ਦੰਗਾਈਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮਮਤਾ ਬੈਨਰਜੀ

ਦੰਗਾਈਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮਮਤਾ ਬੈਨਰਜੀ

ਦੀਘਾ/ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸੂਬੇ ਦੇ ਰਾਜਪਾਲ ਸੀ.ਵੀ.ਆਨੰਦਾ ਬੋਸ ਨੇ ਅੱਜ ਕਿਹਾ ਕਿ ਦੰਗਾਈਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਿਸੇ ਨੂੰ ਵੀ ਕਾਨੂੰਨ ਹੱਥ ’ਚ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਬੈਨਰਜੀ ਜਿੱਥੇ ਪੂਰਬੀ ਮੇਦਨੀਪੁਰ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਥੇ ਰਾਜਪਾਲ ਨੇ ਹਿੰਸਾ ਦੀ ਮਾਰ ਹੇਠ ਆਏ ਇਲਾਕਿਆਂ ਦੀ ਫੇਰੀ ਮੌਕੇ ਉਪਰੋਕਤ ਗੱਲ ਕਹੀ। ਉਧਰ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤਾ ਮਜੂਮਦਾਰ ਤੇ ਸੁਵੇਂਦੂ ਅਧਿਕਾਰੀ ਨੇ ਹਿੰਸਾ ਵਾਲੇ ਇਲਾਕਿਆਂ ’ਚ ਸੰਵਿਧਾਨ ਦੀ ਧਾਰਾ 355 ਤਹਿਤ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਦੌਰਾਨ ਮਜੂਮਦਾਰ ਨੂੰ ਅੱਜ ਲਗਾਤਾਰ ਦੂਜੇ ਦਿਨ ਹਿੰਸਾ ਵਾਲੇ ਇਲਾਕਿਆਂ ’ਚ ਜਾਣ ਤੋਂ ਰੋਕਿਆ ਗਿਆ।

ਮੁੱਖ ਮੰਤਰੀ ਬੈਨਰਜੀ ਨੇ ਭਾਜਪਾ ’ਤੇ ਰਾਮ ਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ ਦੌਰਾਨ ਕਥਿਤ ਸਾਜ਼ਿਸ਼ ਤਹਿਤ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ। ਬੈਨਰਜੀ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਕਿਸੇ ਵੀ ਦੰਗਾਈ ਨੂੰ ਨਹੀਂ ਬਖ਼ਸ਼ਣਗੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ‘ਦੰਗਾਬਾਜ਼’ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬੈਨਰਜੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਭਾਜਪਾ ਨੇ ਦਾਅਵਾ ਕੀਤਾ ਸੀ ਕਿ ਜੇਕਰ ਉਹ ਬਿਹਾਰ ਦੀ ਸੱਤਾ ਵਿੱਚ ਆਈ ਤਾਂ ਦੰਗਾਈਆਂ ਨੂੰ ‘ਪੁੱਠੇ ਟੰਗੇਗੀ’। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਅਜਿਹੀ ਕਾਰਵਾਈ ‘ਉਨ੍ਹਾਂ ਦੇ ਗੁੰਡਿਆਂ’ ਖਿਲਾਫ਼ ਕਿਉਂ ਨਹੀਂ ਹੁੰਦੀ। ਮੁੱਖ ਮੰਤਰੀ ਨੇ ਸੀਪੀਆਈ(ਐੱਮ) ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਬਾਮ’ (ਲੈਫਟ) ਤੇ ਰਾਮ (ਭਾਜਪਾ) ਨੇ ਤ੍ਰਿਣਮੂਲ ਕਾਂਗਰਸ ਖਿਲਾਫ਼ ਹੱਥ ਮਿਲਾ ਲੲੇ ਹਨ। ਬੈਨਰਜੀ ਨੇ ਕਿਹਾ, ‘‘ਮੈਂ ਲਗਾਤਾਰ ਫੋਨ ’ਤੇ ਰਹਿੰਦੀ ਹਾਂ, ਕਿਉਂਕਿ ਸਾਨੂੰ ਨਹੀਂ ਪਤਾ ਕਿ ਭਾਜਪਾ ਕਦੋਂ ਤੇ ਕਿੱਥੇ ਹਿੰਸਾ ਸ਼ੁਰੂ ਕਰ ਦੇਵੇਗੀ।’’ ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਹਿੰਸਾ ਵਿੱਚ ਸ਼ਾਮਲ ਨਹੀਂ ਹੁੰਦੇ ਕਿਉਂਕਿ ਭਾਜਪਾ ਹਿੰਸਾ ਭੜਕਾਉਣ ਲਈ ਸੂਬੇ ਤੋਂ ਬਾਹਰਲੇ ਵਿਅਕਤੀਆਂ ਨੂੰ ਲਿਆਉਂਦੀ ਹੈ।

