ਦੇਸ਼ ਹੁਣ ਕਾਂਗਰਸ ਤੇ ‘ਸ਼ਾਹੀ ਪਰਿਵਾਰ’ ਉੱਤੇ ਭਰੋਸਾ ਨਹੀਂ ਕਰਦਾ: ਮੋਦੀ

ਦੇਸ਼ ਹੁਣ ਕਾਂਗਰਸ ਤੇ ‘ਸ਼ਾਹੀ ਪਰਿਵਾਰ’ ਉੱਤੇ ਭਰੋਸਾ ਨਹੀਂ ਕਰਦਾ: ਮੋਦੀ

ਕਰਨਾਟਕ ਦੇ ਲੋਕਾਂ ਨੂੰ ਰਾਜਵੰਸ਼ੀ ਪਾਰਟੀਆਂ ਤੋਂ ਸੁਚੇਤ ਰਹਿਣ ਲਈ ਕਿਹਾ; ਜੇਡੀਐੱਸ ਦੇ ਗੜ੍ਹ ਚੰਨਾਪਟਨਾ ’ਚ ਰੈਲੀ ਨੂੰ ਕੀਤਾ ਸੰਬੋਧਨ
ਕੋਲਾਰ/ਚੰਨਾਪਟਨਾ (ਕਰਨਾਟਕ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਘੇਰਦਿਆਂ ਅੱਜ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹਮੇਸ਼ਾ ‘85 ਫੀਸਦ ਕਮਿਸ਼ਨ’ ਨਾਲ ਜੁੜੀ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ‘ਸ਼ਾਹੀ ਪਰਿਵਾਰ’ ਹਜ਼ਾਰਾਂ ਕਰੋੜ ਰੁਪਿਆਂ ਦੇ ਘੁਟਾਲਿਆਂ ਨੂੰ ਲੈ ਕੇ ਜ਼ਮਾਨਤ ’ਤੇ ਹੈ। ਇਹੀ ਵਜ੍ਹਾ ਹੈ ਕਿ ਦੇਸ਼ ਨੂੰ ਹੁਣ ਕਾਂਗਰਸ ਤੇ ਇਸ ਦੇ ‘ਸ਼ਾਹੀ ਪਰਿਵਾਰ’ ਉੱਤੇ ਭਰੋਸਾ ਨਹੀਂ ਰਿਹਾ। ਸ੍ਰੀ ਮੋਦੀ ਨੇ ਕਿਹਾ ਕਿ ਕਰਨਾਟਕ ਦੇ ਲੋਕ ‘ਰਾਜਵੰਸ਼ੀ ਕਾਂਗਰਸ ਤੇ ਜੇਡੀਐੱਸ’ ਤੋਂ ਸੁਚੇਤ ਰਹਿਣ ਕਿਉਂਕਿ ਸੂਬੇ ਵਿੱਚ ਸਿਆਸੀ ਅਸਥਿਰਤਾ ਲਈ ਇਹ ਦੋਵੇਂ ਪਾਰਟੀਆਂ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਕਰਨਾਟਕ ਨੂੰ ਏਟੀਐੱਮ ਵਜੋਂ ਵੇਖਦੀਆਂ ਹਨ। ਉਨ੍ਹਾਂ ‘ਜ਼ਹਿਰੀਲਾ ਸੱਪ’ ਟਿੱਪਣੀ ਲਈ ਵੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਕੋਲਾਰ ਤੇ ਰਾਮਨਗਰ ਜ਼ਿਲ੍ਹੇ ਦੇ ਚੰਨਾਪਟਨਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਕੋਲਾਰ ਵਿਚ ਸ੍ਰੀ ਮੋਦੀ ਨੇ ਕਿਹਾ, ‘‘ਇਹ ਭਾਜਪਾ ਦਾ ਦੋਸ਼ ਨਹੀਂ ਬਲਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਜਨਤਕ ਤੌਰ ’ਤੇ ਇਹ ਗੱਲ ਕਬੂਲੀ ਸੀ। ਕਾਂਗਰਸ, ਜੋ 85 ਫੀਸਦ ਕਮਿਸ਼ਨ ਖਾਂਦੀ ਹੈ, ਕਦੇ ਵੀ ਕਰਨਾਟਕ ਦੇ ਵਿਕਾਸ ਲਈ ਕੰਮ ਨਹੀਂ ਕਰ ਸਕਦੀ।’’

ਚੇਤੇ ਰਹੇ ਕਿ ਕਾਂਗਰਸ ਵੱਲੋਂ ਚੋਣ ਰੈਲੀਆਂ ਦੌਰਾਨ ਸੂਬੇ ਦੀ ਸੱਤਾਧਾਰੀ ਭਾਜਪਾ ਨੂੰ ‘40 ਫੀਸਦ ਕਮਿਸ਼ਨ’ ਵਾਲੀ ਸਰਕਾਰ ਦੱਸ ਦੇ ਭੰਡਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਜਪਾ ਸਰਕਾਰ ਵੱਲੋਂ ਭੇਜੀ ਸੌ ਫੀਸਦ ਰਾਸ਼ੀ ਲਾਭਪਾਤਰੀਆਂ ਤੱਕ ਪੁੱਜਦੀ ਹੈ। ਪਿਛਲੇ 9 ਸਾਲਾਂ ਵਿੱਚ ‘ਡਿਜੀਟਲ ਇੰਡੀਆ’ ਦੀ ਤਾਕਤ ਨਾਲ ਵੱਖ ਵੱਖ ਸਕੀਮਾਂ ਤਹਿਤ ਗਰੀਬਾਂ ਦੇ ਖਾਤਿਆਂ ਵਿੱਚ 29 ਲੱਖ ਕਰੋੜ ਰੁਪਏ ਪਾਏ ਗਏ ਹਨ।’’ ਉਨ੍ਹਾਂ ਕਿਹਾ, ‘‘ਜੇਕਰ ਕਾਂਗਰਸ, ਜੋ 85 ਫੀਸਦ ਕਮਿਸ਼ਨ ਖਾਂਦੀ ਹੈ, ਜਾਰੀ ਰਹਿੰਦੀ, ਤਾਂ ਇਨ੍ਹਾਂ ਵਿਚੋਂ 24 ਲੱਖ ਕਰੋੜ ਰੁਪੲੇ ਗਰੀਬਾਂ ਤੱਕ ਨਾ ਪੁੱਜਦੇ।’’ ਮੋਦੀ ਨੇ ਕਿਹਾ ਕਿ ਕਾਂਗਰਸ ਤੇ ਇਸ ਦੇ ਆਗੂ ਉਨ੍ਹਾਂ ਨੂੰ ਜ਼ਹਿਰੀਲਾ ਸੱਪ ਆਖਦੇ ਹਨ, ਪਰ ਸੱਪ ਤਾਂ ਭਗਵਾਨ ਸ਼ੰਕਰ ਦੇ ਗ਼ਲ ਦਾ ਹਾਰ ਹੈ।