ਦੇਸ਼ ਨੂੰ ਮਹਾਨ ਬਣਾਉਣ ਲਈ ਸਮਰਪਿਤ ਹੋਣ ਨੌਜਵਾਨ: ਸ਼ਾਹ

ਦੇਸ਼ ਨੂੰ ਮਹਾਨ ਬਣਾਉਣ ਲਈ ਸਮਰਪਿਤ ਹੋਣ ਨੌਜਵਾਨ: ਸ਼ਾਹ

‘ਤਿਰੰਗਾ ਯਾਤਰਾ’ ਨੂੰ ਹਰੀ ਝੰਡੀ ਦਿਖਾਈ; ਆਜ਼ਾਦੀ ਦਿਹਾੜੇ ਮੌਕੇ ਘਰਾਂ ’ਤੇ ਤਿਰੰਗਾ ਲਹਿਰਾਉਣ ਦੀ ਅਪੀਲ
ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਨੌਜਵਾਨਾਂ ਨੂੰ ਦੇਸ਼ ਨੂੰ ਇੱਕ ਮਹਾਨ ਰਾਸ਼ਟਰ ਬਣਾਉਣ ਲਈ ‘ਆਜ਼ਾਦੀ ਦੇ ਅੰਮ੍ਰਿਤ ਕਾਲ’ ਦੇ 25 ਸਾਲਾਂ ਦੌਰਾਨ ਖ਼ੁਦ ਨੂੰ ਭਾਰਤ ਮਾਤਾ ਪ੍ਰਤੀ ਸਮਰਪਿਤ ਕਰਨ ਦੀ ਅਪੀਲ ਕੀਤੀ। ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ੲਿੱਥੇ ਅਹਿਮਦਾਬਾਦ ਨਗਰ ਨਿਗਮ ਵੱਲੋਂ ਕਰਵਾਈ ‘ਤਿਰੰਗਾ ਯਾਤਰਾ’ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਸ਼ਾਹ ਨੇ ਕਿਹਾ, ‘‘ਹੁਣ ਸਾਨੂੰ ਦੇਸ਼ ਲਈ ਜਾਨ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਆਜ਼ਾਦ ਹਾਂ। ਪਰ, ਸਾਨੂੰ ਆਪਣੇ ਦੇਸ਼ ਲਈ ਜਿਊਣ ਤੋਂ ਕੋਈ ਨਹੀਂ ਰੋਕ ਸਕਦਾ।’’

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ’ਤੇ 15 ਅਗਸਤ 2022 ਨੂੰ ਹਰ ਘਰ ’ਤੇ ਤਿਰੰਗਾ ਲਹਿਰਾਇਆ ਗਿਆ ਸੀ। ਕੇਂਦਰੀ ਮੰਤਰੀ ਨੇ ਆਖਿਆ ਕਿ ਗੁਜਰਾਤ ਵਿੱਚ ਇੱਕ ਕਰੋੜ ਪਰਿਵਾਰ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣਗੇ ਤਾਂ ਪੂਰਾ ਰਾਜ ਤੇ ਦੇਸ਼ ‘ਤਿਰੰਗਾ’ ਹੋ ਜਾਵੇਗਾ। ਸ਼ਾਹ ਮੁਤਾਬਕ, ‘‘ਇਹ ‘‘ਆਜ਼ਾਦੀ ਦਾ ਅੰਮ੍ਰਿਤ ਕਾਲ’’ (15 ਅਗਸਤ 2047 ਤੱਕ) ਸਾਡੀ ਨੌਜਵਾਨ ਪੀੜ੍ਹੀ ਲਈ ਖਾਸ ਮਹੱਤਵ ਰੱਖਦਾ ਹੈ। ਨੌਜਵਾਨ ਪੀੜ੍ਹੀ ਨੂੰ ਖ਼ੁਦ ਨੂੰ 2047 ਤੱਕ 25 ਸਾਲਾਂ ਵਾਸਤੇ ਭਾਰਤ ਮਾਤਾ ਲਈ ਸਮਰਪਿਤ ਕਰਨਾ ਪਵੇਗਾ ਅਤੇ ਭਾਰਤ ਨੂੰ ਮਹਾਨ ਬਣਾਉਣਾ ਪਵੇਗਾ।’’