…ਦੇਖ ਚੁਬਾਰੇ ਚੜ੍ਹਕੇ

…ਦੇਖ ਚੁਬਾਰੇ ਚੜ੍ਹਕੇ

ਬਹਾਦਰ ਸਿੰਘ ਗੋਸਲ

ਚੁਬਾਰਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਘਰ ਦੀ ਛੱਤ ’ਤੇ ਬਣਾਏ ਗਏ ਕਮਰੇ ਨੂੰ ਚੁਬਾਰਾ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਲੋਕ ਆਪਣੇ ਘਰਾਂ ’ਤੇ ਆਮ ਹੀ ਚੁਬਾਰੇ ਬਣਾਉਂਦੇ ਸਨ। ਇਨ੍ਹਾਂ ਚੁਬਾਰਿਆਂ ਦੇ ਬਣਨ ਦੇ ਵੀ ਕਈ ਕਾਰਨ ਸਨ ਜਿਵੇਂ ਇੱਕ ਤਾਂ ਚੁਬਾਰੇ ਵਾਲੇ ਘਰ ਦੀ ਸਮਾਜ ਵਿੱਚ ਠੁੱਕ ਵੱਜਦੀ ਸੀ, ਦੂਜੇ ਘਰ ਲਈ ਤੰਗ ਜਗ੍ਹਾ ਹੋਣਾ ਕਰਕੇ ਕੋਠਿਆਂ ਉੱਪਰ ਚੁਬਾਰਾ ਪਾ ਲਿਆ ਜਾਂਦਾ ਸੀ। ਨਾਲ ਹੀ ਇਹ ਚੁਬਾਰੇ ਸੱਭਿਆਚਾਰਕ ਦਿੱਖ ਨੂੰ ਵੀ ਨਿਖਾਰਦੇ ਸਨ ਅਤੇ ਚੁਬਾਰੇ ਵਾਲੇ ਘਰ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਸੀ। ਘਰ ਆਏ ਖਾਸ ਮਹਿਮਾਨ ਨੂੰ ਚੁਬਾਰੇ ਵਿੱਚ ਠਹਿਰਾਇਆ ਜਾਂਦਾ ਸੀ। ਇਸ ਤਰ੍ਹਾਂ ਇਹ ਚੁਬਾਰਾ ਜਿੱਥੇ ਪਰਿਵਾਰਕ ਲੋੜ ਨੂੰ ਪੂਰਾ ਕਰਦਾ ਸੀ ਉੱਥੇ ਸੱਭਿਆਚਾਰਕ ਭੁੱਖ ਨੂੰ ਵੀ ਮਿਟਾਉਂਦਾ ਸੀ। ਚੁਬਾਰੇ ਵਾਲੇ ਘਰ ਦਾ ਇੱਕ ਪ੍ਰੇਮੀ ਆਪਣੇ ਘਰ ਦੀ ਪਛਾਣ ਨੂੰ ਪੰਜਾਬੀ ਗੀਤ ਰਾਹੀਂ ਇਸ ਤਰ੍ਹਾਂ ਦੱਸਦਾ ਸੀ:

ਵਿਹੜਾ ਨਿੰਮ ਵਾਲਾ, ਉੱਤੇ ਨੀਂ ਚੁਬਾਰਾ

ਉਹ ਘਰ ਮਿੱਤਰਾਂ ਦਾ।

ਇਸ ਤਰ੍ਹਾਂ ਉਹ ਨੌਜਵਾਨ ਨਾਲੇ ਨਿੰਮ ਦੇ ਰੁੱਖ ਦੀ ਪ੍ਰਸੰਸਾ ਕਰ ਦਿੰਦਾ ਅਤੇ ਨਾਲ ਹੀ ਆਪਣੇ ਘਰ ਦੇ ਚੁਬਾਰੇ ਦੀ। ਪਿੰਡਾਂ ਵਿੱਚ ਚੁਬਾਰਿਆਂ ਦੀ ਜ਼ਰੂਰਤ ਇਸ ਕਰਕੇ ਵੀ ਮਹਿਸੂਸ ਕੀਤੀ ਜਾਂਦੀ ਸੀ ਕਿ ਉਨ੍ਹਾਂ ਦਿਨਾਂ ਵਿੱਚ ਨਾ ਹੀ ਬਿਜਲੀ ਹੁੰਦੀ ਸੀ ਅਤੇ ਨਾ ਹੀ ਬਿਜਲੀ ਨਾਲ ਚੱਲਣ ਵਾਲੇ ਪੱਖੇ, ਬਸ ਲੋਕਾਂ ਨੂੰ ਕੁਦਰਤੀ ਹਵਾ ਲੈਣ ਲਈ ਕੋਠਿਆਂ ’ਤੇ ਹੀ ਪੈਣਾ ਪੈਂਦਾ ਸੀ। ਮੀਂਹ ਕਣੀ ਦੇ ਮੌਕੇ ਵਾਰ ਵਾਰ ਹੇਠਾਂ ਉਤਰਨ ਤੋਂ ਬਚਣ ਲਈ ਮੰਜਿਆਂ ਨੂੰ ਚੁਬਾਰੇ ਅੰਦਰ ਸੌਖਾ ਹੀ ਕਰ ਲਿਆ ਜਾਂਦਾ ਸੀ। ਇਸ ਤਰ੍ਹਾਂ ਇਨ੍ਹਾਂ ਚੁਬਾਰਿਆਂ ਦਾ ਚੰਗਾ ਸੁੱਖ ਮਹਿਸੂਸ ਕੀਤਾ ਜਾਂਦਾ ਸੀ। ਉਂਝ ਵੀ ਜਿਸ ਪਿੰਡ ਵਿੱਚ ਚੰਗੇ ਉੱਚੇ ਚੁਬਾਰੇ ਅਤੇ ਅਟਾਰੀਆਂ ਹੁੰਦੀਆਂ ਸਨ, ਉਸ ਪਿੰਡ ਨੂੰ ਉੱਚੇ ਚੁਬਾਰਿਆਂ ਜਾਂ ਅਟਾਰੀਆਂ ਵਾਲਾ ਪਿੰਡ ਕਹਿ ਕੇ ਦੂਰ-ਦੂਰ ਤੱਕ ਚਰਚਾ ਹੁੰਦੀ ਰਹਿੰਦੀ ਸੀ। ਪਿੰਡਾਂ ਵਿੱਚ ਚੰਗੇ ਪੱਕੇ ਚੁਬਾਰੇ ਦੇਖ ਗ਼ਰੀਬ ਲੋਕ ਵੀ ਆਪਣੇ ਕੋਠਿਆਂ ਉਤੇ ਭਾਵੇਂ ਕੱਚੇ ਹੀ ਸਹੀ ਚੁਬਾਰੇ ਪਾਉਣ ਲੱਗੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਪਿੰਡਾਂ ਦੇ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਤਾਂ ਲੋਕਾਂ ਦਾ ਰੁਝਾਨ ਆਪਣੇ ਪਿੰਡਾਂ ਵਿੱਚ ਚੁਬਾਰੇ ਪਾਉਣ ਵੱਲ ਵਧ ਗਿਆ ਤਾਂ ਹੀ ਇੱਕ ਭਰਜਾਈ ਆਪਣੇ ਕੁਆਰੇ ਦਿਓਰ ਨੂੰ ਕੁਝ ਇਸ ਤਰ੍ਹਾਂ ਕਹਿੰਦੀ ਸੀ:

