ਦੁਨੀਆ ਹਾਲੇ ਵੀ ਦੋਹਰੇ ਮਿਆਰ ਰੱਖਦੀ ਹੈ: ਜੈਸ਼ੰਕਰ

ਦੁਨੀਆ ਹਾਲੇ ਵੀ ਦੋਹਰੇ ਮਿਆਰ ਰੱਖਦੀ ਹੈ: ਜੈਸ਼ੰਕਰ

ਵਿਦੇਸ਼ ਮੰਤਰੀ ਮੁਤਾਬਕ ‘ਬਦਲਾਅ ਦੇ ਦਬਾਅ ਦਾ ਵਿਰੋਧ ਕਰ ਰਹੇ ਨੇ ਪ੍ਰਭਾਵਸ਼ਾਲੀ ਦੇਸ਼’
ਨਿਊਯਾਰਕ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਇਹ ਦੁਨੀਆ ਹਾਲੇ ਵੀ ‘ਦੋਹਰੇ ਮਿਆਰਾਂ’ ਵਾਲੀ ਹੈ ਤੇ ਜੋ ਦੇਸ਼ ਪ੍ਰਭਾਵਸ਼ਾਲੀ ਸਥਿਤੀ ਵਿਚ ਹਨ, ਉਹ ਬਦਲਾਅ ਦੇ ਦਬਾਅ ਦਾ ਵਿਰੋਧ ਕਰ ਰਹੇ ਹਨ ਤੇ ਜਿਹੜੇ ਦੇਸ਼ ਇਤਿਹਾਸਕ ਰੂਪ ਵਿਚ ਪ੍ਰਭਾਵਸ਼ਾਲੀ ਹਨ, ਉਨ੍ਹਾਂ ਆਪਣੀਆਂ ਕਈ ਸਮਰੱਥਾਵਾਂ ਦਾ ਹਥਿਆਰ ਦੇ ਰੂਪ ਵਿਚ ਇਸਤੇਮਾਲ ਕੀਤਾ ਹੈ।’ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ, ਸੰਯੁਕਤ ਰਾਸ਼ਟਰ-ਭਾਰਤ ਤੇ ਰਿਲਾਇੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਅਬਜ਼ਰਵਰ ਰਿਸਰਚ ਫਾਊਂਡੇਸ਼ਨ’ (ਓਆਰਐਫ) ਵੱਲੋਂ ਕਰਵਾਏ ‘ਦੱਖਣ ਦਾ ਉਭਾਰ: ਭਾਈਵਾਲੀਆਂ, ਸੰਸਥਾਵਾਂ ਤੇ ਵਿਚਾਰ’ ਸਿਰਲੇਖ ਵਾਲੇ ਮੰਤਰੀ ਪੱਧਰ ਦੇ ਸੈਸ਼ਨ ਵਿਚ ਸ਼ਨਿਚਰਵਾਰ ਨੂੰ ਇੱਥੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਬਦਲਾਅ ਲਈ ਸਿਆਸੀ ਇੱਛਾ ਸ਼ਕਤੀ ਦੀ ਥਾਂ ਸਿਆਸੀ ਦਬਾਅ ਨੇ ਲਈ ਹੋਈ ਹੈ।’ ਉਨ੍ਹਾਂ ਕਿਹਾ ਕਿ ਦੁਨੀਆ ਵਿਚ ਇਸ ਤਰ੍ਹਾਂ ਦੀ ਭਾਵਨਾ ਵਧ ਰਹੀ ਹੈ ਤੇ ‘ਗਲੋਬਲ ਸਾਊਥ’ ਇਕ ਤਰੀਕੇ ਨਾਲ ਇਸ ਦੀ ਤਰਜਮਾਨੀ ਕਰਦਾ ਹੈ, ਪਰ ਇਸ ਦਾ ਰਾਜਨੀਤਕ ਵਿਰੋਧ ਵੀ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਗਲੋਬਲ ਸਾਊਥ’ ਸ਼ਬਦ ਦਾ ਇਸਤੇਮਾਲ ਉਨ੍ਹਾਂ ਵਿਕਾਸਸ਼ੀਲ ਤੇ ਘੱਟ ਵਿਕਸਤ ਦੇਸ਼ਾਂ ਲਈ ਕੀਤਾ ਜਾਂਦਾ ਹੈ ਜੋ ਮੁੱਖ ਰੂਪ ਵਿਚ ਅਫ਼ਰੀਕਾ, ਏਸ਼ੀਆ ਤੇ ਲਾਤੀਨੀ ਅਮਰੀਕਾ ਵਿਚ ਸਥਿਤ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ, ‘ਜੋ ਦੇਸ਼ ਰਸੂਖ਼ ਰੱਖਦੇ ਹਨ, ਉਹ ਬਦਲਾਅ ਦਾ ਵਿਰੋਧ ਕਰ ਰਹੇ ਹਨ। ਅਸੀਂ ਸਭ ਤੋਂ ਵੱਧ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਵਿਚ ਅਜਿਹਾ ਦੇਖਦੇ ਹਾਂ।’ ਉਨ੍ਹਾਂ ਕਿਹਾ, ‘ਜਿਨ੍ਹਾਂ ਦੀ ਅੱਜ ਆਰਥਿਕ ਸਰਦਾਰੀ ਹੈ, ਉਹ ਆਪਣੀ ਉਤਪਾਦਨ ਸਮਰੱਥਾ ਦਾ ਲਾਭ ਲੈ ਰਹੇ ਹਨ ਤੇ ਜਿਨ੍ਹਾਂ ਦਾ ਸੰਸਥਾਗਤ ਜਾਂ ਇਤਿਹਾਸਕ ਪ੍ਰਭਾਵ ਹੈ, ਉਹ ਵੀ ਆਪਣੀਆਂ ਕਈ ਸਮਰੱਥਾਵਾਂ ਦਾ ਅਸਲ ਵਿਚ ਹਥਿਆਰ ਦੇ ਰੂਪ ’ਚ ਇਸਤੇਮਾਲ ਕਰ ਰਹੇ ਹਨ।’ ਜੈਸ਼ੰਕਰ ਨੇ ਕਿਹਾ, ‘ਉਹ ਗੱਲਾਂ ਤਾਂ ਢੁੱਕਵੀਆਂ ਕਹਿਣਗੇ, ਪਰ ਅੱਜ ਵੀ ਅਸਲੀਅਤ ਇਹ ਹੈ ਕਿ ਇਹ ਬਹੁਤ ਹੱਦ ਤੱਕ ਦੋਹਰੇ ਮਿਆਰਾਂ ਵਾਲੀ ਦੁਨੀਆ ਹੈ।’ ਜੈਸ਼ੰਕਰ ਨੇ ਕਿਹਾ ਕਿ ਇਸ ਸੰਪੂਰਨ ਬਦਲਾਅ ਵਿਚ ਇਕ ਮਾਅਨੇ ਵਿਚ ਸਥਿਤੀ ਇਹ ਹੈ ਕਿ ਜਦ ਗਲੋਬਲ ਸਾਊਥ ਕੌਮਾਂਤਰੀ ਪ੍ਰਣਾਲੀ ਵਿਚ ਵੱਧ ਤੋਂ ਵੱਧ ਦਬਾਅ ਬਣਾ ਰਿਹਾ ਹੈ ਤੇ ਗਲੋਬਲ ਨੌਰਥ…ਨਾ ਕੇਵਲ ਨੌਰਥ, ਬਲਕਿ ਅਜਿਹੇ ਕਈ ਦੇਸ਼ ਇਸ ਬਦਲਾਅ ਨੂੰ ਰੋਕ ਰਹੇ ਹਨ, ਜੋ ਖ਼ੁਦ ਨੂੰ ‘ਨੌਰਥ’ ਦਾ ਹਿੱਸਾ ਨਹੀਂ ਮੰਨਦੇ। ‘ਗਲੋਬਲ ਨੌਰਥ’ ਸ਼ਬਦ ਦਾ ਇਸਤੇਮਾਲ ਵਿਕਸਿਤ ਦੇਸ਼ਾਂ ਲਈ ਕੀਤਾ ਜਾਂਦਾ ਹੈ। ਇਸੇ ਦੌਰਾਨ ਜੈਸ਼ੰਕਰ ਨੇ ਇੱਥੇ ਸ਼ਨਿਚਰਵਾਰ ਨੂੰ ਹੀ ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਤੋਂ ਵੱਖ ‘ਗਲੋਬਲ ਸਾਊਥ ਲਈ ਭਾਰਤ-ਸੰਯੁਕਤ ਰਾਸ਼ਟਰ: ਵਿਕਾਸ ਵਿਚ ਯੋਗਦਾਨ’ ਵਿਸ਼ੇ ਉਤੇ ਕਰਵਾਏ ਗਏ ਇਕ ਸਮਾਗਮ ਵਿਚ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ‘ਚੁਣੌਤੀਪੂਰਨ’ ਸੀ ਕਿਉਂਕਿ ਇਹ ‘ਬਹੁਤ ਤੇਜ਼ੀ’ ਨਾਲ ਵਾਪਰ ਰਹੇ ਪੂਰਬ-ਪੱਛਮ ਧਰੁਵੀਕਰਨ ਤੇ ‘ਬਹੁਤ ਗਹਿਰੀ’ ਉੱਤਰ-ਦੱਖਣ ਦੀ ਵੰਡ ਵਿਚਾਲੇ ਹੋਈ ਹੈ। ਵਿਦੇਸ਼ ਮੰਤਰੀ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਜੀ20 ਦੇ ਨਵੀਂ ਦਿੱਲੀ ਸਿਖ਼ਰ ਸੰਮੇਲਨ ਨੇ ਕੌਮਾਂਤਰੀ ਭਾਈਚਾਰੇ ਲਈ ਨਵੀਆਂ ਸੰਭਾਵਨਾਵਾਂ ਉਤੇ ਵਿਚਾਰ ਕਰਨ ਦੀ ਨੀਂਹ ਰੱਖੀ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਜੀ20 ਦੇ ਸਭ ਤੋਂ ਮਹੱਤਵਪੂਰਨ ਸਿੱਟਿਆਂ ਵਿਚੋਂ ਇਕ ਅਫ਼ਰੀਕੀ ਸੰਘ ਨੂੰ ਮਿਲੀ ਇਸ ਸਮੂਹ ਦੀ ਮੈਂਬਰਸ਼ਿਪ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਡੈਨਿਸ ਫਰਾਂਸਿਸ ਨੇ ਇਸ ਸਮਾਗਮ ਵਿਚ ਕਿਹਾ ਕਿ ਭਾਰਤ ਦੀ ਜੀ20 ਦੀ ਪ੍ਰਧਾਨਗੀ, ਅਫ਼ਰੀਕੀ ਸੰਘ ਨੂੰ ਇਸ ਸਮੂਹ ਵਿਚ ਸ਼ਾਮਲ ਕਰਨ ਨਾਲ ਮੀਲ ਦਾ ਪੱਥਰ ਸਾਬਿਤ ਹੋਈ ਹੈ ਜੋ ਕਿ ਗਲੋਬਲ ਸਾਊਥ ਵਿਚਾਲੇ ਇਕਜੁੱਟਤਾ ਤੇ ਸਹਿਯੋਗ ਦਾ ਸਬੂਤ ਹੈ। ਫਰਾਂਸਿਸ ਨੇ ਇਸ ਮੌਕੇ ਭਾਰਤ ਦੇ ਚੰਦਰਯਾਨ ਮਿਸ਼ਨ ਦੀ ਸਫ਼ਲਤਾ ਦੀ ਵੀ ਸ਼ਲਾਘਾ ਕੀਤੀ।