ਦੇਸ਼ ਦਾ ਤਾਨਾਸ਼ਾਹ ਬਣਨਾ ਚਾਹੁੰਦੇ ਨੇ ਮੋਦੀ: ਖੜਗੇ

ਦੇਸ਼ ਦਾ ਤਾਨਾਸ਼ਾਹ ਬਣਨਾ ਚਾਹੁੰਦੇ ਨੇ ਮੋਦੀ: ਖੜਗੇ

ਮੰਗਲੂਰੂ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਮੁੜ ਸੱਤਾ ਵਿੱਚ ਨਹੀਂ ਆਉਣੀ ਚਾਹੀਦੀ ਕਿਉਂਕਿ ਉਹ ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਅਤੇ ਦੇਸ਼ਵਾਸੀਆਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਪਾਉਣ ਦੇ ਆਪਣੇ ਵਾਅਦਿਆਂ ’ਤੇ ਪੂਰੇ ਨਹੀਂ ਉਤਰੇ। ਖੜਗੇ ਸ਼ਹਿਰ ਦੇ ਬਾਹਰਵਾਰ ਕਾਂਗਰਸੀ ਕਾਰਕੁਨਾਂ ਦੀ ਸੂਬਾ ਪੱਧਰੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਮੋਦੀ ਤਾਨਾਸ਼ਾਹ ਬਣਨਾ ਚਾਹੁੰਦੇ ਹਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਮੀਡੀਆ ਸਮੇਤ ਪੂਰੇ ਸ਼ਾਸਨ ਨੂੰ ਹਥਿਆਉਣਾ ਚਾਹੁੰਦੇ ਹਨ।’’ ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਪਾਰਟੀ ਮੁੁਹਿੰਮ ਦਾ ਆਗਾਜ਼ ਕਰਦਿਆਂ ਖੜਗੇ ਨੇ ਕਿਹਾ ਕਿ ਕਾਂਗਰਸ ਨੂੰ ਕਰਨਾਟਕ ਵਿੱਚ ਘੱਟੋ ਘੱਟ 20 ਸੀਟਾਂ ਜਿੱਤਣ ਦਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਰਨਾਟਕ ਵਿੱਚ ਆਪਣੇ ਚੋਣ ਮੈਨੀਫੈਸਟੋ ਵਿੱਚ ਦਿੱਤੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ, ਜਦੋਂਕਿ ਮੋਦੀ ਆਪਣੇ ਵਾਅਦਿਆਂ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਹਮੇਸ਼ਾ ਨਿੱਜੀ ਗਾਰੰਟੀਆਂ ’ਤੇ ਜ਼ੋਰ ਦਿੰਦੇ ਹਨ, ਜਦੋਂਕਿ ਕਾਂਗਰਸ ਆਪਣੇ ਵਾਅਦਿਆਂ ਨੂੰ ਸਮੂਹਿਕ ਪਾਰਟੀ ਦੀਆਂ ਗਾਰੰਟੀਆਂ ਵਜੋਂ ਪੇਸ਼ ਕਰਦੀ ਹੈ।

ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਆਪਣੇ ਨਿੱਜੀ ਅਕਸ਼ ਨੂੰ ਉਭਾਰਿਆ ਜਾਂਦਾ ਹੈ, ਜਦੋਂਕਿ ਇਸ ਦੇ ਉਲਟ ਕਾਂਗਰਸ ਵੱਲੋਂ ਪਾਰਟੀ ਦੀ ਸਮੂਹਿਕ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ ਜਾਂਦਾ ਹੈ।