ਧਾਰਮਿਕ ਸਾਹਿਤ ਛਾਪਣ ਵਾਲੀ ਸੰਸਥਾ ਵਿਵਾਦਾਂ ਵਿੱਚ ਘਿਰੀ

ਧਾਰਮਿਕ ਸਾਹਿਤ ਛਾਪਣ ਵਾਲੀ ਸੰਸਥਾ ਵਿਵਾਦਾਂ ਵਿੱਚ ਘਿਰੀ

ਅੰਮ੍ਰਿਤਸਰ- ਧਾਰਮਿਕ ਸਾਹਿਤ ਦੀ ਬੇਅਦਬੀ ਅਤੇ ਨਿਰਾਦਰ ਦੇ ਮਾਮਲੇ ਨੂੰ ਲੈ ਕੇ ਪੁਰਾਣੀ ਪ੍ਰਕਾਸ਼ਨ ਸੰਸਥਾ ‘ਚਤਰ ਸਿੰਘ ਜੀਵਨ ਸਿੰਘ’ ਮੁੜ ਵਿਵਾਦਾਂ ਵਿੱਚ ਘਿਰ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁਨਾਂ ਨੇ ਅੱਜ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਸਾਹਮਣੇ ਅਦਾਰੇ ਦੀ ਦੁਕਾਨ ਦੇ ਬਾਹਰ ਰੋਸ ਧਰਨਾ ਦਿੱਤਾ, ਜੋ ਰਾਤ ਵੇਲੇ ਵੀ ਜਾਰੀ ਸੀ।

ਇਸ ਪ੍ਰਕਾਸ਼ਨ ਅਦਾਰੇ ਖ਼ਿਲਾਫ਼ ਥਾਣਾ ਬੀ ਡਿਵੀਜ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਅਤੇ ਸਿੱਖ ਆਗੂ ਅਮਰੀਕ ਸਿੰਘ ਅਜਨਾਲਾ ਨੇ ਦੋਸ਼ ਲਾਇਆ ਕਿ ਅਦਾਰੇ ਦੀ ਈਸਟ ਮੋਹਨ ਨਗਰ ਸਥਿਤ ਫੈਕਟਰੀ ਵਿਚ ਬੀਤੀ ਸ਼ਾਮ ਛਾਪਾ ਮਾਰਿਆ ਗਿਆ ਸੀ। ਇੱਥੇ ਪੋਥੀਆਂ, ਗੁਟਕੇ ਤੇ ਹੋਰ ਧਾਰਮਿਕ ਸਾਹਿਤ ਦੀ ਪ੍ਰਕਾਸ਼ਨਾ ਕੀਤੀ ਜਾਂਦੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਪ੍ਰਿੰਟਿੰਗ ਪ੍ਰੈੱਸ ਵਾਲੀ ਥਾਂ ’ਤੇ ਕਾਮਿਆਂ ਵੱਲੋਂ ਕਥਿਤ ਤੌਰ ’ਤੇ ਤੰਬਾਕੂ, ਸਿਗਰਟ ਤੇ ਹੋਰ ਇਤਰਾਜ਼ਯੋਗ ਵਸਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਛਪੇ ਹੋਏ ਧਾਰਮਿਕ ਸਾਹਿਤ ਦੇ ਪੰਨੇ ਫਰਸ਼ ’ਤੇ ਖਿੱਲ੍ਹਰੇ ਹੋਏ ਸਨ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਫੈਕਟਰੀ ਵਿੱਚੋਂ ਤੰਬਾਕੂ, ਸਿਗਰਟ ਜਾਂ ਸ਼ਰਾਬ ਕੁੱਝ ਵੀ ਬਰਾਮਦ ਨਹੀਂ ਹੋਇਆ।

ਸਤਿਕਾਰ ਕਮੇਟੀ ਦੇ ਮੁਖੀ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਜਾਰੀ ਰਹੇਗਾ।

ਚਤਰ ਸਿੰਘ ਜੀਵਨ ਸਿੰਘ ਅਦਾਰੇ ਦੇ ਪ੍ਰਬੰਧਕਾਂ ਦਾ ਮੋਬਾਈਲ ਫੋਨ ਬੰਦ ਹੋਣ ਕਾਰਨ ਗੱਲਬਾਤ ਨਹੀਂ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਇੱਕ ਕਾਰਕੁਨ ਵੱਲੋਂ ਲਿਆਂਦੀ ਗਈ ਬੰਦੂਕ ਤੋਂ ਗੋਲੀ ਵੀ ਚੱਲੀ ਹੈ। ਇਸ ਬਾਰੇ ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਇਹ ਅਚਨਚੇਤੀ ਹੋਇਆ ਹੈ ਅਤੇ ਇਸ ਪਿੱਛੇ ਕੋਈ ਮੰਦਭਾਵਨਾ ਨਹੀਂ ਸੀ।