ਦੇਸ਼ ਦੀ ਆਜ਼ਾਦੀ ਦੇ ਅਣਫਰੋਲੇ ਵਰਕੇ

ਦੇਸ਼ ਦੀ ਆਜ਼ਾਦੀ ਦੇ ਅਣਫਰੋਲੇ ਵਰਕੇ

ਡਾ. ਲਖਵੀਰ ਸਿੰਘ ਨਾਮਧਾਰੀ

ਬਰਤਾਨਵੀ ਹਕੂਮਤ ਨੇ ਭਾਰਤ ਵਿੱਚ ਆਪਣਾ ਰਾਜ ਸਥਾਪਤ ਕਰਨ ਲਈ ਜਿੱਥੇ ਭਾਰਤੀ ਰਾਜਿਆਂ-ਮਹਾਰਾਜਿਆਂ ਨਾਲ ਸੰਧੀਆਂ ਕਰ ਕੇ ਪਹਿਲਾਂ ਦੋਸਤਾਨਾ ਸਬੰਧ ਬਣਾਏ ਅਤੇ ਮਗਰੋਂ ਕੂਟਨੀਤੀਆਂ ਨਾਲ ਆਪਣੇ ਗੁਲਾਮ ਬਣਾ ਕੇ ਜੇਲ੍ਹਾਂ ਵਿੱਚ ਡੱਕ ਦਿੱਤਾ, ਉਥੇ ਹੀ ਦੇਸ਼ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕਰਨ ਵਾਲੇ ਦੇਸ਼ ਭਗਤਾਂ, ਆਜ਼ਾਦੀ ਘੁਲਾਟੀਆਂ, ਅਣਖੀ ਯੋਧਿਆਂ, ਸਿੱਖ ਕੌਮ ਦੇ ਹੀਰਿਆਂ ਨੂੰ ਵੀ ਜੇਲ੍ਹਾਂ ਵਿਚ ਡੱਕ ਦਿੱਤਾ, ਫਾਂਸੀਆਂ ਤੇ ਲਟਕਾ ਦਿੱਤਾ, ਤੋਪਾਂ ਨਾਲ ਉਡਾ ਦਿੱਤਾ ਜਾਂ ਕਾਲੇਪਾਣੀ ਦੀ ਸਜ਼ਾ ਦੇ ਕੇ ਅੰਨ੍ਹਾ ਤਸ਼ੱਦਦ ਢਾਹਿਆ।

ਬਰਤਾਨਵੀ ਹਕੂਮਤ ਨੇ ਭਾਰਤ ਦੀ ਆਜ਼ਾਦੀ ਲਈ ਉਭਰੇ ਪਲੇਠੇ ਸੰਘਰਸ਼ ਕੂਕਾ ਅੰਦੋਲਨ ਦੇ ਯੋਧਿਆਂ ਨੂੰ ਅੰਮ੍ਰਿਤਸਰ, ਰਾਏਕੋਟ ਅਤੇ ਲੁਧਿਆਣਾ ਵਿੱਚ ਖੁੱਲ੍ਹੇਆਮ ਫਾਂਸੀਆਂ ’ਤੇ ਲਟਕਾ ਦਿੱਤਾ ਅਤੇ 17-18 ਜਨਵਰੀ 1872 ਈ. ਨੂੰ ਮਾਲੇਰਕੋਟਲੇ ਵਿੱਚ 67 ਸਿੰਘਾਂ ਨੂੰ ਤੋਪਾਂ ਨਾਲ ਉਡਾ ਦਿੱਤਾ। ਇਸੇ ਤਰ੍ਹਾਂ 18 ਜਨਵਰੀ ਦੀ ਰਾਤ ਨੂੰ ਕੂਕਾ ਅੰਦੋਲਨ ਦੇ ਝੰਡਾਬਰਦਾਰ ਗੁਰੂ ਰਾਮ ਸਿੰਘ ਅਤੇ ਵੱਖ-ਵੱਖ ਇਲਾਕਿਆਂ ’ਚ ਆਜ਼ਾਦੀ ਦੇ ਘੋਲ ਵਿੱਚ ਸਰਗਰਮ ਨੌਂ ਸੂਬਿਆਂ ਨੂੰ ਕਾਲੇ ਪਾਣੀ ਪ੍ਰਦੇਸ਼ ਗਵਨ ਕਰ ਦਿੱਤਾ। ਉਨ੍ਹਾਂ ਭੈਣੀ ਸਾਹਿਬ ਡੇਰੇ ਦਾ ਚੱਪਾ ਚੱਪਾ ਛਾਣ ਮਾਰਿਆ ਤੇ ਹਰ ਕੀਮਤੀ ਚੀਜ਼ ਜ਼ਬਤ ਕਰਕੇ ਭੈਣੀ ਸਾਹਿਬ ’ਚ ਪੱਕੀ ਪੁਲੀਸ ਚੌਕੀ ਸਥਾਪਤ ਕਰ ਲਈ, ਜੋ 1872 ਤੋਂ 1923 ਈ. ਤੱਕ 51 ਸਾਲ ਰਹੀ। ਹਕੂਮਤ ਨੇ ਨਾਮਧਾਰੀ ਸੰਪਰਦਾ ਦੀਆਂ ਜ਼ਮੀਨਾਂ-ਜਾਇਦਾਦਾਂ ਜ਼ਬਤ ਕਰ ਕੇ ਨਾਮਧਾਰੀਆਂ ਨੂੰ ਜ਼ਰਾਇਮ ਪੇਸ਼ਾ ਬਾਗੀ ਕਰਾਰ ਦੇ ਦਿੱਤਾ।

ਨਾਮਧਾਰੀਆਂ ਨੂੰ ਕੋਈ ਥਹੁ ਪਤਾ ਨਹੀਂ ਸੀ ਕਿ ਅੰਗਰੇਜ਼ ਸਰਕਾਰ ਉਨ੍ਹਾਂ ਦੇ ਗੁਰੂ ਰਾਮ ਸਿੰਘ ਨੂੰ ਕਿੱਥੇ ਲੈ ਗਈ। ਸਿੰਘ ਪੁਲੀਸ ਦਫਤਰਾਂ ਅਤੇ ਅੰਗਰੇਜ਼ ਅਫਸਰਾਂ ਕੋਲ ਚੱਕਰ ਕੱਟਦੇ ਪਰ ਕੁਝ ਵੀ ਪੱਲੇ ਨਾ ਪੈਂਦਾ। ਇਕ ਦਿਨ ਬਾਬਾ ਦਰਬਾਰਾ ਸਿੰਘ ਅੰਗਰੇਜ਼ ਅਧਿਕਾਰੀ ਪੁਲੀਸ ਸੁਪਰਡੈਂਟ ਬਾਰਬਰਟਨ ਦੀ ਰਹਾਇਸ਼ ਗਾਹ ’ਤੇ ਲੁਧਿਆਣੇ ਚਲੇ ਗਏ ਪਰ ਬਾਹਬਰਟਨ ਨੇ ਗੁਰੂ ਰਾਮ ਸਿੰਘ ਬਾਰੇ ਕੋਈ ਜਾਣਕਾਰੀ ਨਾ ਦਿੱਤੀ। ਇਸ ਦੌਰਾਨ ਬਾਰਬਰਟਨ ਦੀ ਮੇਮ ਨੇ ਦਰਬਾਰਾ ਸਿੰਘ ’ਤੇ ਤਰਸ ਕਰਦਿਆਂ ਗੁਰੂ ਰਾਮ ਸਿੰਘ ਨੂੰ ਕਾਲੇ ਪਾਣੀ ਭੇਜੇ ਜਾਣ ਬਾਰੇ ਜਾਣਕਾਰੀ ਦਿੱਤੀ ਅਤੇ ਪਤਾ ਵੀ ਦੱਸ ਦਿੱਤਾ। ਜਨਵਰੀ 1875 ਈ. ਵਿੱਚ ਬਾਬਾ ਦਰਬਾਰਾ ਸਿੰਘ ਭੈਣੀ ਸਾਹਿਬ ਗੁਰੂ ਰਾਮ ਸਿੰਘ ਦੇ ਛੋਟੇ ਭਰਾ ਭਾਈ ਬੁੱਧ ਸਿੰਘ ਤੋਂ ਆਗਿਆ ਲੈ ਕੇ ਪੁਲੀਸ ਦੇ ਪਿੱਛਾ ਕਰਨ ਦੇ ਡਰੋਂ ਭੇਸ ਬਦਲ ਕੇ ਬਰਮਾਂ ਦੇ ਸ਼ਹਿਰ ਰੰਗੂਨ ਜਾ ਪਹੁੰਚੇ। ਰੰਗੂਨ ਵਿੱਚ ਉਹ ਸਰਕਾਰ ਦੀਆਂ ਸਖਤੀਆਂ ਅਤੇ ਪਹਿਰਿਆਂ ਨੂੰ ਝਕਾਨੀਆਂ ਦੇ ਕੇ ਇਕ ਬੰਗਲੇ ਵਿੱਚ ਨਜ਼ਰਬੰਦ ਗੁਰੂ ਰਾਮ ਸਿੰਘ ਨੂੰ ਮਿਲਣ ਵਿੱਚ ਸਫਲ ਹੋ ਗਏ ਅਤੇ ਗੁਰੂ ਰਾਮ ਸਿੰਘ ਦਾ ਪਹਿਲਾ ਖਤ ਲੈ ਕੇ ਭੈਣੀ ਸਾਹਿਬ ਆਏ। ਇਸ ਖਤ ਵਿੱਚ ਗੁਰੂ ਰਾਮ ਸਿੰਘ ਨੇ ਭਾਈ ਬੁੱਧ ਸਿੰਘ ਨੂੰ ਪੰਜਾਬ ਵਿੱਚ ਕੂਕਾ ਅੰਦੋਲਨ ਦੀ ਜ਼ਿੰਮੇਵਾਰੀ ਸੌੌਂਪੀ ਅਤੇ ਅੰਗਰੇਜ਼ ਤੋਂ ਗੁਪਤ ਸੰਕੇਤ ਲਈ ਭਾਈ ਬੁੱਧ ਸਿੰਘ ਦਾ ਨਾਂ ਭਾਈ ਹਰੀ ਸਿੰਘ ਰੱਖਿਆ।

ਬਰਤਾਨਵੀ ਹਕੂਮਤ ਨੇ ਰੰਗੂਨ ਵਿੱਚ ਗੁਰੂ ਰਾਮ ਸਿੰਘ ਨੂੰ ਸ਼ਾਹੀ ਕੈਦੀ ਦੇ ਰੂਪ ਵਿੱਚ ਅਤੇ ਭਾਈ ਨਾਨੂੰ ਸਿੰਘ ਨੂੰ ਗੁਰੂ ਰਾਮ ਸਿੰਘ ਦੇ ਸੇਵਦਾਰ ਵਜੋਂ ਟਹਿਲ ਪਾਣੀ ਲਈ ਇਕ ਬੰਗਲੇ ਵਿੱਚ ਨਜ਼ਰਬੰਦ ਕੀਤਾ ਹੋਇਆ ਸੀ। ਇਧਰ ਪੰਜਾਬ ਵਿੱਚ ਭਾਵੇਂ ਸਰਕਾਰ ਨੇ ਨਾਮਧਾਰੀਆਂ ’ਤੇ ਬਹੁਤ ਸਖ਼ਤੀਆਂ ਕੀਤੀਆਂ ਹੋਈਆਂ ਸਨ ਪਰ ਕੂਕਾ ਅੰਦੋਲਨ ਦੇ ਜੁਝਾਰੂ ਸਿੰਘ ਸਖ਼ਤੀਆਂ ਦੇ ਕਾਲੇ ਦੌਰ ਵਿੱਚ ਵੀ ਡਰੇ ਨਹੀਂ, ਸਗੋਂ ਭੈਣੀ ਸਾਹਿਬ ਤੋਂ ਇਲਾਵਾ ਮਾਝੇ, ਮਾਲਵੇ, ਦੁਆਬੇ, ਪੋਠੋਹਾਰ, ਪੁਆਧ ਦੇ ਇਲਾਕਿਆਂ ’ਚੋਂ ਸੈਂਕੜੇ ਸਿੰਘ ਗੁਰੂ ਰਾਮ ਸਿੰਘ ਦੇ ਇਸ ਬੰਗਲੇ ਵਿੱਚ ਪਹੁੰਚਦੇ ਰਹੇ। ਬੰਗਲੇ ਤੋਂ ਕੁਝ ਦੂਰ ਇਕ ਅੰਬ ਦਾ ਦਰੱਖਤ ਲੱਗਿਆ ਹੋਇਆ ਸੀ। ਇਸ ਅੰਬ ਹੇਠ ਛਾਂ ਦੇ ਬਹਾਨੇ ਜਾਂ ਕਿਸੇ ਰਾਹੀ ਦੀ ਉਡੀਕ ਦੇ ਬਹਾਨੇ ਸਿੰਘ ਰੁਕਦੇ। ਗੁਰੂ ਰਾਮ ਸਿੰਘ ਉਪਰਲੀ ਮੰਜ਼ਲ ’ਤੇ ਵਰਾਂਡੇ ਵਿੱਚ ਸਿੰਘਾਂ ਨੂੰ ਦਰਸ਼ਨ ਦਿੰਦੇ। ਸਿੰਘ ਪੰਜਾਬ ਤੋਂ ਲਿਆਂਦੇ ਖਤ ਪੱਥਰ ਦੁਆਲੇ ਧਾਗੇ ਨਾਲ ਬੰਨ੍ਹ ਕੇ ਜਾਂ ਕਪੜੇ ਵਿਚ ਲਪੇਟ ਕੇ ਕੰਧ ਉਪਰੋਂ ਦੀ ਅੰਦਰ ਸੁੱਟ ਦਿੰਦੇ ਅਤੇ ਗੁਰੂ ਰਾਮ ਸਿੰਘ ਆਪਣੀਆਂ ਲਿਖਤਾਂ ਨੂੰ ਕਿਸੇ ਭਾਰੀ ਚੀਜ਼ ਨਾਲ ਬੰਨ੍ਹ ਕੇ ਬਾਹਰ ਸੁੱਟਦੇ। ਇਸੇ ਤਰ੍ਹਾਂ ਕੰਧਾਂ ਉਪਰੋਂ ਦੀ ਖਤਾਂ ਦਾ ਅਦਾਨ ਪ੍ਰਦਾਨ ਹੁੰਦਾ। ਇਸ ਤਰ੍ਹਾਂ ਗੁਪਤ ਦਾਅ ਪੇਚਾਂ ਨਾਲ ਲਏ ਗਏ ਖਤਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ, ਜਿਨ੍ਹਾਂ ’ਚੋਂ 64 ਅੱਜ ਵੀ ਸੁਰੱਖਿਅਤ ਹਨ ਅਤੇ ਇਕ 538 ਸਫਿਆਂ ਦੀ ਪੋਥੀ ਦੇ ਰੂਪ ਵਿੱਚ ਛਪੇ ਹੋਏ ਹਨ। ਇਤਿਹਾਸਕਾਰਾਂ ਨੇ ਇਨ੍ਹਾਂ ਖਤਾਂ ਨੂੰ ਹੁਕਮਨਾਮਿਆਂ ਦਾ ਨਾਮ ਦਿੱਤਾ ਹੈ ਅਤੇ ਸਿੰਘਾਂ ਵੱਲੋਂ ਗੁਰੂ ਜੀ ਨੂੰ ਦਿੱਤੇ ਖਤਾਂ ਨੂੰ ਹਰਿਦਾਸਾਂ ਲਿਖਿਆ ਗਿਆ ਹੈ।

ਰੰਗੂਨ ਆਉਣ-ਜਾਣ ਵਾਲੇ ਸਿੰਘਾਂ ਨੇ ਗੁਰੂ ਰਾਮ ਸਿੰਘ ਦੇ ਨਿਕਟਵਰਤੀ ਸੂਬਾ ਲੱਖਾ ਸਿੰਘ, ਸੂਬਾ ਬ੍ਰਹਮਾ ਸਿੰਘ, ਸੂਬਾ ਜਵਾਹਰ ਸਿੰਘ ਨਾਲ ਵੀ ਰਾਬਤਾ ਕਾਇਮ ਕਰ ਲਿਆ ਜੋ ਅਦਨ, ਚੁਨਾਰ ਅਤੇ ਮੌਲਮੀਨ ਦੇ ਕਿਲ੍ਹਿਆਂ ਵਿੱਚ ਨਜ਼ਰਬੰਦ ਸਨ। ਇਨ੍ਹਾਂ ਸੂਬਿਆਂ ਦੇ ਖਤਾਂ ਦਾ ਵੀ ਸਿੰਘਾਂ ਰਾਹੀਂ ਗੁਰੂ ਰਾਮ ਸਿੰਘ ਨਾਲ ਆਦਾਨ-ਪ੍ਰਦਾਨ ਹੋਣ ਲੱਗ ਪਿਆ। ਪਿੰਡ ਵਰਿਆਂਹ ਜ਼ਿਲ੍ਹਾ ਅੰਮ੍ਰਿਤਸਰ ਦਾ ਨੈਣਾ ਸਿੰਘ ਰੰਗੂਨ ਗਿਆ ਅਤੇ ਗੁਰੂ ਰਾਮ ਸਿੰਘ ਦਾ ਹੁਕਮਨਾਮਾ ਲੈ ਕੇ ਆਇਆ। ਉਹ ਚਾਹੁੰਦਾ ਸੀ ਕਿ ਗੁਰੂ ਰਾਮ ਸਿੰਘ ਦਾ ਹੱਥ ਲਿਖਤ ਹੁਕਮਨਾਮਾ ਯਾਦ ਨਿਸ਼ਾਨੀ ਵਜੋਂ ਉਸ ਕੋਲ ਰਹੇ, ਇਸ ਲਈ ਉਸ ਨੇ ਇਸ ਹੁਕਮਨਾਮੇ ਦੇ ਉਤਾਰੇ ਕਰ ਕੇ ਪੰਜਾਬ ਵਿੱਚ ਸੰਗਤ ਨੂੰ ਵੰਡ ਦਿੱਤੇ। ਹੁਕਮਨਾਮਿਆਂ ਦੀ ਗੁਪਤ ਰੂਪ ਵਿੱਚ ਚੱਲ ਰਹੀ ਵਾਰਤਾ ਅੰਗਰੇਜ਼ਾਂ ਦੇ ਕੰਨੀਂ ਪੈ ਗਈ। ਉਨ੍ਹਾਂ ਨੈਣਾ ਸਿੰਘ ਦੀ ਪੁੱਛ-ਪੜਤਾਲ ਕੀਤੀ ਅਤੇ ਹੁਕਮਨਾਮਾ ਜ਼ਬਤ ਕਰ ਲਿਆ।

ਚਇਕ ਦਿਨ ਜੁਲਾਈ 1879 ਈ. ਵਿੱਚ ਇਕ ਸਰਗਰਮ ਨਾਮਧਾਰੀ ਨਰੈਣ ਸਿੰਘ ਰੋਡਿਆਂ ਵਾਲਾ ਆਪਣੇ ਪਿੰਡੋਂ ਭੈਣੀ ਸਾਹਿਬ ਜਾ ਰਿਹਾ ਸੀ। ਪੁਲੀਸ ਸੁਪਰਡੈਂਟ ਬਾਰਬਰਟਨ ਨੇ ਉਸ ਨੂੰ ਲੁਧਿਆਣੇ ਦੇ ਰਸਤੇ ਵਿੱਚ ਫੜ ਲਿਆ ਅਤੇ ਤਲਾਸ਼ੀ ਲਈ। ਉਸ ਕੋਲੋਂ ਗੁਰੂ ਰਾਮ ਸਿੰਘ ਦੇ ਲਿਖੇ 28 ਹੁਕਮਨਾਮੇ ਨਿਕਲੇ, ਜੋ ਸਰਕਾਰ ਨੇ ਜ਼ਬਤ ਕਰ ਲਏ। 28 ਲਿਖਤਾਂ ਦੇਖ ਕੇ ਅੰਗਰੇਜ਼ ਦੰਗ ਰਹਿ ਗਏ ਪਰ ਲਿਖਤਾਂ ਫੜੇ ਜਾਣ ਦੇ ਡਰੋਂ ਗੁਰੂ ਰਾਮ ਸਿੰਘ ਪਹਿਲਾਂ ਹੀ ਖਤਾਂ ’ਚ ਸੰਕੇਤਕ ਨਾਂ ਵਰਤਦੇ ਸਨ। ਗੁਰੂ ਰਾਮ ਸਿੰਘ ਆਪਣਾ ਨਾਮ ਦਿਆਲ ਸਿੰਘ, ਨਾਨੂੰ ਸਿੰਘ ਦਾ ਨਾਂ ਕਿਰਪਾਲ ਸਿੰਘ, ਭਾਈ ਬੁੱਧ ਸਿੰਘ ਦਾ ਨਾਂ ਭਾਈ ਹਰੀ ਸਿੰਘ ਅਤੇ ਅੰਗਰੇਜ਼ ਲਈ ਸ਼ਬਦ ਬਿੱਲਾ ਸਿੰਘ ਤੇ ਰੂਸ ਬਾਰੇ ਜਾਣਕਾਰੀ ਲਈ ‘ਸਰੂਪ ਸਿੰਘ’ ਸ਼ਬਦ ਵਰਤਦੇ ਸਨ। ਇਸ ਦੇ ਬਾਵਜੂਦ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਕਿ ਇਹ ਲਿਖਤਾਂ ਗੁਰੂ ਰਾਮ ਸਿੰਘ ਦੀਆਂ ਹੀ ਹਨ। ਨਰੈਣ ਸਿੰਘ ਤੋਂ ਹੁਕਮਨਾਮੇ ਜ਼ਬਤ ਕਰ ਕੇ ਸਰਕਾਰ ਨੇ ਰੰਗੂਨ ਬੰਗਲੇ ’ਤੇ ਹੋਰ ਸਖਤਾਈ ਕਰ ਦਿੱਤੀ ਤੇ ਬੰਗਲੇ ’ਤੇ ਇਹ ਲਿਖ ਕੇ ਲਾ ਦਿੱਤਾ ਜਿਸ ਬਾਰੇ ਗੁਰੂ ਰਾਮ ਸਿੰਘ ਇੱਕ ਹੁਕਮਨਾਮੇ ਵਿੱਚ ਲਿਖਦੇ ਹਨ:

‘‘ਜੇਹੜਾ ਬਡਾ ਗੋਰਾ ਹੈ ਸਾਰੇ ਦੇਸਾ ਦੇ ਉਤੇ ਉਸ ਦਾ ਲਿਖਾ ਹੁਕਮ ਏਥੇ ਕੰਧ ਦੇ ਨਾਲ ਲਾਇਆ ਹੈ, ਜੇ ਕੋਈ ਆਦਮੀ ਏਸ ਦੇ ਨਾਲ ਬਾਤ ਕਰੇ ਤਾ ਉਸਨੂੰ ਫਕੜੋ, ਕੈਦ ਕਰੋ, ਅਰ ਜੇ ਕੁਝ ਬਾਹਰ ਤੇ ਸਿਟੇ ਉਸਨੂੰ ਕੈਦ ਕਰੋ, ਅਰ ਕੋਈ ਆਦਮੀ ਨਾ ਏਥੇ ਸੌਹੇ ਖੜਾ ਹੋਣ ਦਿਉ।’’ (ਹੁਕਮਨਾਮੇ ਪੰਨਾ: 170)

