ਦੇਸ਼ ਸਿਰ 400 ਲੱਖ ਕਰੋੜ ਦਾ ਕਰਜ਼ਾ, ਭਾਜਪਾ ਦੇ ਰਾਜ ‘ਚ ਵਧਿਆ-ਚੌਟਾਲਾ

ਦੇਸ਼ ਸਿਰ 400 ਲੱਖ ਕਰੋੜ ਦਾ ਕਰਜ਼ਾ, ਭਾਜਪਾ ਦੇ ਰਾਜ ‘ਚ ਵਧਿਆ-ਚੌਟਾਲਾ

ਭਾਜਪਾ-ਜਜਪਾ ਗੱਠਜੋੜ ਟੁੱਟਣ ਕੰਢੇ
ਡੱਬਵਾਲੀ- -ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਦੇਸ਼ ਦੀ ਆਰਥਿਕ ਸਥਿਤੀ ‘ਤੇ ਵੱਡੀ ਚਿੰਤਾ ਜਾਹਰ ਕਰਦਿਆਂ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ‘ਤੇ ਵੱਡੇ ਸਵਾਲ ਉਠਾਏ ਹਨ | ਉਨ੍ਹਾਂ ਅੱਜ ਡੱਬਵਾਲੀ ਵਿਖੇ ਆਖਿਆ ਕਿ ਮੌਜੂਦਾ ਸਮੇਂ ‘ਚ ਦੇਸ਼ ਦੇ ਸਿਰ 400 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ | ਭਾਜਪਾ ਦੀ ਮੋਦੀ ਸਰਕਾਰ ਦੇ 9 ਸਾਲਾਂ ‘ਚ ਕਰਜ਼ੇ ‘ਚ ਵੱਡਾ ਇਜ਼ਾਫ਼ਾ ਹੋਇਆ ਹੈ | ਦੇਸ਼ ਦੀ ਆਰਥਿਕ ਹਾਲਤ ਇੰਨੀ ਮੰਦੀ ਹੈ ਕਿ ਸਰਕਾਰ ਨੂੰ ਪੁਰਾਣੇ ਕਰਜ਼ੇ ਦਾ ਵਿਆਜ ਅਦਾ ਕਰਨ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ | ਡੱਬਵਾਲੀ ਵਿਖੇ ਅਗਰਵਾਲ ਧਰਮਸ਼ਾਲਾ ‘ਚ ਇਨੈਲੋ ਵਰਕਰਾਂ ਦੀ ਮੀਟਿੰਗ ਉਪਰੰਤ ਸੀਨੀਅਰ ਇਨੈਲੋ ਆਗੂ ਚਰਨਜੀਤ ਮਹਿਤਾ ਦੀ ਰਿਹਾਇਸ਼ ਵਿਖੇ ਉਨ੍ਹਾਂ ਕਿਹਾ ਕਿ ਦੇਸ਼ ਬਚਾਉਣ ਲਈ ਸਾਰੀ ਪਾਰਟੀਆਂ ਨੂੰ ਮੌਜੂਦਾ ਸ਼ਾਸਨ ਖਿਲਾਫ਼ ਇਕਜੁੱਟ ਹੋਣਾ ਸਮੇਂ ਦੀ ਜ਼ਰੂਰਤ ਹੈ | ਵਿਰੋਧੀ ਧਿਰਾਂ ਦੇ ਨਵੇਂ ਕੌਮੀ ਸਿਆਸੀ ਗੱਠਜੋੜ ‘ਇੰਡੀਆ’ ਨਾਲ ਇਨੈਲੋ ਦੀ ਸਾਂਝ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਬਿਨ੍ਹਾਂ ਕੁੱਝ ਬੋਲੇ ‘ਹਾਂ’ ਵਾਲਾ ਹੁੰਗਾਰਾ ਭਰਿਆ | ਸਾਬਕਾ ਮੁੱਖ ਮੰਤਰੀ ਚੌਟਾਲਾ ਨੇ ਹਰਿਆਣਾ ਦੀ ਰਾਜਨੀਤੀ ਦੀ ਚਰਚਾ ਕਰਦੇ ਉਨ੍ਹਾਂ ਕਿਹਾ ਕਿ ਸੂਬੇ ‘ਚ ਭਾਜਪਾ-ਜਜਪਾ ਗੱਠਜੋੜ ਟੁੱਟਣ ਕੰਢੇ ਹੈ | ਹਰਿਆਣਾ ‘ਚ ਮੱਧਵਰਤੀ ਚੋਣਾਂ ਨਿਸਚਿਤ ਹਨ | ਇਸ ਮੌਕੇ ਸੀਨੀਅਰ ਇਨੇਲੋ ਆਗੂ ਸੰਦੀਪ ਚੌਧਰੀ, ਸਾਬਕਾ ਵਿਧਾਇਕ ਡਾ. ਸੀਤਾ ਰਾਮ, ਡਾ. ਐਸ.ਐਸ. ਗੁਲਾਟੀ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ, ਅਜਨੀਸ਼ ਕੈਨੇਡੀ, ਟੇਕ ਚੰਦ ਛਾਬੜਾ, ਵਿਨੋਦ ਅਰੋੜਾ, ਸੰਦੀਪ ਗੰਗਾ, ਸੁਰੇਸ਼ ਸੋਨੀ, ਅਮਨਦੀਪ ਬਾਂਸਲ, ਪਰਵੀਨ ਸ਼ਰਮਾ ਅਤੇ ਕੁਲਦੀਪਕ ਸਹਾਰਨ ਮੌਜੂਦ ਸਨ | ਸੂਬੇ ‘ਚ ਇਨੈਲੋ ਸਰਕਾਰ ਬਣਨ ‘ਤੇ ਮੁੱਖ ਮੰਤਰੀ ਦਾ ਚਿਹਰਾ ਪੁੱਛੇ ਜਾਣ ‘ਤੇ ਸ੍ਰੀ ਚੌਟਾਲਾ ਨੇ ਆਖਿਆ ਕਿ ਇਹ ਪਾਰਟੀ ਪੱਧਰ ਦਾ ਫੈਸਲਾ ਹੈ, ਜਿਸ ‘ਚ ਉਨ੍ਹਾਂ ਦਾ ਕੋਈ ਦਖ਼ਲ ਨਹੀਂ |