ਦੇਸ਼ ਤੋਂ ਮੁਆਫ਼ੀ ਮੰਗਣ ਕੇਜਰੀਵਾਲ: ਖਹਿਰਾ

ਦੇਸ਼ ਤੋਂ ਮੁਆਫ਼ੀ ਮੰਗਣ ਕੇਜਰੀਵਾਲ: ਖਹਿਰਾ

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ‘ਆਪ’ ਪਾਰਟੀ ਦੇ ਵਜ਼ੀਰਾਂ ਦੀ ਤੁਲਨਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਕਰਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਕਾਂਗਰਸ ਕਿਸਾਨ ਸੈੱਲ ਦੇ ਕੌਮੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਟਵੀਟ ਕਰ ਕੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਤੋਂ ਮੁਆਫ਼ੀ ਮੰਗਣ ਲਈ ਆਖਿਆ ਹੈ।

ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਬਰਾਬਰੀ ਨਹੀਂ ਕੀਤੀ ਜਾ ਸਕਦੀ ਅਤੇ ਅਰਵਿੰਦ ਕੇਜਰੀਵਾਲ ਨੇ ਤਾਂ ਬਿਕਰਮ ਮਜੀਠੀਆ ਕੋਲੋਂ ਮੁਆਫੀ ਮੰਗ ਲਈ ਸੀ। ‘ਆਪ’ ਆਗੂ ਸਾਵਰਕਰ ਤਾਂ ਹੋ ਸਕਦੇ ਹਨ ਪਰ ਸ਼ਹੀਦ ਭਗਤ ਸਿੰਘ ਨਹੀਂ ਹੋ ਸਕਦੇ। ਸ੍ਰੀ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਨੇ ਮੁਨੀਸ਼ ਜਿਹੇ ਦਾਗੀ ਦੀ ਸ਼ਹੀਦ ਭਗਤ ਸਿੰਘ ਨਾਲ ਤੁਲਨਾ ਕਰ ਕੇ ਸ਼ਹੀਦ-ਏ-ਆਜ਼ਮ ਦਾ ਅਪਮਾਨ ਕੀਤਾ ਹੈ, ਜਿਸ ਕਰ ਕੇ ਕੇਜਰੀਵਾਲ ਨੂੰ ਭਾਰਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਸੀ, ‘‘ਜੇਲ੍ਹ ਦੀਆਂ ਸਲਾਖਾਂ ਅਤੇ ਫਾਂਸੀ ਦਾ ਫੰਦਾ ਭਗਤ ਸਿੰਘ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਸੀ ਕਰ ਸਕਿਆ। ਇਹ ਆਜ਼ਾਦੀ ਦੀ ਦੂਜੀ ਲੜਾਈ ਹੈ।

ਮਨੀਸ਼ ਅਤੇ ਸਤੇਂਦਰ ਅੱਜ ਦੇ ਭਗਤ ਸਿੰਘ ਹਨ। 75 ਸਾਲਾਂ ਵਿੱਚ ਦੇਸ਼ ਨੂੰ ਇੱਕ ਅਜਿਹਾ ਸਿੱਖਿਆ ਮੰਤਰੀ ਮਿਲਿਆ, ਜਿਸ ਨੇ ਗਰੀਬਾਂ ਦੇ ਬੱਚਿਆਂ ਵਿੱਚ ਸੁਨਹਿਰੀ ਭਵਿੱਖ ਦੀ ਉਮੀਦ ਜਗਾਈ ਹੈ।’’