ਦੇਸ਼ ਵਿੱਚ ਅਨਾਜ ਦਾ ਸੰਕਟ ਪੈਦਾ ਹੋਇਆ: ਖਹਿਰਾ

ਦੇਸ਼ ਵਿੱਚ ਅਨਾਜ ਦਾ ਸੰਕਟ ਪੈਦਾ ਹੋਇਆ: ਖਹਿਰਾ

ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਠਹਿਰਾਇਆ ਜ਼ਿੰਮੇਵਾਰ

ਨਵੀਂ ਦਿੱਲੀ – ਕਾਂਗਰਸ ਪਾਰਟੀ ਨੇ ਅੱਜ ਦੇਸ਼ ਵਿਚ ਖਾਧ ਪਦਾਰਥਾਂ ਦੀ ਕਿੱਲਤ ਅਤੇ ਪੈਦਾ ਹੋ ਰਹੇ ਅਨਾਜ ਸੰਕਟ ਲਈ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਯੋਜਨਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਵਿਰੋਧੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਖਾਧ ਪਦਾਰਥਾਂ ’ਚ ਕਮੀ ਪਿਛਲੇ 15 ਸਾਲਾਂ ਵਿੱਚ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਇਹ ਕਮੀ ਪਿਛਲੇ 50 ਸਾਲਾਂ ’ਚ ਸਭ ਤੋਂ ਵੱਧ ਹੈ। ਅੱਜ ਇਥੇ ਕਾਂਗਰਸ ਦੇ ਹੈੱਡਕੁਆਰਟਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਕਿਸਾਨ ਵਿੰਗ ਦੇ ਨਵ-ਨਿਯੁਕਤ ਕੌਮੀ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ, ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਸਬੰਧੀ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਤੁਰੰਤ ਇੱਕ ਕਮੇਟੀ ਗਠਿਤ ਕਰੇ। ਕਾਂਗਰਸੀ ਆਗੂ ਖਹਿਰਾ ਅਤੇ ਮੀਡੀਆ ਵਿੰਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਐਤਕੀ ਕਣਕ ਦੀ ਪੈਦਾਵਾਰ ਘੱਟ ਹੋਣ ਦੇ ਬਾਵਜੂਦ ਮੋਦੀ ਸਰਕਾਰ ਨੇ ਗੁਜਰਾਤ ਅਤੇ ਉੱਤਰ ਪ੍ਰਦੇਸ਼ ਸਣੇ ਦਸ ਰਾਜਾਂ ਨੂੰ ਕੀਤੀ ਜਾਣ ਵਾਲੀ ਕਣਕ ਦੀ ਅਲਾਟਮੈਂਟ ਵਿੱਚ ਵੀ ਕਟੌਤੀ ਕਰ ਦਿੱਤੀ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਕਈ ਸਾਲਾਂ ਤੱਕ ਰਾਜਾਂ ਨੂੰ ਝੋਨੇ ਹੇਠਲੇ ਰਕਬੇ ਵਿੱਚ ਕਮੀ ਲਿਆਉਣ ਲਈ ਕਹਿਣ ਮਗਰੋਂ ਹੁਣ ਖੁਰਾਕ ਅਤੇ ਖਪਤਕਾਰ ਮਾਮਲਿਆਂ ਸਬੰਧੀ ਮੰਤਰੀ ਪਿਊਸ਼ ਗੋਇਲ ਰਾਜ ਸਰਕਾਰਾਂ ’ਤੇ ਝੋਨੇ ਦਾ ਉਤਪਾਦਨ ਵਧਾਉਣ ਲਈ ਦਬਾਅ ਪਾ ਰਹੇ ਹਨ, ਜਿਸ ਕਰਕੇ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਖਾਦਾਂ ਦੀ ਕਮੀ ਅਤੇ ਖਾਦਾਂ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਸਨਅਤਕਾਰ ਦੋਸਤਾਂ ਨੂੰ ਲਾਭ ਦੇਣ ਲਈ ਅਸਿੱਧੇ ਢੰਗ ਨਾਲ ਮੁੜ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।