ਉੱਚੇ ਟਿੱਬੇ ਉਤੇ ਦਿਓਰਾ, ਪਾਊਂਗੀ ਚੁਬਾਰਾ,

ਸੋਹਣਿਆ ਦਿਓਰਾ ਵੇ, ਤੈਨੂੰ ਰੱਖੂੰਗੀ ਕੁਆਰਾ।

ਚੁਬਾਰੇ ਬਣਾਉਣ ਦੇ ਰੁਝਾਨ ਨੇ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਅਜਿਹਾ ਰੰਗਾ ਬੰਨ੍ਹਿਆ ਕਿ ਗੀਤਾਂ, ਨਾਟਕਾਂ, ਨਾਵਲਾਂ, ਕਵਿਤਾਵਾਂ, ਲੋਕ ਗੀਤਾਂ ਅਤੇ ਬੋਲੀਆਂ ਵਿੱਚ ਚੁਬਾਰਿਆਂ ਦਾ ਜ਼ਿਕਰ ਆਮ ਹੀ ਹੋਣ ਲੱਗ ਪਿਆ। ਸਾਹਿਤਕਾਰਾਂ ਨੂੰ ਤਾਂ ਜਿਵੇਂ ਲਿਖਣ ਲਈ ਨਵਾਂ ਹੀ ਕੁਝ ਮਿਲ ਗਿਆ ਹੋਵੇ। ਉਨ੍ਹਾਂ ਨੇ ਸਮਾਜ ਦੇ ਹਰ ਪੱਖ ਨੂੰ ਇਨ੍ਹਾਂ ਚੁਬਾਰਿਆਂ ਨਾਲ ਜੋੜ ਕੇ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਚੁਬਾਰਿਆਂ ਨੂੰ ਇੱਕ ਪਰਿਵਾਰਕ ਲੋੜ ਹੀ ਨਹੀਂ ਸਗੋਂ ਸਮਾਜਿਕ ਅਤੇ ਸੱਭਿਆਚਾਰਕ ਲੋੜ ਦੀ ਨਿਸ਼ਾਨੀ ਬਣਾ ਦਿੱਤਾ। ਜਿਵੇਂ ਇੱਕ ਪੰਜਾਬੀ ਬੋਲੀ ਵਿੱਚ ਕਿਹਾ ਜਾਂਦਾ ਸੀ:

ਮੁੰਡੇ ਮੇਰੇ ਨੇ ਕਰੇਲੇ ਲਿਆਂਦੇ, ਨੂੰਹ ਮੇਰੀ ਨੇ ਤੜਕੇ

ਨੂੰਹ ਸੱਸ ਨੇ ਰਲ ਕੇ ਖਾਧੇ, ਦੇਖ ਚੁਬਾਰੇ ਚੜ੍ਹਕੇ।

ਇੱਥੇ ਹੀ ਬਸ ਨਹੀਂ ਪਿੰਡਾਂ ਦੀਆਂ ਤ੍ਰੀਮਤਾਂ ਜਿਨ੍ਹਾਂ ਨੂੰ ਵੀ ਘਰ ਦੀ ਸੰਭਾਲ ਕਰਨੀ ਪੈਂਦੀ ਸੀ, ਉਹ ਚਾਹੁੰਦੀਆਂ ਸਨ ਕਿ ਹੁਣ ਘਰ ਦੀ ਲੋੜ ਲਈ ਚੁਬਾਰਾ ਪਾਇਆ ਜਾਵੇ ਅਤੇ ਉਹ ਚੁਬਾਰੇ ਲਈ ਜ਼ਿੱਦ ਕਰਦੀਆਂ ਹੋਈਆਂ ਆਨੇ-ਬਹਾਨੇ ਆਪਣੇ ਘਰ ਵਾਲੇ ਨਾਲ ਲੜਦੀਆਂ ਰਹਿੰਦੀਆਂ। ਇਸ ਲਈ ਇੱਕ ਔਰਤ ਆਪਣੇ ਘਰਵਾਲੇ ਨੂੰ ਕਹਿੰਦੀ:

