ਧਰਤੀ ਦੇ ਬਿਜਲੀ ਅਣੂਆਂ ਤੋਂ ਚੰਦ ’ਤੇ ਪੈਦਾ ਹੁੰਦੈ ਪਾਣੀ

ਧਰਤੀ ਦੇ ਬਿਜਲੀ ਅਣੂਆਂ ਤੋਂ ਚੰਦ ’ਤੇ ਪੈਦਾ ਹੁੰਦੈ ਪਾਣੀ

ਚੰਦਰਯਾਨ-1 ਮਿਸ਼ਨ ਦੇ ਰਿਮੋਟ ਸੈਂਸਿੰਗ ਡੇਟਾ ਦੀ ਸਮੀਖਿਆ ਤੋਂ ਹੋਇਆ ਖੁਲਾਸਾ
ਨਵੀਂ ਦਿੱਲੀ-ਵਿਗਿਆਨੀਆਂ ਨੂੰ ਭਾਰਤ ਦੇ ਚੰਦਰਯਾਨ-1 ਚੰਦ ਮਿਸ਼ਨ ਦੇ ਰਿਮੋਟ ਸੈਂਸਿਗ ਡੇਟਾ ਦੀ ਸਮੀਖਿਆ ਦੌਰਾਨ ਪਤਾ ਲੱਗਾ ਹੈ ਕਿ ਧਰਤੀ ਤੋਂ ਆਉਂਦੇ ਹਾਈ ਐਨਰਜੀ ਇਲੈਕਟਰੋਨਜ਼ (ਬਿਜਲਈ ਅਣੂ) ਚੰਦ ’ਤੇ ਪਾਣੀ ਪੈਦਾ ਹੋਣ ਦੀ ਵਜ੍ਹਾ ਹੋ ਸਕਦੇ ਹਨ। ਅਮਰੀਕਾ ਵਿੱਚ ਹਵਾਈ ਯੂਨੀਵਰਸਿਟੀ ਦੇ ਖੋਜਾਰਥੀਆਂ ਦੀ ਅਗਵਾਈ ਵਾਲੀ ਟੀਮ ਨੇ ਪਤਾ ਲਾਇਆ ਹੈ ਕਿ ਧਰਤੀ ਦੀ ਪਲਾਜ਼ਮਾ ਸ਼ੀਟ ਵਿੱਚ ਮੌਜੂਦ ਇਨ੍ਹਾਂ ਇਲੈਕਟਰੋਨਜ਼ ਕਰਕੇ ਚੰਦ ਦੀ ਸਤਹਿ ’ਤੇ ਚੱਟਾਨਾਂ ਤੇ ਧਾਤਾਂ ਟੁੱਟਦੀਆਂ ਹਨ ਜਾਂ ਫਿਰ ਖੁਰਦੀਆਂ ਹਨ।

‘ਨੇਚਰ ਐਸਟਰੋਨੋਮੀ’ ਨਾਂ ਦੇ ਰਸਾਲੇ ਵਿੱਚ ਪ੍ਰਕਾਸ਼ਿਤ ਵਿੱਚ ਖੋਜ ਮੁਤਾਬਕ ਚੰਦ ਦੀ ਸਤਹਿ ’ਤੇ ਪਾਣੀ ਦੀ ਮੌਜੂਦਗੀ ਦਾ ਇਕ ਕਾਰਨ ੲਿਹ ਇਲੈਕਟਰੋਨਜ਼ ਹੋ ਸਕਦੇ ਹਨ। ਖੋਜਾਰਥੀਆਂ ਨੇ ਕਿਹਾ ਕਿ ਇਹ ਨਵੀਂ ਲੱਭਤ ਚੰਦ ਦੇ ਸਥਾਈ ਹਨੇਰੇ ਵਾਲੇ ਖੇਤਰਾਂ ’ਚੋਂ ਬਰਫ਼ ਦੇ ਰੂਪ ਵਿੱਚ ਪਹਿਲਾਂ ਮਿਲੇ ਪਾਣੀ ਦੀ ਹੋਂਦ ਨੂੰ ਵਿਸਥਾਰ ਵਿਚ ਸਮਝਾਉਣ ’ਚ ਮਦਦਗਾਰ ਹੋਵੇਗੀ। ਚੰਦ ’ਤੇ ਪਾਣੀ ਦੇ ਅਣੂਆਂ ਦੀ ਖੋਜ ਵਿੱਚ ਚੰਦਰਯਾਨ-1 ਮਿਸ਼ਨ ਦੀ ਅਹਿਮ ਭੂਮਿਕਾ ਹੈ। ਸਾਲ 2008 ਵਿੱਚ ਸ਼ੁਰੂ ਕੀਤਾ ਇਹ ਮਿਸ਼ਨ ਭਾਰਤ ਦੇ ਚੰਦਰਯਾਨ ਪ੍ਰੋਗਰਾਮ ਤਹਿਤ ਭਾਰਤ ਦੀ ਚੰਦਰਮਾ ਨੂੰ ਲੈ ਕੇ ਪਲੇਠੀ ਖੋਜ ਪੜਤਾਲ ਹੈ। ਖੋਜ ਮੁਤਾਬਕ ਸੌਰ ਹਨੇਰੀ, ਜੋ ਉੱਚ ਊਰਜਾ ਵਾਲੇ ਕਣਾਂ ਜਿਵੇਂ ਪ੍ਰੋਟੋਨਜ਼ ਨਾਲ ਲੈਸ ਹੈ, ਚੰਦ ਦੀ ਸਤਹਿ ’ਤੇ ਬੁਛਾੜ ਕਰਦੀ ਹੈ ਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਚੰਦ ਦੀ ਸਤਹਿ ’ਤੇ ਪਾਣੀ ਪੈਦਾ ਹੋਣ ਦੇ ਮੁੱਢਲੇ ਤਰੀਕਿਆਂ ’ਚੋਂ ਇਕ ਹੈ।