ਦੇਸ਼ ਦੇ ਸੰਵਿਧਾਨ ਨੂੰ ਤਬਾਹ ਕਰ ਦੇਵੇਗੀ ਭਾਜਪਾ: ਮਹਿਬੂਬਾ

ਦੇਸ਼ ਦੇ ਸੰਵਿਧਾਨ ਨੂੰ ਤਬਾਹ ਕਰ ਦੇਵੇਗੀ ਭਾਜਪਾ: ਮਹਿਬੂਬਾ

ਸ੍ਰੀਨਗਰ: ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਭਾਜਪਾ ਦੇਸ਼ ਦੇ ਸੰਵਿਧਾਨ ਨੂੰ ਤਬਾਹ ਕਰ ਦੇਵੇਗੀ ਅਤੇ ਤਿਰੰਗੇ ਦੀ ਥਾਂ ਭਗਵਾਂ ਝੰਡਾ ਲੈ ਆਵੇਗੀ। ਇੱਥੇ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਕੇਂਦਰੀ ਮੰਤਰੀ ਤੇ ਪੀਡੀਪੀ ਮੁਖੀ ਮੁਫ਼ਤੀ ਮੁਹੰਮਦ ਸਈਅਦ ਦੀ ਸੱਤਵੀਂ ਬਰਸੀ ਸਬੰਧੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਲੋਕਾਂ ਖ਼ਿਲਾਫ਼ ਜੰਗ ਨਹੀਂ ਜਿੱਤ ਸਕਦਾ। ਉਨ੍ਹਾਂ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਬਿਜਬੇਹੜਾ ਇਲਾਕੇ ਵਿੱਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਉਨ੍ਹਾਂ (ਸਈਅਦ) ਦਾ ਮੰਨਣਾ ਸੀ ਕਿ ਭਾਵੇਂ ਕੋਈ ਦੇਸ਼ ਕਿੰਨਾ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਵੇ ਪਰ ਉਹ ਆਪਣੇ ਲੋਕਾਂ ਤੋਂ ਜੰਗ ਨਹੀਂ ਜਿੱਤ ਸਕਦਾ। ਜੇਕਰ ਇਹ ਸੱਚ ਨਾ ਹੁੰਦਾ ਤਾਂ ਅਮਰੀਕਾ ਵੀਅਤਨਾਮ ਤੋਂ ਪਿੱਛੇ ਨਾ ਹਟਦਾ ਜਾਂ ਬੰਗਲਾਦੇਸ਼ ਵੀ ਪਾਕਿਸਤਾਨ ਤੋਂ ਵੱਖ ਨਾ ਹੁੰਦਾ।’’ ਮਹਿਬੂਬਾ ਨੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਦੇਸ਼ ਦੇ ਤਿਰੰਗੇ ਨੂੰ ਭਗਵੇਂ ’ਚ ਰੰਗਣ ਦੀ ਫਿਰਾਕ ਵਿੱਚ ਹੈ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਮੁਖੀ ਨੇ ਕਿਹਾ, ‘‘ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ 2019 ਵਿੱਚ ਸਾਡੇ ਸੰਵਿਧਾਨ ਨੂੰ ਖ਼ਤਮ ਕਰਨ ਵਾਲੀ ਭਾਜਪਾ ਆਉਣ ਵਾਲੇ ਸਮੇਂ ਵਿੱਚ ਇਸ ਦੇਸ਼ ਦੇ ਸੰਵਿਧਾਨ ਨੂੰ ਤਬਾਹ ਕਰ ਦੇਵੇਗੀ। ਉਨ੍ਹਾਂ (ਭਾਜਪਾ) ਨੇ ਸਾਡਾ ਝੰਡਾ ਖੋਹਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਾਥੋਂ ਤਿਰੰਗਾ ਖੋਹਣਗੇ, ਜਿਸ ਲਈ ਦੇਸ਼ ਦੇ ਲੋਕਾਂ ਨੇ ਖ਼ੂਨ ਵਹਾਇਆ ਹੈ। ਉਹ ਤਿਰੰਗੇ ਦੀ ਥਾਂ ਭਗਵਾਂ ਝੰਡਾ ਲਗਾਉਣਗੇ।’’ ਮਹਿਬੂਬਾ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਅਦਾਲਤ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖ਼ਿਲਾਫ਼ ਫ਼ੈਸਲਾ ਸੁਣਾਇਆ ਸੀ। ਉਨ੍ਹਾਂ ਕਿਹਾ, ‘‘ਅੱਜ ਸਾਡੇ ਚੀਫ਼ ਜਸਟਿਸ ਕਹਿੰਦੇ ਹਨ ਕਿ ਅਦਾਲਤਾਂ ਜ਼ਮਾਨਤ ਦੇਣ ਤੋਂ ਡਰਦੀਆਂ ਹਨ। ਤੁਹਾਨੂੰ ਫਰਕ ਦੇਖਣਾ ਪਵੇਗਾ। ਉਦੋਂ ਇੱਕ ਅਦਾਲਤ ਨੇ ਇੱਕ ਪ੍ਰਧਾਨ ਮੰਤਰੀ ਖ਼ਿਲਾਫ਼ ਫ਼ੈਸਲਾ ਸੁਣਾਇਆ ਸੀ, ਹੁਣ ਉਹ ਨਿਰਦੋਸ਼ਾਂ ਨੂੰ ਜ਼ਮਾਨਤ ਦੇਣ ਤੋਂ ਡਰਦੇ ਹਨ।’’ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜਦੋਂ ਦੰਗੇ ਹੋ ਰਹੇ ਸਨ ਤਾਂ ਮੀਡੀਆ ਸਰਕਾਰ ਨੂੰ ਸਵਾਲ ਕਰਦਾ ਸੀ ਪਰ ਅੱਜ ਮੀਡੀਆ ‘ਡਰਦਾ’ ਹੈ। ਮਹਿਬੂਬਾ ਨੇ ਕਿਹਾ, ‘‘ਜੇਕਰ ਅੱਜ ਮੀਡੀਆ ਗੱਲ ਕਰਦਾ ਹੁੰਦਾ ਤਾਂ ਸਟੇਨ ਸਵਾਮੀ ਦੀ ਜੇਲ੍ਹ ਵਿੱਚ ਮੌਤ ਨਾ ਹੁੰਦੀ। ਮੀਡੀਆ ਨੇ ਦੇਖਿਆ ਹੋਵੇਗਾ ਕਿ ਕਿਵੇਂ ਜੰਮੂ ਕਸ਼ਮੀਰ ਫ਼ੌਜੀ ਗੜ੍ਹੀ ਬਣ ਗਿਆ ਹੈ। ਉੱਥੇ ਹਰ ਜਗ੍ਹਾ ਫ਼ੌਜਾਂ ਹਨ।’’ ਉਨ੍ਹਾਂ ਕਿਹਾ ਕਿ ਪਾਰਟੀ ਦੇ ਫ਼ੌਜ ਨਾਲ ਕੋਈ ਮਤਭੇਦ ਨਹੀਂ ਹਨ ਅਤੇ ਫ਼ੌਜੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਪਰ ਉਹ ਪੁੱਛਦੇ ਹਨ ਕਿ ਜੇਕਰ ਸਥਿਤੀ ਸੁਧਰ ਗਈ ਹੈ ਤਾਂ ਫਿਰ ਫੌਜਾਂ ਨੂੰ ਵਾਪਸ ਕਿਉਂ ਨਹੀਂ ਬੁਲਾਇਆ ਗਿਆ। ਮਹਿਬੂਬਾ ਨੇ ਕਿਹਾ ਕਿ ਜਿਸ ਭਾਰਤ ਵਿੱਚ ਉਸ ਨੇ ਜਨਮ ਲਿਆ ਸੀ ਅਤੇ ਜਿਸ ਦੇਸ਼ ਵਿੱਚ ਉਹ ਹੁਣ ਰਹਿ ਰਹੀ ਹੈ, ਉਸ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਉਸ ਨੇ ਲੋਕਾਂ ਨੂੰ ਉਮੀਦ ਨਾ ਛੱਡਣ ਅਤੇ ਹੱਕਾਂ ਲਈ ਲੜਦੇ ਰਹਿਣ ਦੀ ਅਪੀਲ ਕੀਤੀ।