ਦੇਸ਼ ਦੀ ਖੇਤਰੀ ਅਖੰਡਤਾ ਦੀ ਰਾਖੀ ਕਰਾਂਗੇ: ਜਨਰਲ ਪਾਂਡੇ

ਦੇਸ਼ ਦੀ ਖੇਤਰੀ ਅਖੰਡਤਾ ਦੀ ਰਾਖੀ ਕਰਾਂਗੇ: ਜਨਰਲ ਪਾਂਡੇ

ਨਵੀਂ ਦਿੱਲੀ/ਸ੍ਰੀਨਗਰ- ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਭਾਰਤੀ ਫੌਜ ਦੇਸ਼ ਦੀ ਖੇਤਰੀ ਅਖੰਡਤਾ ਦੀ ‘ਕਿਸੇ ਵੀ ਕੀਮਤ’ ਉੱਤੇ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ। ਥਲ ਸੈਨਾ ਦਿਹਾੜੇ ਦੀ ਪੂਰਬਲੀ ਸੰਧਿਆ ਜਨਰਲ ਪਾਂਡੇ ਨੇ ਕਿਹਾ ਕਿ ਫੌਜ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਥਲ ਸੈਨਾ ਦਾ ਮੌਲਿਕ ਕਿਰਦਾਰ ਤੇ ਪੇਸ਼ੇਵਰ ਪਹੁੰਚ ਉਸ ਨੂੰ ਦੇਸ਼ ਦੇ ਨਾਗਰਿਕਾਂ ਦੀਆਂ ਆਸ ਉਮੀਦਾਂ ’ਤੇ ਖਰਾ ਉਤਰਨ ਦੇ ਸਮਰੱਥ ਬਣਾਉਂਦੀ ਹੈ। ਆਲ ਇੰਡੀਆ ਰੇਡੀਓ ’ਤੇ ਪ੍ਰਸਾਰਿਤ ਸੁਨੇਹੇ ਵਿਚ ਉਨ੍ਹਾਂ ਕਿਹਾ, ‘‘ਅਸੀਂ ਸਰਹੱਦ ’ਤੇ ਮਜ਼ਬੂਤ ਸਥਿਤੀ ਬਣਾਈ ਹੋਈ ਹੈ ਤੇ ਸਾਡੀ ਪ੍ਰਾਦੇਸ਼ਕ ਅਖੰਡਤਾ ਦੀ ਕਿਸੇ ਵੀ ਕੀਮਤ ’ਤੇ ਰਾਖੀ ਲਈ ਤਿਆਰ ਹਾਂ।’’ ਉਨ੍ਹਾਂ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਫੌਜ ਤੇ ਹੋਰ ਸੁਰੱਖਿਆ ਬਲ ਜੰਮੂ ਕਸ਼ਮੀਰ ਵਿਚ ‘ਲੁਕਵੀਂ ਜੰਗ’ ਨਾਲ ਪੇਸ਼ੇਵਰ ਢੰਗ ਨਾਲ ਸਿੱਝ ਰਹੇ ਹਨ।

ਇਸ ਦੌਰਾਨ ਉੱਤਰੀ ਕਮਾਨ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਉਪੇਂਦਰ ਦਿਵੇਦੀ ਨੇ ਕਿਹਾ ਕਿ ਉੱਤਰੀ ਸਰਹੱਦ ’ਤੇ ਹਾਲਾਤ ਸਥਿਰ ਹਨ ਪਰ ‘ਆਮ ਜਿਹੇ ਨਹੀਂ’ ਹਨ।

ਉਨ੍ਹਾਂ ਇਹ ਟਿੱਪਣੀ ਲੱਦਾਖ ਖੇਤਰ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਸੰਦਰਭ ਵਿੱਚ ਕੀਤੀ ਹੈ। ਉਨ੍ਹਾਂ ਕਿਹਾ ਕਿ ਮਈ 2020 ’ਚ ਪੂਰਬੀ ਲੱਦਾਖ ਦੀਆਂ ਸੱਤ ਵਿਵਾਦਤ ਥਾਵਾਂ ’ਚੋਂ ਪੰਜ ਦਾ ਹੱਲ ਭਾਰਤੀ ਸੈਨਾ ਤੇ ਪੀਐੱਲਏ ਨੇ ਕਰ ਲਿਆ ਹੈ ਅਤੇ ਬਾਕੀ ਦੋ ਥਾਵਾਂ ਲਈ ਗੱਲਬਾਤ ਜਾਰੀ ਹੈ। ਫੌਜੀ ਕਮਾਂਡਰ ਨੇ ਪਾਕਿਸਤਾਨ ਦੇ ਹਵਾਲੇ ਨਾਲ ਕਿਹਾ ਕਿ ਗੁਆਂਢੀ ਮੁਲਕ ਪੁਣਛ-ਰਾਜੌਰੀ ਇਲਾਕੇ ’ਚ ਅਤਿਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਹੈ ਕਿਉਂਕਿ ਉਹ ਇਸ ਇਲਾਕੇ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪਸੰਦ ਨਹੀਂ ਕਰਦਾ। ਲੈਫਟੀਨੈਂਟ ਜਨਰਲ ਦਿਵੇਦੀ ਨੇ ਕਿਹਾ, ‘ਪੁਣਛ-ਰਾਜੌਰੀ ਖਿੱਤੇ ਦੇ ਲੋਕਾਂ ਦੀ ਜ਼ਿੰਦਗੀ ’ਚ ਖੁਸ਼ਹਾਲੀ ਆਈ ਹੈ ਅਤੇ ਜੀਵਨ ਪੱਧਰ ’ਚ ਸੁਧਾਰ ਹੋਇਆ ਹੈ। ਨਿਵੇਸ਼ ਆ ਰਿਹਾ ਹੈ ਅਤੇ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ ਪਰ ਸ਼ਾਂਤੀ ਤੇ ਖੁਸ਼ਹਾਲੀ ਦਾ ਇਹ ਮਾਹੌਲ ਸਾਡੇ ਗੁਆਂਢੀ ਮੁਲਕ ਨੂੰ ਰਾਸ ਨਹੀਂ ਆ ਰਿਹਾ। ਇਸ ਲਈ ਇਲਾਕੇ ’ਚ ਅਤਿਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ ਪਰ ਅਸੀਂ ਅਤਿਵਾਦ ਰੋਕੂ ਮੁਹਿੰਮ ਸ਼ੁਰੂ ਕੀਤੀ ਹੈ।’ ਉਨ੍ਹਾਂ ਭਰੋਸਾ ਜ਼ਾਹਿਰ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਅਤਿਵਾਦੀ ਗਤੀਵਿਧੀਆਂ ਨੂੰ ਕੰਟਰੋਲ ਕਰ ਲਿਆ ਜਾਵੇਗਾ।