਿਆਨ ਆਇਆ ਹੈ। ਸੁਪਰੀਮ ਕੋਰਟ ਨੇ ਇਸ ਦੇ ਨਾਲ ਹੀ ‘ਜਲਦੀ ਤੋਂ ਜਲਦੀ’ ਸੂਬੇ ਦਾ ਦਰਜਾ ਬਹਾਲ ਕਰਨ ਅਤੇ ਅਗਲੇ ਸਾਲ 30 ਸਤੰਬਰ ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਸੀ। ਮਹਿਬੂਬਾ ਮੁਫ਼ਤੀ ਨੇ ਕੁਪਵਾੜਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਹੈ। ਅਸੀਂ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਸੁਪਰੀਮ ਕੋਰਟ ਪਰਮਾਤਮਾ ਨਹੀਂ ਹੈ। ਇਸੇ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਸੰਵਿਧਾਨ ਸਭਾ ਦੀ ਸਿਫ਼ਾਰਿਸ਼ ਬਿਨਾਂ ਧਾਰਾ 370 ਵਿੱਚ ਸੋਧ ਨਹੀਂ ਕੀਤੀ ਜਾ ਸਕਦੀ ਹੈ। ਉਹ ਵੀ ਵਿਦਵਾਨ ਜੱਜ ਸੀ। ਅੱਜ ਕੁੱਝ ਹੋਰ ਜੱਜਾਂ ਨੇ ਫ਼ੈਸਲਾ ਸੁਣਾਇਆ। ਅਸੀਂ ਇਸ ਨੂੰ ਪਰਮਾਤਮਾ ਦਾ ਫ਼ੈਸਲਾ ਨਹੀਂ ਮੰਨ ਸਕਦੇ।’’

ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਿਰੋਧ ਕਰਨ ਵਾਲੇ ਲੋਕ ਚਾਹੁੰਦੇ ਹਨ ਕਿ ਅਸੀਂ ਹਾਰ ਮੰਨ ਲਈਏ। ਮਹਿਬੂਬਾ ਨੇ ਕਿਹਾ, ‘‘ਸਾਡੇ ਵਿਰੋਧੀ ਚਾਹੁੰਦੇ ਹਨ ਕਿ ਅਸੀਂ ਲੜਾਈ ਛੱਡ ਦੇਈਏ ਪਰ ਅਸੀਂ ਆਖ਼ਰੀ ਸਾਹ ਤੱਕ ਲੜਾਈ ਜਾਰੀ ਰੱਖਾਂਗੇ। ਅਸੀਂ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਵਿਅਰਥ ਨਹੀਂ ਜਾਣ ਦੇ ਸਕਦੇ।’’