ਇਸ ਦੇ ਬਾਵਜੂਦ ਨਾਮਧਾਰੀ ਸਿੰਘਾਂ ਨੇ ਪਰਵਾਹ ਨਹੀਂ ਕੀਤੀ ਅਤੇ ਰੰਗੂਨ ਵੱਲ ਵਹੀਰਾਂ ਘੱਤੀ ਰੱਖੀਆਂ। ਇਤਿਹਾਸਕ ਦਸਤਾਵੇਜ਼ਾਂ ਮੁਤਾਬਕ ਜੁਲਾਈ 1880 ਈ. ਵਿਚ ਇਕੋ ਸਮੇਂ 26 ਨਾਮਧਾਰੀ ਸਿੰਘ ਰੰਗੂਨ ਦੇ ਵੱਖ-ਵੱਖ ਪੜਾਵਾਂ ’ਤੇ ਗੁਰੂ ਰਾਮ ਸਿੰਘ ਨੂੰ ਮਿਲਣ ਲਈ ਰੁਕੇ ਹੋਏ ਸਨ। 28 ਜੁਲਾਈ 1880 ਈ. ਨੂੰ ਧੰਨਾ ਸਿੰਘ ਗੁੰਮਟੀ (ਬਠਿੰਡਾ) ਗੁਰੂ ਰਾਮ ਸਿੰਘ ਤੋਂ ਹੁਕਮਨਾਮੇ ਲੈਂਦਾ ਫੜਿਆ ਗਿਆ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਕਮਨਾਮੇ ਵੀ ਸਰਕਾਰ ਨੇ ਜ਼ਬਤ ਕਰ ਲਏ। (ਇਹ ਲਿਖਤਾਂ ਅੱਜ ਵੀ ਨਵੀਂ ਦਿਲੀ ਸਥਿਤ ਨੈਸ਼ਨਲ ਆਰਕਾਈਵਜ਼ ਦਫਤਰ ਵਿੱਚ ਸੁਰੱਖਿਅਤ ਪਈਆਂ ਹਨ।) ਧੰਨਾ ਸਿੰਘ ਗੁੰਮਟੀ ਦੇ ਫੜੇ ਜਾਣ ਤੋਂ ਬਾਅਦ ਸਰਕਾਰ ਨੇ ਗੁਰੂ ਰਾਮ ਸਿੰਘ ਨੂੰ ਰੰਗੂਨ ਵਾਲੇ ਇਸ ਬੰਗਲੇ ਤੋਂ 21 ਸਤੰਬਰ 1880 ਈ. ਨੂੰ ਇਕ ਸਮੁੰਦਰੀ ਟਾਪੂ ਮਰਗੋਈ ਵਿੱਚ ਤਬਦੀਲ ਕਰ ਦਿੱਤਾ, ਜਿਸ ਬਾਰੇ ਗੁਰੂ ਰਾਮ ਸਿੰਘ ਨੇ ਇਕ ਹੁਕਮਨਾਮੇ ਰਾਹੀਂ ਪਹਿਲਾਂ ਹੀ ਖਦਸ਼ਾ ਜ਼ਾਹਰ ਕੀਤਾ ਸੀ।

ਅਠਾਰਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ 1907 ਈ. ਤੱਕ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਭਾਰਤੀਆਂ ਵੱਲੋਂ ਰੂਸ ਦੀ ਮਦਦ ਲੈਣ ਦੀ ਚਰਚਾ ਆਮ ਰਹੀ। ਗੁਰੂ ਰਾਮ ਸਿੰਘ ਨੇ ਰੰਗੂਨ ਨਜ਼ਰਬੰਦੀ ਦੌਰਾਨ ਸਿੰਘਾਂ ਹੱਥੀਂ ਭੇਜੇ ਚਿੱਠੀ ਪੱਤਰਾਂ ਰਾਹੀਂ ਰੂਸ ਨਾਲ ਵੀ ਸੰਪਰਕ ਸਥਾਪਤ ਕਰ ਲਿਆ ਸੀ। ਆਜ਼ਾਦੀ ਘੁਲਾਟੀਆ ਸੂਬਾ ਗੁਰਚਰਨ ਸਿੰਘ ਭੇਸ ਬਦਲ ਕੇ ਲੋਹ ਟੋਪ ਪਹਿਨ ਕੇ ਗੁਰੂ ਰਾਮ ਸਿੰਘ ਦਾ ਖਤ ਲੈ ਕੇ ਰੂਸ ਦਰਬਾਰ ਵਿੱਚ ਪੁੱਜ ਗਿਆ। ਰੂਸੀ ਤੁਰਕਸਤਾਨ ਗਵਰਨਰ ਜਨਰਲ ਕਾਰਡ ਕਮਿਆਨ ਅਤੇ ਜਨਰਲ ਕਾਫਮਾਨ ਨੇ ਇਹ ਖਤ ਦੋਭਾਸ਼ੀਏ ਕੋਲੋਂ ਪੜ੍ਹਾ ਕੇ ਸਮਝਿਆ ਅਤੇ ਰੂਸੀ ਭਾਸ਼ਾ ਵਿੱਚ ਗੁਰੂ ਰਾਮ ਸਿੰਘ ਨੂੰ ਖਤ ਲਿੱਖਿਆ। ਸੂਬਾ ਗੁਰਚਰਨ ਸਿੰਘ ਦੀ ਰੂਸ ਜਾਣ ਦੀ ਖਬਰ ਬਰਤਾਨਵੀਂ ਸਰਕਾਰ ਦੇ ਕੰਨੀਂ ਪੈ ਗਈ ਤੇ ਸੂਹੀਆਂ ਰਾਹੀਂ ਪੰਜਾਬ ਆਉਣ ਤੋਂ ਪਹਿਲਾਂ ਹੀ ਗੁਰਚਰਨ ਸਿੰਘ ਨੂੰ ਵੀ ਪਤਾ ਲੱਗ ਗਿਆ। ਉਸ ਨੇ ਤੀਖਣ ਬੁੱਧੀ ਨਾਲ ਗੁਪਤ ਰਸਤਿਆਂ ਰਾਹੀਂ ਪੰਜਾਬ ਪਰਤ ਕੇ ਇਹ ਖਤ ਸਿਰਹਾਲੀ, ਅੰਮ੍ਰਿਤਸਰ ਦੇ ਉਘੇ ਨਾਮਧਾਰੀ ਸ਼ਾਮ ਸਿੰਘ ਕੋਲ ਪਹੁੰਚਾ ਦਿੱਤਾ ਅਤੇ ਫਿਰ ਆਪਣੇ ਪਿੰਡ ਚੱਕ ਪਿਰਾਣਾ ਪਹੁੰਚਿਆ, ਜਿੱਥੇ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸ਼ਾਮ ਸਿੰਘ ਨੇ ਰੂਸ ਵਾਲਾ ਇਹ ਖਤ ਗੁਰੂ ਰਾਮ ਸਿੰਘ ਕੋਲ ਪਹੁੰਚਾਉਣ ਲਈ ਆਪਣੇ ਪੁੱਤਰ ਮੀਹਾਂ ਸਿੰਘ ਨੂੰ ਭੇਜਿਆ। ਮੀਹਾਂ ਸਿੰਘ ਹਾਂਗਕਾਂਗ ਪੁਲੀਸ ਵਿੱਚ ਸਿਪਾਹੀ ਸੀ। ਮੀਹਾਂ ਸਿੰਘ ਨੇ ਪੁਲੀਸ ਦੀ ਵਰਦੀ ਪਹਿਨੀ ਅਤੇ ਰੂਸੀ ਖਤ ਨੂੰ ਸ਼ੀਸ਼ੇ ਦੇ ਫਰੇਮ ’ਚ ਲੁੱਕੋ ਕੇ ਫਿਟ ਕਰ ਲਿਆ ਅਤੇ ਸੰਤ ਸਿੰਘ ਨੂੰ ਨਾਲ ਲੈ ਕੇ ਰੰਗੂਨ ਗੁਰੂ ਰਾਮ ਸਿੰਘ ਦੇ ਬੰਗਲੇ ਕੋਲ ਜਾ ਪਹੁੰਚਿਆ। ਗੁਰੂ ਰਾਮ ਸਿੰਘ ਨੂੰ ਇਥੋਂ ਸਰਕਾਰ ਨੇ ਮਰਗੋਈ ਟਾਪੂ ਤਬਦੀਲ ਕਰ ਦਿੱਤਾ ਸੀ । ਮਰਗੋਈ ਟਾਪੂ ’ਤੇ ਸਰਿਫ ਸਮੁੰਦਰੀ ਰਸਤਿਆਂ ਰਾਹੀਂ 15 ਦਿਨਾਂ ਬਾਅਦ ਇਕ ਸਟੀਮਰ ਜਾਂਦਾ ਸੀ, ਜਿਸ ਵਿੱਚ ਕਿਸੇ ਵੀ ਪੰਜਾਬੀ ਵਿਅਕਤੀ ਨੂੰ ਸਫਰ ਕਰਨ ਦੀ ਮਨਾਹੀ ਸੀ ਅਤੇ ਮਰਗੋਈ ਟਾਪੂ ’ਤੇ ਵੀ ਕਿਸੇ ਪੰਜਾਬੀ ਵਿਅਕਤੀ ਦੇ ਆਉਣ-ਜਾਣ ਦੀ ਪਾਬੰਦੀ ਸੀ। ਬਰ੍ਹਮਾਂ ਵਿੱਚ ਮੌਲਮੀਨ ਦੇ ਸਿਪਾਹੀ ਹਰਨਾਮ ਸਿੰਘ ਨੇ ਮੀਹਾਂ ਸਿੰਘ ਦੀ ਮਦਦ ਕੀਤੀ। ਮੀਹਾਂ ਸਿੰਘ ਨੇ ਮਰਗੋਈ ਜਾ ਕੇ ਗੁਰੂ ਰਾਮ ਸਿੰਘ ਦਾ ਟਿਕਾਣਾ ਭਾਲ ਲਿਆ। ਜਾਨ ਦੀ ਪਰਵਾਹ ਕੀਤੇ ਬਿਨਾਂ ਮੌਕਾ ਵੇਖ ਕੇ ਮੀਹਾਂ ਸਿੰਘ ਸੋਟੀ ਦੇ ਸਹਾਰੇ ਉਚੀ ਛਾਲ ਮਾਰ ਕੇ ਜੰਗਲਾ ਟੱਪ ਕੇ ਗੁਰੂ ਰਾਮ ਸਿੰਘ ਨੂੰ ਜਾ ਮਿਲਿਆ। ਰੂਸ ਦੀ ਸਾਰੀ ਵਾਰਤਾ ਸੁਣਾਈ। ਸਵੇਰ ਹੁੰਦਿਆਂ ਹੀ ਮੀਹਾਂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਲਕੱਤੇ ਤੋਂ ਜਹਾਜ਼ ਰਾਹੀਂ ਵਾਪਸ ਪੰਜਾਬ ਭੇਜ ਦਿੱਤਾ ਗਿਆ। ਉਹ ਗੁਰੂ ਰਾਮ ਸਿੰਘ ਨਾਲ ਹੋਏ ਵਿਚਾਰਾਂ ਅਤੇ ਅਗਲੇਰੀਆਂ ਨੀਤੀਆਂ ਦਾ ਖਜ਼ਾਨਾ ਲੈ ਕੇ ਭੈਣੀ ਸਾਹਿਬ ਪਰਤਿਆ। ਭਾਰਤ-ਰੂਸ ਸਬੰਧਾਂ ’ਚ ਕਾਬਲ ਦੇ ਵਸਨੀਕ ਸੂਬਾ ਬਿਸ਼ਨ ਸਿੰਘ ਦਾ ਵੀ ਵੱਡਾ ਯੋਗਦਾਨ ਸੀ। 19ਵੀਂ ਸਦੀ ਦੇ ਦੂਸਰੇ ਅੱਧ ਤੱਕ ਭਾਰਤ ’ਚ ਕੂਕਾ ਅੰਦੋਲਨ ਹੀ ਸੀ ਜੋ ਸੰਗਿਠਤ ਰੂਪ ’ਚ ਬਰਤਾਨਵੀ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਕਰ ਰਿਹਾ ਸੀ।