ਦੇਸ਼ ਨੂੰ ਜੋੜਨਾ ਹੀ ਸੱਚੀ ਦੇਸ਼ ਭਗਤੀ: ਰਾਹੁਲ

ਦੇਸ਼ ਨੂੰ ਜੋੜਨਾ ਹੀ ਸੱਚੀ ਦੇਸ਼ ਭਗਤੀ: ਰਾਹੁਲ

ਕਾਂਗਰਸ ਆਗੂ ਵੱਲੋਂ ਦੇਸ਼ ਅੰਦਰ ਦੋ ਭਾਰਤ ਹੋਣ ਦਾ ਦਾਅਵਾ; ਕਾਸ਼ੀ ਵਿਸ਼ਵਨਾਥ ਮੰਦਰ ’ਚ ਮੱਥਾ ਟੇਕਿਆ
ਵਾਰਾਣਸੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਨੂੰ ਜੋੜਨਾ ਹੀ ਸੱਚੀ ਦੇਸ਼ ਭਗਤੀ ਹੈ ਅਤੇ ਅਮੀਰ ਤੇ ਗਰੀਬ ਦੇਸ਼ ਅੰਦਰ ਵੱਖ-ਵੱਖ ਭਾਰਤਾਂ ’ਚ ਰਹਿੰਦੇ ਹਨ। ਉਹ ਯੂਪੀ ਵਿੱਚ ਭਾਰਤ ਜੋੜੋ ਨਿਆਏ ਯਾਤਰਾ ਦੇ ਦੂਜੇ ਦਿਨ ਇੱਥੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇੱਥੋਂਦੇ ਗੁਦੌਲੀਆ ਇਲਾਕੇ ’ਚ ਰੈਲੀ ਦੌਰਾਨ ਰਾਹੁਲ ਗਾਂਧੀ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਅਜੈ ਰਾਏ ਅਤੇ ਹੋਰ ਕਾਂਗਰਸ ਆਗੂ ਵੀ ਹਾਜ਼ਰ ਸਨ। ਰਾਹੁਲ ਨੇ ਕਾਸ਼ੀ ਵਿਸ਼ਵਨਾਥ ਮੰਦਰ ’ਚ ਵੀ ਮੱਥਾ ਟੇਕਿਆ।

ਗੁਦੌਲੀਆ ਚੌਕ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਭਾਰਤ ਮੁਹੱਬਤ ਦਾ ਦੇਸ਼ ਹੈ, ਨਫਰਤ ਦਾ ਨਹੀਂ। ਉਨ੍ਹਾਂ ਕਿਹਾ ਕਿ ਭਰਾ-ਭਰਾ ਵਿਚਾਲੇ ਟਕਰਾਅ ਨਾਲ ਦੇਸ਼ ਕਮਜ਼ੋਰ ਹੋਵੇਗਾ ਅਤੇ ਦੇਸ਼ ਨੂੰ ਜੋੜਨਾ ਹੀ ਸੱਚੀ ਦੇਸ਼ ਭਗਤੀ ਹੈ। ਉਨ੍ਹਾਂ ਕਿਹਾ, ‘ਮੈਂ ਗੰਗਾ ਜੀ ਸਾਹਮਣੇ ਹੰਕਾਰ ਨਾਲ ਨਹੀਂ ਆਇਆ, ਸਿਰ ਝੁਕਾ ਕੇ ਆਇਆ ਹਾਂ। ਇਸ ਯਾਤਰਾ ’ਚ ਸਭ ਨੂੰ ਲੱਗਣਾ ਚਾਹੀਦਾ ਹੈ ਕਿ ਉਹ ਆਪਣੇ ਭਰਾ ਨੂੰ ਮਿਲਣ ਆਏ ਹਨ।’ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦੋ ਭਾਰਤ ਹਨ। ਇੱਕ ਅਮੀਰਾਂ ਦਾ ਅਤੇ ਦੂਜਾ ਗਰੀਬਾਂ ਦਾ ਭਾਰਤ। ਮੀਡੀਆ ਬਾਰੇ ਰਾਹੁਲ ਨੇ ਕਿਹਾ, ‘ਇਹ ਸਾਰੇ ਚੈਨਲ ਉਦਯੋਗਤੀਆਂ ਦੇ ਹਨ। ਇਹ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਦੇ ਮੁੱਦੇ ਨਹੀਂ ਦਿਖਾਉਣਗੇ। ਇਹ ਮੀਡੀਆ ਮੋਦੀ ਜੀ ਨੂੰ 24 ਘੰਟੇ ਦਿਖਾਏਗਾ, ਐਸ਼ਵਰਿਆ ਰਾਏ ਨੂੰ ਦਿਖਾਵੇਗਾ ਪਰ ਅਸਲ ਮੁੱਦੇ ਨਹੀਂ ਦਿਖਾਵੇਗਾ।’

ਇਸ ਦੌਰਾਨ ਰਾਹੁਲ ਗਾਂਧੀ ਨੇ ਭੀੜ ’ਚੋਂ ਰਾਹੁਲ ਨਾਂ ਦੇ ਲੜਕੇ ਨੂੰ ਆਪਣੇ ਕੋਲ ਬੁਲਾ ਕੇ ਪੜ੍ਹਾਈ ਵਿੱਚ ਹੋਏ ਖਰਚ ਤੇ ਬੇਰੁਜ਼ਗਾਰੀ ਬਾਰੇ ਗੱਲ ਕੀਤੀ। ਉਨ੍ਹਾਂ ਸਵਾਲ ਕੀਤਾ, ‘ਨੋਟਬੰਦੀ ਨਾਲ ਕਿਸ ਨੂੰ ਫਾਇਦਾ ਹੋਇਆ।’ ਉਨ੍ਹਾਂ ਕਿਹਾ, ‘ਦੇਸ਼ ’ਚ ਦੋ ਹੀ ਮੁੱਦੇ ਹਨ, ਬੇਰੁਜ਼ਗਾਰੀ ਤੇ ਮਹਿੰਗਾਈ।’ ਇਹ ਯਾਤਰਾ ਉੱਤਰ ਪ੍ਰਦੇਸ਼ ਤੋਂ ਰਾਜਸਥਾਨ ਅੰਦਰ ਦਾਖਲ ਹੋਵੇਗੀ। ਪੂਰਬ ਤੋਂ ਪੱਛਮ ਤੱਕ ਮਨੀਪੁਰ-ਮੁੰਬਈ ਯਾਤਰਾ 15 ਸੂਬਿਆਂ ਵਿੱਚੋਂ ਦੀ 6700 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ ਤੇ ਇਸ ਯਾਤਰਾ ਦਾ ਮਨੋਰਥ ਰਸਤੇ ਵਿੱਚ ਲੋਕਾਂ ਨਾਲ ਮੀਟਿੰਗ ਦੌਰਾਨ ‘ਨਿਆਂ’ ਦੇ ਸੁਨੇਹੇ ਨੂੰ ਉਭਾਰਨਾ ਹੈ।