ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਛੇਵੇਂ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼
ਚੰਡੀਗੜ੍ਹ- ਭਾਰਤ ਦੀਆਂ ਊਰਜਾ ਸਬੰਧੀ ਲੋੜਾਂ ਦੀ 90 ਫੀਸਦੀ ਪੂਰਤੀ ਦਰਾਮਦ ਰਾਹੀਂ ਹੋਣ ਦਾ ਜ਼ਿਕਰ ਕਰਦਿਆਂ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਕੁਮਾਰ ਲਾਂਬਾ ਨੇ ਅੱਜ ਦੇਸ਼ ਦੀ ਸਮੁੰਦਰੀ ਤਾਕਤ ਨੂੰ ਵਿਕਸਤ ਕਰਨ ’ਤੇ ਜ਼ੋਰ ਦਿੱਤਾ। ਇੱਥੇ ਅੱਜ ਸ਼ੁਰੂ ਹੋੲੇ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਐਡਮਿਰਲ ਲਾਂਬਾ ਨੇ ਕਿਹਾ ਕਿ ਊਰਜਾ ਉਤਪਾਦਾਂ ਦੀ ਢੋਆ-ਢੁਆਈ ਦਾ ਸਭ ਤੋਂ ਸੁਖਾਲਾ ਢੰਗ ਸਮੁੰਦਰੀ ਮਾਰਗ ਹੈ ਅਤੇ ਜੇ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਹ ਖ਼ੁਦ ਨੂੰ ਜੋਖ਼ਮ ’ਚ ਪਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਸਮੁੰਦਰੀ ਸ਼ਕਤੀ ’ਚ ਨਾ ਭਾਰਤੀ ਜਲ ਸੈਨਾ ਬਲਕਿ ਭਾਰਤੀ ਮਰਚੈਂਟ ਨੇਵੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਮੰਚ ’ਤੇ ਭਾਰਤ ਦਾ ਉਭਾਰ ਹੋਣ ਕਾਰਨ ਇਸ ਦੀਆਂ ਜ਼ਿੰਮੇਵਾਰੀਆਂ ਵੀ ਵਧ ਗਈਆਂ ਹਨ। ਉਨ੍ਹਾਂ ਕਿਹਾ, ‘ਜੇਕਰ ਆਲਮੀ ਮਸਲਿਆਂ ’ਚ ਅਸੀਂ ਅਰਥਪੂਰਨ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਕੌਮੀ ਸ਼ਕਤੀ ਦੇ ਨਾਲ ਸਾਡੀ ਸਮੁੰਦਰੀ ਸ਼ਕਤੀ ਵੀ ਵਧਾਉਣੀ ਚਾਹੀਦੀ ਹੈ।’
ਉਨ੍ਹਾਂ ਕਿਹਾ ਕਿ ਭਾਰਤ ਨੇ ਲੰਮਾ ਸਮਾਂ ਸਮੁੰਦਰੀ ਤਾਕਤ ਵੱਲ ਧਿਆਨ ਨਾ ਦੇ ਕੇ ਸਿਰਫ਼ ਪੱਛਮੀ ਤੇ ਉੱਤਰੀ ਸਰਹੱਦ ਵੱਲ ਹੀ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਬਦਲ ਰਹੇ ਹਨ ਤੇ ਜਲ ਸੈਨਾ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਣ ਵਿੱਚ ਜੰਗੀ ਬੇੜੇ (ਏਅਰਕ੍ਰਾਫਟ ਕੈਰੀਅਰ) ਅਹਿਮ ਭੂਮਿਕਾ ਨਿਭਾਅ ਸਕਦੇ ਹਨ।

ਵਾਈਸ ਐਡਮਿਰਲ ਗਿਰੀਸ਼ ਲੂਥਰਾ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਬਣ ਰਹੇ ਗੰਭੀਰ ਹਾਲਾਤ ਤੇ ਉਭਰ ਰਹੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਵਾਈਸ ਐਡਮਿਰਲ ਏਕੇ ਚਾਵਲਾ ਨੇ ਸਵਦੇਸ਼ੀ ਜੰਗੀ ਹਵਾਈ ਜਹਾਜ਼ ਪ੍ਰਾਜੈਕਟ ਤੇ ਆਈਐੱਨਐੱਸ ਵਿਕਰਾਂਤ ਬਾਰੇ ਜਾਣਕਾਰੀ ਦਿੱਤੀ। ਵਾਈਸ ਐਡਮਿਰਲ ਅਨੂਪ ਸਿੰਘ ਨੇ ਸਮੁੰਦਰੀ ਤਾਕਤ ’ਚ ਜੰਗੀ ਜਹਾਜ਼ਾਂ ਦੀ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ।