ਦੇਸ਼ ਨੂੰ ਨਕਸਲਵਾਦੀ ਹਿੰਸਾ ਤੋਂ ਨਿਜਾਤ ਦਿਵਾਉਣ ਦੇ ਯਤਨ ਜਾਰੀ: ਸ਼ਾਹ

ਦੇਸ਼ ਨੂੰ ਨਕਸਲਵਾਦੀ ਹਿੰਸਾ ਤੋਂ ਨਿਜਾਤ ਦਿਵਾਉਣ ਦੇ ਯਤਨ ਜਾਰੀ: ਸ਼ਾਹ

ਕੋਰਬਾ/ਪੱਛਮੀ ਸਿੰਘਭੂਮ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਨਕਸਲਵਾਦੀ ਹਿੰਸਾ ਘਟੀ ਹੈ ਤੇ ਦੇਸ਼ ਨੂੰ 2024 ਦੀਆਂ ਚੋਣਾਂ ਤੋਂ ਪਹਿਲਾਂ ਇਸ ਤੋਂ ਨਿਜਾਤ ਦਿਵਾਉਣ ਦੇ ਯਤਨ ਜਾਰੀ ਹਨ। ਹਿੰਸਾਗ੍ਰਸਤ ਛੱਤੀਸਗੜ੍ਹ ਦੇ ਕੋਰਬਾ ਸ਼ਹਿਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ 2024 ਵਿਚ ਅਹੁਦੇ ਉਤੇ ਦੇਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਭਾਜਪਾ ਨੂੰ ਵੋਟ ਦੇਣੀ ਚਾਹੀਦੀ ਹੈ।

ਸੂਬੇ ਦੀ ਬਘੇਲ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸ਼ਾਹ ਨੇ ਕਿਹਾ ਕਿ ਰਾਜ ਵਿਚ ਅਪਰਾਧ ਤੇ ਭ੍ਰਿਸ਼ਟਾਚਾਰ ‘ਵਧਿਆ’ ਹੈ। ਸ਼ਾਹ ਨੇ ਕਿਹਾ ਕਿ ਨਕਸਲਵਾਦੀ ਅਪਰਾਧ 2021 ਵਿਚ ਘੱਟ ਕੇ 509 ਰਹਿ ਗਏ ਹਨ ਜਦਕਿ 2009 ਵਿਚ ਜਦ ਕਾਂਗਰਸ ਕੇਂਦਰ ਵਿਚ ਸੱਤਾ ’ਚ ਸੀ ਤਾਂ ਇਹ 2,258 ਸਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸਿਰਫ਼ ਇਹੀ ਯਕੀਨੀ ਨਹੀਂ ਬਣਾ ਰਹੀ ਕਿ ਹਥਿਆਰ ਚੁੱਕਣ ਵਾਲੇ ਨੌਜਵਾਨ ਸਿੱਖਿਆ ਤੇ ਰੁਜ਼ਗਾਰ ਹਾਸਲ ਕਰਨ, ਬਲਕਿ ਜੋ ਹਥਿਆਰ ਦਿਖਾਉਂਦੇ ਹਨ, ਉਨ੍ਹਾਂ ਨੂੰ ਖ਼ਤਮ ਕਰਨ ਲਈ ਵੀ ਕੰਮ ਕਰਨ। ਝਾਰਖੰਡ ਦੇ ਚਾਇਬਾਸਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸੂਬੇ ਦੀ ਹੇਮੰਤ ਸੋਰੇਨ ਸਰਕਾਰ ਉਤੇ ਵੀ ਨਿਸ਼ਾਨਾ ਸੇਧਿਆ। ਸ਼ਾਹ ਨੇ ਦੋਸ਼ ਲਾਇਆ ਕਿ ਝਾਰਖੰਡ ਦਾ ਮੁੱਖ ਮੰਤਰੀ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹੈ, ਪਰ ਇਹ ਸਰਕਾਰ ਆਦਿਵਾਸੀਆਂ ਦੀ ਦੁਸ਼ਮਣ ਹੈ। ਸ਼ਾਹ ਨੇ ਕਿਹਾ ਕਿ ਘੁਸਪੈਠੀਏ ਰਾਜ ਵਿਚ ਆ ਕੇ ਕਬਾਇਲੀ ਲੜਕੀਆਂ ਨਾਲ ਵਿਆਹ ਕਰ ਰਹੇ ਹਨ ਤੇ ਉਨ੍ਹਾਂ ਦੀ ਜ਼ਮੀਨ ਹੜੱਪ ਰਹੇ ਹਨ। ਰਾਜ ਵਿਚ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ ਹੈ। –