ਇਸ ਦੌਰਾਨ ਬੰਗਾਲ ਦੇ ਰਾਜਪਾਲ ਡਾ. ਸੀ.ਵੀ.ਆਨੰਦਾ ਬੋਸ ਨੇ ਅੱਜ ਹਿੰਸਾ ਦੇ ਝੰਬੇ ਇਲਾਕਿਆਂ ਦਾ ਦੌਰਾ ਕੀਤਾ। ਰਿਸ਼ਰਾ ਵਿੱਚ ਰਾਜਪਾਲ ਨੇ ਕਿਹਾ ਕਿ ਗੁੰਡਾ ਅਨਸਰਾਂ ਨੂੰ ਕਾਨੂੰਨ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਰਿਪੋਰਟਰਾਂ ਨਾਲ ਵਾਅਦਾ ਕੀਤਾ ਕਿ ਕੇਂਦਰ ਤੇ ਰਾਜ ਸਰਕਾਰ ਹਜ਼ੂਮਤੰਤਰ ਨੂੰ ਜੜ੍ਹੋਂ ਪੁੱਟਣ ਲਈ ਮਿਲ ਕੇ ਕੰਮ ਕਰੇਗੀ ਤੇ ਕਾਨੂੰਨ ਏਜੰਸੀਆਂ ਸਖ਼ਤ ਕਾਰਵਾਈ ਕਰਨਗੀਆਂ। ਉਨ੍ਹਾਂ ਹਾਲਾਤ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਤੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ। ਦੱਸ ਦੇਈਏ ਕਿ ਬੋਸ ਜੀ-20 ਮੀਟਿੰਗ ਦਾਰਜੀਲਿੰਗ ਗਏ ਸਨ, ਜਿੱਥੋਂ ਅੱਜ ਉਨ੍ਹਾਂ ਹਿੰਸਾ ਦੀ ਮਾਰ ਵਾਲੇ ਇਲਾਕਿਆਂ ਦਾ ਦੌਰਾ ਕੀਤਾ।

ਬੰਗਾਲ ਭਾਜਪਾ ਦੇ ਪ੍ਰਧਾਨ ਮਜੂਮਦਾਰ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਇਸ ਪੂਰੇ ਮਾਮਲੇ ’ਚ ਦਖ਼ਲ ਦੀ ਮੰਗ ਕੀਤੀ। ਉਨ੍ਹਾਂ ਗੜਬੜਜ਼ਦਾ ਇਲਾਕਿਆਂ ਵਿੱਚ ਕੇਂਦਰੀ ਬਲਾਂ ਦੀ ਤਾਇਨਾਤੀ ਤੇ ਐੱਨਆਈਏ ਜਾਂਚ ਵੀ ਮੰਗੀ। ਪੁਲੀਸ ਨੇ ਮਜੂਮਦਾਰ ਨੂੰ ਅੱਜ ਲਗਾਤਾਰ ਦੂਜੇ ਦਿਨ ਹਿੰਸਾ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਰੋਕਿਆ, ਜਿਸ ਕਰਕੇ ਉਨ੍ਹਾਂ ਅਮਿਤ ਸ਼ਾਹ ਨੂੰ ਅੱਜ ਇਕ ਪੱਤਰ ਲਿਖ ਕੇ ਗ੍ਰਹਿ ਮੰਤਰਾਲੇ ਦੇ ਦਖ਼ਲ ਦੀ ਮੰਗ ਕੀਤੀ ਹੈ।