ਦੱਖਣੀ ਅਫਰੀਕਾ ਦੀ ਇੰਗਲੈਂਡ ਖ਼ਿਲਾਫ਼ ਰਿਕਾਰਡ ਜਿੱਤ

ਦੱਖਣੀ ਅਫਰੀਕਾ ਦੀ ਇੰਗਲੈਂਡ ਖ਼ਿਲਾਫ਼ ਰਿਕਾਰਡ ਜਿੱਤ

ਮੁੰਬਈ- ਹੈਨਰਿਕ ਕਲਾਸਨ ਦੇ ਤੇਜ਼ਤੱਰਾਰ ਸੈਂਕੜੇ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਦੱਖਣੀ ਅਫਰੀਕਾ ਨੇ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਦੇ ਮੈਚ ’ਚ ਮੌਜੂਦਾ ਚੈਂਪੀਅਨ ਇੰਗਲੈਂਡ ’ਤੇ 229 ਦੌੜਾਂ ਨਾਲ ਰਿਕਾਰਡ ਜਿੱਤ ਦਰਜ ਕੀਤੀ ਹੈ। ਦੱਖਣੀ ਅਫਰੀਕਾ ਦੀਆਂ 399 ਦੌੜਾਂ ਦੇ ਜਵਾਬ ’ਚ ਇੰਗਲੈਂਡ ਟੀਮ 22 ਓਵਰਾਂ ’ਚ 170 ਦੌੜਾਂ ਹੀ ਬਣਾ ਸਕੀ। ਇੱਕ ਦਿਨਾਂ ਮੈਚਾਂ ਵਿੱਚ ਇੰਗਲੈਂਡ ਦੀ ਇਹ ਸਭ ਤੋਂ ਵੱਡੀ ਹਾਰ ਹੈ ਜਦਕਿ ਦੱਖਣੀ ਅਫਰੀਕਾ ਦੀ ਇਹ ਜਿੱਤ ਵਿਸ਼ਵ ਕੱਪ ਇਤਿਹਾਸ ’ਚ ਦੌੜਾਂ ਦੇ ਲਿਹਾਜ਼ ਤੋਂ ਸਾਂਝੇ ਤੌਰ ’ਤੇ ਛੇਵੀਂ ਸਭ ਤੋਂ ਵੱਡੀ ਜਿੱਤ ਹੈ। ਹੈਨਰਿਕ ਕਲਾਸਨ ਨੂੰ ‘ਪਲੇਅਰ ਆਫ਼ ਦਿ ਮੈਚ’ ਚੁਣਿਆ ਗਿਆ।

ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦਿਆਂ ਹੈਨਰਿਕ ਕਲਾਸਨ (67 ਗੇਂਦਾਂ ’ਤੇ 109 ਦੌੜਾਂ) ਦੇ ਸੈਂਕੜੇ ਅਤੇ ਰੈਸੀ ਵਾਨ ਡੇਰ ਡੁਸੈਨ (60 ਦੌੜਾਂ), ਰੀਜ਼ਾ ਹੈਂਡਰਿਕਸ (85 ਦੌੜਾਂ) ਤੇ ਮਾਰਕੋ ਜਾਨਸੇਨ (75) ਦੇ ਨੀਮ ਸੈਂਕੜਿਆਂ ਸਦਕਾ 50 ਓਵਰਾਂ ’ਚ 9 ਵਿਕਟਾਂ ’ਤੇ 399 ਦੌੜਾਂ ਬਣਾਈਆਂ ਸਨ। ਜਿੱਤ ਲਈ 400 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਇੰਗਲੈਂਡ ਟੀਮ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਅੱਗੇ ਟਿਕ ਨਾ ਸਕੇ ਅਤੇ ਉਸ ਦੇ 8 ਬੱਲੇਬਾਜ਼ 100 ਦੌੜਾਂ ’ਤੇ ਪਵੈਲੀਅਨ ਪਰਤ ਗਏ ਹਾਲਾਂਕਿ ਗੁਸ ਐਟਕਨਿਸਨ (35 ਦੌੜਾਂ) ਅਤੇ ਮਾਰਕ ਵੁੱਡ (45 ਦੌੜਾਂ) ਨੇ ਨੌਵੀਂ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਦਾ ਸਕੋਰ 170 ਤੱਕ ਪਹੁੁੰਚਾਇਆ। ਦੱਖਣੀ ਅਫਰੀਕਾ ਵੱਲੋਂ ਗੇਰਾਲਡ ਕੋਇਟਜ਼ੀ ਨੇ 3 ਵਿਕਟਾਂ ਲਈਆਂ।