ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾਇਆ

ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾਇਆ

ਲਖਨਊ- ਦੱਖਣੀ ਅਫਰੀਕਾ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਲੇਠੇ ਮੁਕਾਬਲੇ ਵਿੱਚ ਮਿਲੀ ਚੰਗੀ ਸ਼ੁਰੂਆਤ ਨੂੰ ਇਥੇ ਲਖਨਊ ਵਿੱਚ ਵੀ ਜਾਰੀ ਰੱਖਦਿਆਂ ਅੱਜ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਦਿੱਤੇ ਸੱਦੇ ’ਤੇ ਦੱਖਣੀ ਅਫ਼ਰੀਕਾ ਨੇ ਸਲਾਮੀ ਬੱਲੇਬਾਜ਼ ਕੁਇੰਟਨ ਡੀਕਾਕ(109) ਦੇ ਸੈਂਕੜੇ ਤੇ ਏਡਨ ਮਾਰਕਰਾਮ ਦੀਆਂ 44 ਗੇਂਦਾਂ ’ਤੇ 56 ਦੌੜਾਂ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿੱਚ 311 ਦੌੜਾਂ ਦਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀ ਪੂਰੀ ਟੀਮ 40.5 ਓਵਰਾਂ ਵਿੱਚ 177 ਦੌੜਾਂ ’ਤੇ ਆਊਟ ਹੋ ਗਈ। ਕੰਗਾਰੂਆਂ ਲਈ ਮਾਰਨਸ ਲਾਬੂਸ਼ੇਨ 46 ਦੌੜਾਂ ਨਾਲ ਟੌਪ ਸਕੋਰਰ ਰਿਹਾ। ਦੱਖਣੀ ਅਫਰੀਕਾ ਲਈ ਕਾਗਿਸੋ ਰਬਾਡਾ ਨੇ 33 ਦੌੜਾਂ ਬਦਲੇ ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਡੀਕਾਕ, ਜਿਸ ਨੇ ਸ੍ਰੀਲੰਕਾ ਖਿਲਾਫ਼ ਖੇਡੇ ਪਹਿਲੇ ਮੈਚ ਵਿਚ 84 ਗੇਂਦਾਂ ’ਤੇ 100 ਦੌੜਾਂ ਬਣਾਈਆਂ ਸਨ, ਨੇ ਅੱਜ ਲਖਨਊ ਦੇ ਏਕਾਨਾ ਸਟੇਡੀਅਮ ਵਿੱਚ 106 ਗੇਂਦਾਂ ’ਤੇ 109 ਦੌੜਾਂ ਦੀ ਪਾਰੀ ਖੇਡੀ। ਆਸਟਰੇਲੀਆ ਦੀ ਕ੍ਰਿਕਟ ਵਿਸ਼ਵ ਕੱਪ ਵਿੱਚ ਇਹ ਲਗਾਤਾਰ ਦੂਜੀ ਹਾਰ ਹੈ। ਕਪਤਾਨ ਪੈਟ ਕਮਿੰਨਸ ਦੀ ਅਗਵਾਈ ਵਾਲੀ ਟੀਮ ਨੂੰ ਮੇਜ਼ਬਾਨ ਭਾਰਤ ਖਿਲਾਫ਼ ਖੇਡੇ ਆਪਣੇ ਪਹਿਲੇ ਮੁਕਾਬਲੇ ਵਿੱਚ 6 ਵਿਕਟਾਂ ਦੀ ਸ਼ਿਕਸਤ ਝੱਲਣੀ ਪਈ ਸੀ। ਦੱਖਣੀ ਅਫਰੀਕਾ ਦੀ ਟੀਮ ਅੱਜ ਦੀ ਜਿੱਤ ਨਾਲ ਪੁਆਇੰਟਸ ਟੇਬਲ ਵਿੱਚ ਸਿਖਰ ’ਤੇ ਪਹੁੰਚ ਗਈ ਹੈ।