ਪੱਕੀ ਸੜਕ ’ਤੇ ਨਹਿਰ ਕਿਨਾਰੇ ਪੱਕਾ ਚੁਬਾਰਾ ਪਾਉਣਾ

ਰੱਖਣਾ ਜੇ ਤੇਰੀ ਮਰਜ਼ੀ

ਪੇਕੇ ਜਾ ਕੇ ਮੜ੍ਹਕ ਨਾਲ ਆਉਣਾ।

ਗੱਲ ਉਸ ਦੀ ਵੀ ਠੀਕ ਸੀ। ਦੇਸ਼ ਵਿੱਚ ਅਜ਼ਾਦੀ ਆਉਣ ਤੋਂ ਬਾਅਦ ਖਾਸ ਕਰਕੇ ਪੰਜਾਬ ਵਿੱਚ ਸੜਕਾਂ ਅਤੇ ਨਹਿਰਾਂ ਦਾ ਜਾਲ ਵਿੱਛ ਗਿਆ ਸੀ ਅਤੇ ਹਰ ਪਰਿਵਾਰ ਚਾਹੁੰਦਾ ਸੀ ਕਿ ਸੜਕ ’ਤੇ ਜਾ ਕੇ ਚੰਗਾ ਪੱੱਕਾ ਘਰ ਚੁਬਾਰੇ ਵਾਲਾ ਪਾਇਆ ਜਾਵੇ ਤਾਂ ਕਿ ਹਰ ਕੋਈ ਲੰਘਦਾ ਹੋਇਆ ਉਸ ਚੁਬਾਰੇ ਦੀਆਂ ਸਿਫ਼ਤਾਂ ਕਰੇ। ਫਿਰ ਚੁਬਾਰਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਨਿਵੇਕਲਾ ਹੀ ਰੰਗ ਦੇ ਦਿੱਤਾ। ਕੋਈ ਵੀ ਪਿਆਰ ਮੁਹੱਬਤ ਦੀ ਗੱਲ ਹੋਵੇ ਤਾਂ ਗੱਲ ਚੁਬਾਰੇ ਨਾਲ ਜਾ ਜੁੜਦੀ। ਜਵਾਨ ਮੁੰਡੇ ਅਤੇ ਮੁਟਿਆਰਾਂ ਤਾਂ ਚੁਬਾਰਿਆਂ ਨੇ ਜਿਵੇਂ ਕੀਲੇ ਪਏ ਸਨ। ਇਸੇ ਲਈ ਕਿਹਾ ਜਾਂਦਾ ਸੀ:

ਸਾਹਮਣੇ ਚੁਬਾਰੇ ਨੀਂ ਮੈਂ ਖੇਡਾਂ ਗੀਟੀਆਂ

ਗੱਭਰੂ ਜਵਾਨ ਮੁੰਡਾ ਮਾਰੇ ਸੀਟੀਆਂ।

ਇਸੇ ਤਰ੍ਹਾਂ ਜਿਨ੍ਹਾਂ ਮੁਟਿਆਰਾਂ ਦੇ ਪਿੰਡਾਂ ਵਿੱਚ ਵਿਆਹ ਹੋ ਜਾਂਦੇ ਸਨ, ਉਹ ਵੀ ਘਰ ਦੇ ਚੁਬਾਰਿਆਂ ਨੂੰ ਖੂਬ ਪਿਆਰ ਕਰਦੀਆਂ ਅਤੇ ਚੁਬਾਰੇ ਦੀ ਸ਼ਾਨ ਸ਼ੌਕਤ ਦੇ ਗੁਣ ਗਾਉਂਦੀਆਂ ਰਹਿੰਦੀਆਂ, ਪਰ ਪਰਿਵਾਰਾਂ ਵਿੱਚ ਕਿਉਂਕਿ ਟੱਬਰ ਵੱਡੇ ਹੁੰਦੇ ਸਨ ਅਤੇ ਨਵਵਿਆਹੀਆਂ ਆਪਣੇ ਸੱਸ ਸਹੁਰੇ ਦਾ ਖੂਬ ਸਤਿਕਾਰ ਕਰਦੀਆਂ ਸਨ ਅਤੇ ਵੱਡੇ ਹੋਣ ਦੇ ਨਾਤੇ ਉਨ੍ਹਾਂ ਦਾ ਆਖਾ ਮੰਨਣਾ ਅਤੇ ਡਰ ਰੱਖਣਾ ਆਪਣਾ ਫਰਜ਼ ਸਮਝਦੀਆਂ ਸਨ ਤਾਂ ਹੀ ਇਹ ਤੁਕਾਂ ਪੰਜਾਬ ਦੇ ਪਿੰਡਾਂ ਵਿੱਚ ਆਮ ਸੁਣੀਆਂ ਜਾਂਦੀਆਂ ਸਨ:

ਸਾਹਮਣੇ ਚੁਬਾਰੇ ਜਿੱਥੇ ਮਾਹੀ ਵਸਦਾ

ਚਿੱਤ ਕਰੇ ਮਿਲਣੇ ਨੂੰ ਡਰ ਸੱਸ ਦਾ।

ਉਨ੍ਹਾਂ ਦਿਨਾਂ ਵਿੱਚ ਦੇਖਣ ਵਿੱਚ ਆਉਂਦਾ ਸੀ ਕਿ ਪਿੰਡਾਂ ਵਿੱਚ ਬਹੁਤ ਸਾਰੇ ਵਿਅਕਤੀ ਅਜਿਹੇ ਹੁੰਦੇ ਸਨ ਜਿਨ੍ਹਾਂ ਦੇ ਵਿਆਹ ਨਹੀਂ ਸਨ ਹੁੰਦੇ, ਪਰ ਉਹ ਸਮਾਜ ਦੇ ਵਿਸ਼ੇਸ਼ ਅੰਗ ਹੁੰਦੇ ਸਨ ਅਤੇ ਛੜਿਆਂ ਦੇ ਨਾਂ ਨਾਲ ਸਾਰੇ ਪਿੰਡ ਵਿੱਚ ਮਸ਼ਹੂਰ ਹੁੰਦੇ ਸਨ। ਜੇ ਕਿਸੇ ਛੜੇ ਦੇ ਘਰ ਕੋਈ ਚੁਬਾਰਾ ਹੁੰਦਾ ਸੀ ਤਾਂ ਉਸ ਦੀਆਂ ਗੱਲਾਂ ਤਾਂ ਸਾਰਾ ਪਿੰਡ ਹੀ ਕਰਦਾ ਰਹਿੰਦਾ ਸੀ। ਕਈ ਵਾਰ ਆਪਣੇ ਕੰਮ ਧੰਦੇ ਸਦਕਾ ਜਾਂ ਰੋਟੀ ਪਾਣੀ ਦੀ ਖੇਚਲ ਨੂੰ ਸੌਖਾ ਕਰਨ ਲਈ ਦੋ ਜਾਂ ਤਿੰਨ ਛੜੇ ਇਕੱਠੇ ਹੋ ਕੇ ਵੀ ਰਹਿਣ ਲੱਗ ਜਾਂਦੇ ਸਨ ਜੋ ਸਾਡੀ ਸੱਭਿਆਚਾਰ ਰੰਗੀਨੀ ਦਾ ਕਾਰਨ ਬਣਦੇ ਸਨ। ਉਨ੍ਹਾਂ ਬਾਰੇ ਪਿੰਡਾਂ ਦੇ ਗਿੱਧਿਆਂ ਦੇ ਪਿੜਾਂ ਵਿੱਚ ਵੀ ਗੱਲਾਂ ਹੁੰਦੀਆਂ ਅਤੇ ਔਰਤਾਂ ਆਪਣੇ ਮਨ ਪ੍ਰਚਾਵੇ ਲਈ ਛੜਿਆਂ ਬਾਰੇ ਬੋਲੀਆਂ ਨੂੰ ਬਹੁਤ ਹੀ ਉਤਸ਼ਾਹ ਨਾਲ ਗਿੱਧੇ ਦਾ ਸ਼ਿੰਗਾਰ ਬਣਾਉਂਦੀਆਂ:

ਦੋ ਛੜਿਆਂ ਦੀ ਇੱਕ ਢੋਲਕੀ ਰੋਜ਼ ਰਾਤ ਨੂੰ ਖੜਕੇ

ਨੀਂ ਮੇਲਾ ਛੜਿਆਂ ਦਾ ਦੇਖ ਚੁਬਾਰੇ ਚੜ੍ਹਕੇ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਪੇਂਡੂ ਸੱਭਿਆਚਾਰਕ ਜੀਵਨ ਵਿੱਚ ਚੁਬਾਰਿਆਂ ਦੀ ਵਿਸ਼ੇਸ਼ ਮਹੱਤਤਾ ਰਹੀ ਹੈ, ਪਰ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਚੁਬਾਰਿਆਂ ਨੇ ਆਪਣੀ ਹੋਂਦ ਪਰਿਵਾਰਕ ਜਾਂ ਸਮਾਜਿਕ ਜੀਵਨ ਅਤੇ ਪੰਜਾਬੀ ਸੱਭਿਆਚਾਰ ਵਿੱਚ ਹੀ ਨਹੀਂ ਬਣਾਈ ਸਗੋਂ ਇਨ੍ਹਾਂ ਨੇ ਤਾਂ ਪੰਜਾਬੀਆਂ ਦੇ ਧਾਰਮਿਕ ਜੀਵਨ ਨੂੰ ਵੀ ਨਿਵੇਕਲਾ ਬਣਾ ਦਿੱਤਾ ਹੈ। ਸਿੱਖ ਧਰਮ ਵਿੱਚ ਚੁਬਾਰਿਆਂ ਦਾ ਆਮ ਜ਼ਿਕਰ ਮਿਲਦਾ ਹੈ ਅਤੇ ਅਜਿਹੇ ਹੀ ਇੱਕ ਜ਼ਿਕਰ ਦਾ ਵਿਵਰਣ ਸ੍ਰੀ ਗੁਰ ੂ ਅਰਜਨ ਦੇਵ ਜੀ ਦੇ ਜੀਵਨ ਨਾਲ ਸਬੰਧਤ ਮਿਲਦਾ ਹੈ। ਪ੍ਰਸਿੱਧ ਇਤਿਹਾਸਕਾਰ ਪ੍ਰਿੰਸੀਪਲ ਸਤਬਿੀਰ ਸਿੰਘ ਆਪਣੀ ਪੁਸਤਕ ‘ਸਾਡਾ ਇਤਿਹਾਸ’ ਵਿੱਚ ਲਿਖਦੇ ਹਨ ਕਿ ਚੰਦੂ ਲਾਹੌਰ ਦਾ ਦੀਵਾਨ ਸੀ ਜਦੋਂ ਉਸ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਿੱਖ ਗੁਰੂ ਘਰ ਦੀ ਪ੍ਰਸਿੱਧਤਾ ਬਾਰੇ ਸੁਣਿਆ ਤਾਂ ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨ ਲਈ ਪ੍ਰੋਹਤਾਂ ਨੂੰ ਭੇਜਿਆ। ਪ੍ਰੋਹਤਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਚੰਦੂ ਦੀ ਲੜਕੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਤਾਂ ਉਸ ਨੇ ਕਿਹਾ, ‘‘ਪ੍ਰੋਹਤ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ।’’ ਇਹ ਸੁਣ ਕੇ ਸਿੱਖਾਂ ਨੇ ਗੁੱਸਾ ਕੀਤਾ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਿਖਤੀ ਬੇਨਤੀ ਭੇਜੀ ਕਿ ‘‘ਇਸ ਅਹੰਕਾਰੀ ਦਾ ਰਿਸ਼ਤਾ ਨਹੀਂ ਅਪਣਾਉਣਾ।’’ ਪੰਚਮ ਪਾਤਸ਼ਾਹ ਨੇ ਸਿੱਖਾਂ ਦੀ ਬੇਨਤੀ ਮੰਨਦੇ ਹੋਏ ਰਿਸ਼ਤਾ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਚੰਦੂ ਗੁਰੂ ਘਰ ਦਾ ਦੁਸ਼ਮਣ ਬਣ ਗਿਆ ਜੋ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇੱਕ ਕਾਰਨ ਵੀ ਬਣਿਆ। ਇਸ ਤਰ੍ਹਾਂ ਚੰਦੂ ਹੰਕਾਰ ਵਿੱਚ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਦੱਸਣ ਦੀ ਗੁਸਤਾਖੀ ਕਰ ਬੈਠਿਆ। ਇਸ ਤਰ੍ਹਾਂ ਇਹ ਚੁਬਾਰੇ ਵਾਲੀ ਘਟਨਾ ਸਿੱਖ ਇਤਿਹਾਸ ਦਾ ਅਹਿਮ ਪੰਨਾ ਬਣ ਗਈ।

ਇਸ ਤਰ੍ਹਾਂ ਇਨ੍ਹਾਂ ਚੁਬਾਰਿਆਂ ਨੇ ਸਮਾਜ ਦੇ ਕਈ ਮਹੱਤਵਪੂਰਨ ਪਹਿਲੂਆਂ ਦੇ ਨਾਲ ਸਿੱਖ ਇਤਿਹਾਸ ਨੂੰ ਵੀ ਅਣਛੂਹਿਆਂ ਨਹੀਂ ਛੱਡਿਆ। ਅੱਜ ਭਾਵੇਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਡੀਆਂ-ਵੱਡੀਆਂ ਕਈ-ਕਈ ਮੰਜ਼ਿਲਾਂ ਸ਼ਾਨਦਾਰ ਕੋਠੀਆਂ ਬਣ ਗਈਆਂ ਹਨ, ਪਰ ਉਹ ਪੰਜਾਬੀ ਸੱਭਿਆਚਾਰ ਦੇ ਮੁਦਈ ਪੁਰਾਣੇ ਪਿੰਡਾਂ ਦੇ ਚੁਬਾਰਿਆਂ ਦੀ ਥਾਂ ਲੈਣ ਵਿੱਚ ਅਸਫਲ ਰਹੀਆਂ ਹਨ।